ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 07 ਜੂਨ 2019: ਪਿਛਲੇ ਦਿਨੀਂ ਫਰੀਦਕੋਟ ਦੇ ਸੀ ਆਈ ਏ ਸਟਾਫ ਚ ਜਸਪਾਲ ਸਿੰਘ ਦੀ ਹੋਈ ਰਹੱਸਮਈ ਮੌਤ ਨਾਲ ਲੋਕਾਂ ਚ ਕਾਫੀ ਰੋਸ ਸੀ। ਜਸਪਾਲ ਦੀ ਮੌਤ ਕਾਰਨ ਉਹਨਾਂ ਦੇ ਪਰਿਵਾਰ ਅਤੇ ਸੰਘਰਸ਼ ਕਮੇਟੀ ਵਲੋਂ ਲਗਾਤਾਰ ਐਸ ਐਸ ਪੀ ਦੇ ਦਫਤਰ ਦੇ ਬਾਹਰ ਧਰਨਾ ਲਗਾਇਆ ਜਾ ਰਿਹਾ ਸੀ। ਜਿਸ ਕਾਰਨ ਸਰਕਾਰੀ ਕੰਮ ਕਾਜ ਚ ਲੋਕਾਂ ਨੂੰ ਵੀ ਤਕਲੀਫ਼ ਹੋ ਰਹੀ ਸੀ।
ਜਸਪਾਲ ਦੀ ਮੌਤ ਤੋਂ ਕੁਝ ਕੁ ਦਿਨ ਬਾਅਦ ਐਕਸ਼ਨ ਕਮੇਟੀ ਨੇ ਇੱਕ ਵਾਰ ਰੋਸ ਮਾਰਚ ਅਤੇ ਇਕ ਵਾਰ ਮੋਮਬੱਤੀ ਮਾਰਚ ਵੀ ਕਢਿਆ ਗਿਆ ਸੀ। ਜਿਸ ਕਾਰਨ ਪ੍ਰਸ਼ਾਸਨ ਨੇ ਧਰਨਾ ਖਤਮ ਕਰਨ ਲਈ ਕਾਫੀ ਕੋਸ਼ਿਸ਼ ਕੀਤੀ ਸੀ ਅਤੇ ਪੁਲਿਸ ਵਲੋਂ ਜਸਪਾਲ ਦੀ ਲਾਸ਼ ਲੱਭਣ ਲਈ ਕਾਫੀ ਕੋਸ਼ਿਸ਼ ਕੀਤੀ ਗਈ ਸੀ। ਪਰ ਅੱਜ ਤੱਕ ਲਾਸ਼ ਨਹੀਂ ਮਿਲੀ ਜਿਸ ਕਾਰਨ ਲਗਾਤਾਰ ਵੱਖੋ ਵੱਖਰੀਆਂ ਜਥੇਬੰਦੀਆਂ ਵਲੋਂ ਰੋਸ ਕੀਤਾ ਜਾ ਰਿਹਾ ਸੀ।
ਅੱਜ ਧਰਨਾ ਕੀਤਾ ਖਤਮ:
ਜਸਪਾਲ ਦੇ ਪਰਿਵਾਰ ਵਲੋਂ ਧਰਨਾ ਸਮਾਪਤ ਕਰਨ ਦਾ ਫੈਸਲਾ ਇਸ ਮਾਮਲੇ ਵਿਚ ਮੁੱਖ ਦੋਸ਼ੀ ਰਣਬੀਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਲਿਆ ਗਿਆ ਹੈ। ਪੁਲਸ ਨੇ ਮੁੱਖ ਮੁਲਜ਼ਮ ਰਣਬੀਰ ਸਿੰਘ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਪਰਿਵਾਰ ਨੂੰ 5 ਲੱਖ ਰੁਪਏ ਦੀ ਮਾਲੀ ਮਦਦ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਹੈ।
ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੀ ਐਕਸ਼ਨ ਕਮੇਟੀ ਨੇ ਪਰਿਵਾਰ ਦੇ ਸਮਝੌਤਾ ਕਰਨ ਵਾਲੇ ਫੈਸਲੇ ਤੋਂ ਖੁਦ ਨੂੰ ਵੱਖ ਕਰ ਲਿਆ ਹੈ। ਐਕਸ਼ਨ ਕਮੇਟੀ ਦਾ ਕਹਿਣਾ ਹੈ ਕਿ ਉਹ ਪਰਿਵਾਰ ਦੇ ਨਾਲ ਹਨ ਪਰ ਸਮਝੌਤਾ ਕਰਨ ਦਾ ਫੈਸਲਾ ਪਰਿਵਾਰ ਦਾ ਆਪਣਾ ਹੈ।