ਪਿੰਡ ਚਨਾਰਥਲ ਕਲਾਂ ਦੇ ਟੋਭੇ ਦੀ ਕਾਇਆ ਕਲਪ ਦਾ ਕੰਮ ਸ਼ੁਰੂ ਕਰਵਾਉਦੇ ਹੋਏ ਸਰਪੰਚ ਜਗਦੀਪ ,ਪਰਮਵੀਰ ਟਿਵਾਣਾ ਅਤੇ ਪਿੰਡ ਵਾਸੀ
ਫ਼ਤਹਿਗੜ੍ਹ ਸਾਹਿਬ, 08 ਜੂਨ (ਦੀਦਾਰ ਗੁਰਨਾ ) ਪੰਜਾਬ ਵਿੱਚੋਂ ਸਭ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤ ਕੇ ਪਿੰਡ ਚਨਾਰਥਲ ਕਲਾਂ ਦੇ ਸਰਪੰਚ ਬਣੇ ਸ. ਜਗਦੀਪ ਸਿੰਘ ਨੰਬਰਦਾਰ ਦੀ ਅਗਵਾਈ ਹੇਠ ਪਿੰਡ ਦੇ ਟੋਭੇ ਦੀ ਕਾਇਆ ਕਲਪ ਕੀਤੇ ਜਾਣ ਤਹਿਤ ਟੋਭੇ ਨੂੰ ਖ਼ਾਲੀ ਕਰਵਾਉਣ ਦਾ ਕੰਮ ਕਰਵਾਇਆ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਸਰਪੰਚ ਜਗਦੀਪ ਸਿੰਘ ਨੰਬਰਦਾਰ ਨੇ ਕਿਹਾ ਕਿ ਲੋਕਾਂ ਵੱਲੋਂ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਨਾ ਤਾਂ ਅਕਾਲੀ ਭਾਜਪਾ ਸਰਕਾਰ ਨੇ ਪਿੰਡ ਦੇ ਟੋਭੇ ਦੀ ਸਮੱਸਿਆ ਹੱਲ ਕਰਨ ਵੱਲ ਕੋਈ ਧਿਆਨ ਦਿੱਤਾ ਤੇ ਨਾ ਹੀ ਪਿੰਡ ਦੀਆਂ ਗਲੀਆਂ ਨਾਲੀਆਂ ਦੀ ਸਾਰ ਲਈ ਦੂਜੇ ਪਾਸੇ ਵਿਧਾਇਕ ਨਾਗਰਾ ਨੇ ਪਹਿਲ ਦੇ ਆਧਾਰ 'ਤੇ ਪਿੰਡ ਦੀਆਂ ਸਾਰੀਆਂ ਗਲੀਆਂ-ਨਾਲੀਆਂ, ਸੜਕਾਂ ਆਦਿ ਦੀ ਸਾਰ ਲਈ, ਉੱਥੇ ਪਿੰਡ ਦੀ ਟੋਭੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਉਪਰਾਲੇ ਕੀਤੇ ਹਨ ਤੇ ਹੁਣ ਟੋਭੇ ਦਾ ਪਾਣੀ ਬਾਹਰ ਕੱਢ ਦਿੱਤਾ ਗਿਆ ਹੈ ਤੇ ਛੇਤੀ ਹੀ ਸੀਚੇਵਾਲ ਮਾਡਲ ਮੁਤਾਬਿਕ ਪ੍ਰੋਜੈਕਟ ਪੂਰਾ ਕਰ ਕੇ ਪਿੰਡ ਦੇ ਟੋਭੇ ਵਿੱਚ ਸਾਫ਼ੀ ਪਾਣੀ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਦੱਸ ਸਾਲ ਅਕਾਲੀ ਦਲ ਨਾਲ ਸਬੰਧਿਤ ਪੰਚਾਇਤਾਂ ਨੇ ਪਿੰਡ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਸ. ਜਗਦੀਪ ਸਿੰਘ ਨੰਬਰਦਾਰ ਨੇ ਕਿਹਾ ਕਿ ਹਲਕਾ ਵਿਧਾਇਕ ਸ. ਨਾਗਰਾ ਦੀ ਅਗਵਾਈ ਵਿੱਚ ਪਿੰਡ ਦਾ ਵਿਕਾਸ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ ਤੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡ ਨੂੰ ਇਕ ਨਮੂਨੇ ਦਾ ਪਿੰਡ ਬਣਾ ਕੇ ਉਭਾਰਿਆ ਜਾਵੇਗਾ।
ਇਸ ਮੌਕੇ ਬਲਾਕ ਸੰਮਤੀ ਮੈਂਬਰ ਲਖਵਿੰਦਰ ਸਿੰਘ ਲੱਖੀਂ, ਸਹਿਕਾਰੀ ਸਭਾ ਦੇ ਪ੍ਰਧਾਨ ਇੰਦਰਪਾਲ ਸਿੰਘ, ਪਰਮਵੀਰ ਸਿੰਘ ਟਿਵਾਣਾ, ਠੇਕੇਦਾਰ ਸਵਰਨਦੀਪ ਸਿੰਘ ਰੀਠਾ,ਸਿੱਮੂ ਟਿਵਾਣਾ ਆਦਿ ਹਾਜ਼ਰ ਸਨ।