ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ ਵੱਲੋਂ ਸਰਹਿੰਦ ਓਵਰਬ੍ਰਿਜ ਹੇਠਾਂ ਰਖਵਾਏ ਕਸੋਰਿਆਂ ਵਿੱਚ ਪਾਣੀ ਪੀਂਦੇ ਪੰਛੀ
ਫ਼ਤਹਿਗੜ੍ਹ ਸਾਹਿਬ, 10 ਜੂਨ :-(ਦੀਦਾਰ ਗੁਰਨਾ ) ਅੱਜ ਜਦੋਂ ਕਿ ਇਨਸਾਨ ਆਪਣੀਆਂ ਨਿੱਜ ਦੀਆਂ ਲੋੜਾਂ ਪੂਰੀਆਂ ਕਰਨ ਲਈ ਨੱਠ ਭੱਜ ਕਰ ਰਿਹਾ ਹੈ ਉੱਥੇ ਹੀ ਸਰਹਿੰਦ ਵਿਖੇ ਰਹਿੰਦੇ ਵਾਤਾਵਰਣ ਪ੍ਰੇਮੀ ਸ਼੍ਰੀ ਹਰਮਨਪ੍ਰੀਤ ਸਿੰਘ ਵੀ ਹਨ ਜੋ ਕਿ ਵੱਖ-ਵੱਖ ਸਮਾਜਿਕ ਗਤੀਵਿਧੀਆਂ ਵਿੱਚ ਤਾਂ ਆਪਣਾ ਵਡਮੁੱਲਾ ਯੋਗਦਾਨ ਪਾ ਹੀ ਰਹੇ ਹਨ ਉੱਥੇ ਹੀ ਉਨ੍ਹਾਂ ਵੱਲੋਂ ਏਨੀ ਤਪਦੀ ਗਰਮੀ ਵਿੱਚ ਪੰਛੀਆਂ ਦੇ ਪਾਣੀ ਪੀਣ ਲਈ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ 'ਤੇ ਮਿੱਟੀ ਦੇ ਕਸੋਰੇ ਰਖਵਾਏ ਗਏ ਹਨ ਜਿੱਥੇ ਕਿ ਸਖ਼ਤ ਗਰਮੀ ਕਾਰਨ ਪੰਛੀ ਪਾਣੀ ਪੀਂਦੇ ਹਨ। ਹਰਮਨਪ੍ਰੀਤ ਸਿੰਘ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਸਟੇਟ ਹਾਈਵੇਅ ਦੇ ਪੁਲਾਂ ਦੇ ਨੀਚੇ, ਸਰਕਾਰੀ ਸਕੂਲਾਂ ਵਿੱਚ, ਸਰਕਾਰੀ ਦਫ਼ਤਰਾਂ ਵਿੱਚ, ਬੱਸ ਸਟੈਂਡ, ਰੇਲਵੇ ਸਟੇਸ਼ਨਾਂ ਅਤੇ ਹੋਰ ਜਨਤਕ ਸਥਾਨਾਂ 'ਤੇ ਅਜਿਹੇ ਕਸੋਰੇ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਦਿਨੋਂ ਦਿਨ ਵੱਧ ਰਿਹਾ ਵਾਤਾਵਰਣ ਪ੍ਰਦੂਸ਼ਣ ਅਤੇ ਦੂਸ਼ਿਤ ਹੁੰਦਾ ਜਾ ਰਿਹਾ ਧਰਤੀ ਹੇਠਲਾ ਪਾਣੀ, ਜੇਕਰ ਇਹ ਸਭ ਕੁਝ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੀਣ ਵਾਲਾ ਪਾਣੀ ਮਿਲਣਾ ਵੀ ਔਖਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਅਤੇ ਵਾਤਾਵਰਣ ਪ੍ਰਦੂਸ਼ਣ ਅਤੇ ਦੂਸ਼ਿਤ ਹੋ ਰਹੇ ਧਰਤੀ ਹੇਠਲੇ ਪਾਣੀ ਨੂੰ ਠੱਲ੍ਹ ਪਾਉਣ ਲਈ ਰਲ ਮਿਲ ਕੇ ਹੰਭਲਾ ਮਾਰਨਾ ਪਵੇਗਾ।
ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ ਨੇ ਪੰਛੀਆਂ ਪ੍ਰਤੀ ਜੋ ਸੰਜੀਦਗੀ ਵਿਖਾਈ ਹੈ ਉਹ ਸਾਡੇ ਸਾਰਿਆਂ ਲਈ ਇੱਕ ਮਿਸਾਲ ਹੈ ਅਤੇ ਉਸ ਦੇ ਇਸ ਉਪਰਾਲੇ ਤੋਂ ਹੋਰਨਾਂ ਲੋਕਾਂ ਸਮੇਤ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ। ਸ਼੍ਰੀ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਅਰਸੇ ਤੋਂ ਜਿੱਥੇ ਵਾਤਾਵਰਣ ਨੂੰ ਬਚਾਉਣ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦਾ ਆ ਰਿਹਾ ਹੈ ਉੱਥੇ ਪ੍ਰਕ੍ਰਿਤੀ ਵਿੱਚ ਰਹਿ ਰਹੇ ਜੀਵ ਜੰਤੂਆਂ ਦੀ ਭਲਾਈ ਲਈ ਵੀ ਬਿਨਾਂ ਕਿਸੇ ਸੁਆਰਥ ਤੋਂ ਸੇਵਾ ਭਾਵਨਾ ਨਾਲ ਕੰਮ ਕਰ ਰਿਹਾ ਹੈ। ਉਸ ਦਾ ਦੱਸਣਾ ਹੈ ਕਿ ਪੰਛੀਆਂ ਦੀ ਹੋਂਦ ਨੂੰ ਬਚਾਉਣ ਲਈ ਲਗਾਤਾਰ ਆਪਣਾ ਯੋਗਦਾਨ ਪਾ ਰਿਹਾ ਹੈ, ਖ਼ਾਸ ਕਰਕੇ ਗਰਮੀਆਂ ਦੇ ਦਿਨਾਂ ਵਿੱਚ ਕੜਕਦੀ ਧੁੱਪ ਵਿੱਚ ਜਿਹੜੇ ਪੰਛੀ ਪਾਣੀ ਦੀ ਤਲਾਸ਼ ਵਿੱਚ ਇੱਧਰ ਊਧਰ ਭਟਕਦੇ ਰਹਿੰਦੇ ਹਨ ਅਤੇ ਕਈ ਵਾਰ ਉਹ ਆਪਣੀ ਜਾਨ ਵੀ ਗੁਆ ਬੈਠਦੇ ਹਨ। ਉਨ੍ਹਾਂ ਲਈ ਪਾਣੀ ਦੇ ਕਸੋਰੇ ਰੱਖਣ ਦਾ ਕੰਮ ਕਰ ਰਿਹਾ ਹੈ। ਅਕਸਰ ਇਨ੍ਹਾਂ ਕਸੋਰਿਆਂ ਵਿੱਚੋਂ ਪੰਛੀ ਆਪਣੀ ਪਿਆਸ ਨੂੰ ਬੁਝਾ ਕੇ ਅਸਮਾਨੀ ਉਡਾਰੀਆਂ ਲਾਉਂਦੇ ਹਨ।