ਡਿਪਟੀ ਕਮਿਸ਼ਨਰ ਸ਼੍ਰੀ ਪ੍ਰਸ਼ਾਂਤ ਕੁਮਾਰ ਗੋਇਲ ਨਸ਼ਿਆਂ ਦੇ ਖਾਤਮੇ ਲਈ ਜ਼ਿਲ੍ਹੇ ਵਿੱਚ ਚਲਾਈ ਜਾ ਰਹੀ ਡੈਪੋ ਮੁਹਿੰਮ ਸਬੰਧੀ ਜਾਣਕਾਰੀ ਦਿੰਦੇ ਹੋਏ ।
ਫ਼ਤਹਿਗੜ੍ਹ ਸਾਹਿਬ, 19 ਜੂਨ (ਦੀਦਾਰ ਗੁਰਨਾ ) ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਨਸ਼ਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ ਡਰੱਗ ਐਬਿਊਜ਼ ਪ੍ਰੀਵੈਂਸ਼ਨ ਅਫ਼ਸਰ (ਡੈਪੋ) ਮੁਹਿੰਮ ਦੇ ਜ਼ਿਲ੍ਹਾ ਫਤਹਿਗੜ ਸਾਹਿਬ ਵਿੱਚ ਸਾਰਥਕ ਸਿੱਟੇ ਸਾਹਮਣੇ ਆ ਰਹੇ ਹਨ ਤੇ ਜ਼ਿਲ੍ਹੇ ਵਿੱਚ ਨਸ਼ਿਆਂ ਦੇ ਖਾਤਮੇ ਲਈ 21 ਹਜ਼ਾਰ ਤੋਂ ਵੱਧ ਡੈਪੋਜ਼ ਆਪਣਾ ਯੋਗਦਾਨ ਪਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ.ਪ੍ਰਸ਼ਾਂਤ ਕੁਮਾਰ ਗੋਇਲ ਨੇ ਦੱਸਿਆ ਕਿ ਜ਼ਿਲੇ ਦੀਆਂ ਸਬ-ਡਵੀਜਨਾਂ ਵਿੱਚ ਹੁਣ ਤੱਕ 11827 ਡੈਪੋਜ਼ ਰਜਿਸਟਰਡ ਹੋ ਚੁੱਕੇ ਹਨ ਅਤੇ ਜ਼ਿਲ੍ਹਾ ਸਾਂਝ ਕੇਂਦਰ ਫਤਹਿਗੜ੍ਹ ਸਾਹਿਬ ਵੱਲੋਂ 7090 ਡੈਪੋ ਫਾਰਮ ਆਨਲਾਈਨ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰੀਸ਼ਦ ਦੇ 10 ਮੈਂਬਰ, ਪੰਚਾਇਤ ਸੰਮਤੀ ਦੇ 70 ਮੈਂਬਰ, 373 ਸਰਪੰਚ ਅਤੇ 2013 ਪੰਚ ਵੀ ਡੈਪੋ ਬਣੇ ਹਨ ਅਤੇ ਬਾਕੀ ਰਹਿੰਦੇ ਪੰਚਾਂ ਸਰਪੰਚਾਂ ਅਤੇ ਹੋਰ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਡੈਪੋ ਬਣਾਇਆ ਜਾਵੇਗਾ ਤਾਂ ਜੋ ਪਿੰਡ ਪੱਧਰ ਤੇ ਨਸ਼ਿਆਂ ਵਿਰੁੱਧ ਵਿੰਢੀ ਮੁਹਿੰਮ ਨੂੰ ਹੋਰ ਤੇਜ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡੈਪੋ ਮੁਹਿੰਮ ਸਦਕਾ ਨਸ਼ਿਆਂ ਖ਼ਿਲਾਫ਼ ਜੰਗ ਵਿੱਚ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਗਈ ਹੈ। ਇਸ ਤਹਿਤ ਜਿੱਥੇ ਡੈਪੋ ਬਣਨ ਵਾਲਿਆਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕੀਤਾ ਗਿਆ ਹੈ, ਉਥੇ ਇਨ੍ਹਾਂ ਵੱਲੋਂ ਅੱਗੇ ਹੋਰ ਵੀ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕੀਤਾ ਜਾ ਰਿਹਾ ਹੈ। ਜਦੋਂ ਵੀ ਕਿਤੇ ਕਿਸੇ ਡੈਪੋ ਨੂੰ ਨਸ਼ਾ ਪੀੜਤ ਬਾਰੇ ਪਤਾ ਲੱਗਦਾ ਹੈ ਤਾਂ ਉਹ ਨਸ਼ਾ ਪੀੜਤ ਅਤੇ ਉਸ ਦੇ ਪਰਿਵਾਰ ਨੂੰ ਮਿਲਾਪਣੇ ਢੰਗ ਨਾਲ ਸਮਝਾ ਕੇ ਇਲਾਜ ਲਈ ਤਿਆਰ ਕਰਦਾ ਹੈ। ਡਾ.ਗੋਇਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਪੀੜਤਾਂ ਦਾ ਇਲਾਜ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਤੇ ਓਟ ਕਲੀਨਿਕਸ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ਲਈ ਵੱਖ-ਵੱਖ ਥਾਈਂ ਸੈਮੀਨਾਰ ਕਰਵਾਏ ਜਾ ਰਹੇ ਹਨ ਤੇ ਵਰਕਸ਼ਾਪਸ ਲਾਈਆਂ ਜਾ ਰਹੀਆਂ ਹਨ।
ਡਾ.ਗੋਇਲ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ ਅਤੇ ਉਨ੍ਹਾਂ ਪ੍ਰਤੀ ਮਿਲਾਪੜਾ ਰਵੱਈਆ ਅਪਣਾ ਕੇ ਰੱਖਣ ਤਾਂ ਜੋ ਬੱਚੇ ਆਪਣੀ ਹਰ ਗੱਲ ਉਨ੍ਹਾਂ ਨਾਲ ਸਾਂਝੀ ਕਰਨ। ਉਨ੍ਹਾਂ ਕਿਹਾ ਕਿ ਜੇ ਕੋਈ ਇਨਸਾਨ ਨਸ਼ਿਆਂ ਦੀ ਲਪੇਟ ਵਿੱਚ ਆ ਵੀ ਗਿਆ ਹੈ ਤਾਂ ਵੀ ਉਸ ਪ੍ਰਤੀ ਮਿਲਾਪੜਾ ਰਵੱਈਆ ਅਪਣਾ ਕੇ ਉਸ ਨੂੰ ਇਲਾਜ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਹੋਰ ਕਿਹਾ ਕੇ ਸਾਨੂੰ ਜ਼ਿਲ੍ਹੇ ਵਿੱਚ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ ਤਾਂ ਜੋ ਅਸੀ ਨਵੇਂ ਨਿਰੋਏ ਸਮਾਜ ਦੀ ਸਿਰਜਣਾ ਕਰ ਸਕੀਏ।