← ਪਿਛੇ ਪਰਤੋ
ਨਵਾਂ ਸ਼ਹਿਰ, 13 ਜੂਨ,2019: ਐਮ ਐਲ ਏ ਅੰਗਦ ਸਿੰਘ ਨੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਅਤੇ ਕਾਰਜਕਾਰੀ ਇੰਜੀਨੀਅਰ ਡਰੇਨੇਜ ਫ਼ਗਵਾੜਾ ਮੰਡਲ ਨੂੰ ਪੱਤਰ ਲਿਖ ਕੇ ਗੜ੍ਹਸ਼ੰਕਰ ਰੋਡ ’ਤੇ ਵਿਸ਼ਾਲ ਮੈਗਾ ਮਾਰਟ ਨੇੜੇ ਪੈਂਦੀ ਬੇਈਂ ਦੀ ਸਫ਼ਾਈ ਲਈ ਆਖਿਆ ਹੈ। ਉਨ੍ਹਾਂ ਨੇ ਨਵਾਂਸ਼ਹਿਰ ਦੀ ਗੜ੍ਹਸ਼ੰਕਰ ਰੋਡ ’ਤੇ ਨਵੇਂ ਬਣੇ ਬਾਈਪਾਸ ਦੇ ਕੋਲ ਪੈਂਦੀ ਇਸ ਬੇਈਂ ਦਾ ਨਿਕਾਸ ਬੰਦ ਹੋਣ ਕਾਰਨ, ਬਰਸਾਤ ਦੇ ਮੌਸਮ ’ਚ ਆਸਪਾਸ ਦੇ ਲੋਕਾਂ ਲਈ ਖਤਰਾ ਬਣਨ ਦਾ ਖਦਸ਼ਾ ਜ਼ਾਹਿਰ ਕਰਦਿਆਂ ਇਸ ਨੂੰ ਤੁਰੰਤ ਸਾਫ਼ ਕਰਵਾਉਣ ਲਈ ਆਖਿਆ ਹੈ। ਵਿਧਾਇਕ ਅਨੁਸਾਰ ਇਸ ਬੇਈਂ ਨੇੜੇ ਪੈਂਦੀ ਵਸੋਂ ਅਤੇ ਦੁਕਾਨਦਾਰ ਬੇਈਂ ’ਚ ਪਾਣੀ ਦਾ ਨਿਕਾਸ ਰਸਤਾ ਬੰਦ ਹੋਣ ਕਾਰਨ ਅਤੇ ਉਪਰੋਂ ਬਰਸਾਤ ਦਾ ਮੌਸਮ ਸ਼ੁਰੂ ਹੋਣ ਕਾਰਨ ਉਨ੍ਹਾਂ ਕੋਲ ਇਸ ਨੂੰ ਖੁਲ੍ਹਵਾਉਣ ਦੀ ਮੰਗ ਲੈ ਕੇ ਪੁੱਜੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਥਿਤੀ ਦਾ ਖੁਦ ਜਾਇਜ਼ਾ ਲੈਣ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਮਹਿਕਮੇ ਨੂੰ ਬਣਦੀ ਕਾਰਵਾਈ ਕਰਨ ਲਈ ਆਖਿਆ ਗਿਆ ਹੈ ਤਾਂ ਜੋ ਬਾਅਦ ’ਚ ਪਾਣੀ ਦੇ ਅਚਾਨਕ ਆਉਣ ਨਾਲ ਲੋਕਾਂ ਦੇ ਜਾਨ-ਮਾਲ ਦਾ ਕੋਈ ਨੁਕਸਾਨ ਨਾ ਹੋਵੇ। ਐਮ ਐਲ ਏ ਅੰਗਦ ਸਿੰਘ ਨੇ ਇਸ ਦੇ ਨਾਲ ਹੀ ਡਰੇਨੇਜ ਮਹਿਕਮੇ ਨੂੰ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਦੇ ਨਾਜ਼ੁਕ ਹਿੱਸਿਆਂ ਦੀ ਵੀ ਮਜ਼ਬੂਤੀ ਲਈ ਆਖਿਆ ਹੈ ਤਾਂ ਜੋ ਬਰਸਾਤਾਂ ਮੌਕੇ ਦਰਿਆ ’ਚ ਪਾਣੀ ਵਧਣ ਕਾਰਨ ਇਸ ਦੇ ਨੇੜੇ ਰਹਿੰਦੇ ਲੋਕਾਂ ’ਤੇ ਖਤਰੇ ਦੀ ਤਲਵਾਰ ਨਾ ਲਟਕੇ।
Total Responses : 928