ਲੁਧਿਆਣਾ 22 ਜੂਨ 2019 - ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 21 ਜੂਨ ਨੂੰ ਵਿਸ਼ਵ ਭਰ 'ਚ ਗਤਕਾ ਦਿਵਸ ਮਨਾ ਕੇ ਯੋਗਾ ਦਿਵਸ ਨੂੰ ਨਕਾਰਦਿਆਂ ਅਪਣੀ ਮਜਬੂਤ ਹਾਜਰੀ ਲਗਵਾਈ ਗਈ। ਲੁਧਿਆਣਾ ਵਿਖੇ ਜਿਲ੍ਹਾ ਪ੍ਰਧਾਨ ਜੱਥੇਦਾਰ ਜਸਵੰਤ ਸਿੰਘ ਚੀਮਾ ਦੀ ਅਗਵਾਈ ਹੇਠ ਗੁਰਦੁਆਰਾ ਸਿੰਘ ਸਭਾ ਸਾਹਿਬ ਸੁਭਾਸ਼ ਨਗਰ ਵਿਖੇ ਗਤਕਾ ਦਿਵਸ ਮਨਾਇਆ ਗਿਆ। ਜਿਸਨੂੰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭੁਪਿੰਦਰ ਸਿੰਘ ਸਮੇਤ ਸਮੁੱਚੀ ਕਮੇਟੀ ਨੇ ਭਰਭੂਰ ਹੁੰਗਾਰਾ ਦਿੱਤਾ।
ਇਸ ਗਤਕਾ ਦਿਵਸ ਵਿੱਚ ਬਾਬਾ ਦੀਪ ਸਿੰਘ ਮਿਸਲ ਸ਼ਹੀਦਾਂ ਗਤਕਾ ਅਖਾੜਾ, ਬਾਬਾ ਬੰਦਾ ਸਿੰਘ ਬਹਾਦਰ ਗਤਕਾ ਅਖਾੜਾ, ਸ਼ਹੀਦ ਬਾਬਾ ਵੀਰ ਸਿੰਘ ਗਤਕਾ ਅਖਾੜਾ, ਬਾਬਾ ਬੱਚਿਤਰ ਸਿੰਘ ਗਤਕਾ ਅਖਾੜਾ ਅਤੇ ਮਾਈ ਭਾਗੋ ਗਤਕਾ ਅਖਾੜਾ ਦੀਆਂ ਟੀਮਾਂ ਨੇ ਭਾਗ ਲੈ ਕੇ ਸਿੱਖਾਂ ਦੀ ਮਾਰਸ਼ਲ ਖੇਡ ਗਤਕਾ ਰਾਹੀਂ ਅਪਣੀ ਕਲਾ ਦੇ ਜੋਹਰ ਦਿਖਾਏ। ਟੀਮਾਂ ਵੱਲੋਂ ਖੇਡੇ ਗਏ ਗਤਕੇ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਹਾਜਰ ਸੰਗਤਾਂ ਦੇ ਰੌਂਗਟੇ ਖੜ੍ਹੇ ਕਰ ਦਿੱਤੇ ਅਤੇ ਹਰ ਇੱਕ ਦਾ ਮੰਨ ਇਸ ਖੇਡ ਨੂੰ ਸਿੱਖਣ ਦਾ ਕੀਤਾ ਤਾਂ ਕਿ ਖੁਦ ਦੇ ਨਾਲ ਨਾਲ ਦੂਜਿਆਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ। ਪਹੁੰਚੀਆਂ ਟੀਮਾਂ ਨੂੰ ਜੱਥੇਦਾਰ ਚੀਮਾ ਅਤੇ ਪ੍ਰਬੰਧਕਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਇਸ ਤੋਂ ਇਲਾਵਾ ਹੋਰਨਾਂ ਮਹਿਮਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੱਥੇਦਾਰ ਚੀਮਾ ਨੇ ਕਿਹਾ ਕਿ ਦੇਸ਼ ਨੂੰ ਵੰਡਣ ਵਾਲੀਆਂ ਹਿੰਦੂਤਵੀ ਤਾਕਤਾਂ ਅੱਜ ਮੋਦੀ ਐਂਡ ਕੰਪਨੀ ਦੀ ਅਗਵਾਈ ਹੇਠ ਘੱਟ ਗਿਣਤੀਆਂ ਨੂੰ ਖਤਮ ਕਰਨ ਤੇ ਤੁਲੀਆਂ ਹਨ ਜਿਸ ਦੀ ਸੁਰੂਆਤ ਘੱਟ ਗਿਣਤੀਆਂ ਨਾਲ ਜੁੜੇ ਮਾਨਮੱਤੇ ਇਤਿਹਾਸਿਕ ਪਹੇਲੂਆਂ ਨੂੰ ਖਤਮ ਕਰਨ ਤੋਂ ਹੋਈ ਹੈ। 21 ਜੂਨ ਨੂੰ ਜੋ ਸਰਕਾਰੀ ਪੈਸੇ ਅਤੇ ਮਸ਼ੀਨਰੀ ਦਾ ਦੁਰਪ੍ਰਯੋਗ ਕਰਕੇ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ ਉਹ ਵੀ ਮੋਦੀ ਐਂਡ ਪਾਰਟੀ ਵੱਲੋਂ ਕੀਤੇ ਛੜਯੰਤਰਾਂ ਦਾ ਇੱਕ ਹਿੱਸਾ ਹੈ। ਜੱਥੇਦਾਰ ਚੀਮਾ ਨੇ ਕਿਹਾ ਕਿ ਸਿੱਖ ਵਿਸਵ ਦੀ ਸੱਭ ਤੋਂ ਬਹਾਦਰ ਕੌਮ ਹੈ ਜਿਸਦਾ ਯੋਗਾ ਵਰਗੀ ਠੰਡੀ ਖੇਡ ਨਾਲ ਦੂਰ ਨੇੜੇ ਦਾ ਕੋਈ ਰਿਸਤਾ ਨਹੀਂ ਹੈ ਫੇਰ ਵੀ ਹੀਲੇ ਵਸੀਲੇ ਸਿੱਖ ਕੌਮ ਨੂੰ ਵੀ ਇਸ ਦਿਨ ਏਹ ਯੋਗਾ ਦਿਵਸ ਮਨਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਅ ਜੋ ਸਿੱਖ ਕੌਮ ਦੀ ਅਗਵਾਈ ਕਰ ਰਿਹਾ ਹੈ ਕਦੋਂ ਇਸ ਛੜਯੰਤਰ ਨੂੰ ਬਰਦਾਸ਼ਤ ਕਰਦਾ।
ਇਸ ਲਈ ਪਾਰਟੀ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਨੇ ਯੋਗਾ ਦਿਵਸ ਦੇ ਬਰਾਬਰ ਵਿਸ਼ਵ ਭਰ ਵਿੱਚ ਗਤਕਾ ਦਿਵਸ ਮਨਾਉਣਾ ਸੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਉਸੇ ਲੜੀ ਤਹਿਤ ਸਾਡੇ ਵੱਲੋਂ ਗਤਕਾ ਦਿਵਸ ਮਨਾਇਆ ਗਿਆ ਜਿਸ ਵਿੱਚ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਿੱਖ ਕੌਮ ਨੇ ਭਾਗ ਲੈ ਕੇ ਏਕਤਾ ਦਾ ਸਬੂਤ ਦਿੱਤਾ। ਉਨ੍ਹਾਂ ਕਿਹਾ ਕਿ ਹਿੰਦੂਤਵੀ ਤਾਕਤਾਂ ਦੀਆਂ ਚਾਲਾਂ ਨੂੰ ਕਦੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਅੱਗੇ ਵੀ 21 ਜੂਨ ਨੂੰ ਗਤਕਾ ਦਿਵਸ ਮਨਾਇਆ ਜਾਂਦਾ ਰਹੇਗਾ। ਇਸ ਮੌਕੇ ਜੱਥੇਦਾਰ ਮਨਜੀਤ ਸਿੰਘ ਸਿਆਲਕੋਟੀ, ਜੱਥੇਦਾਰ ਮੋਹਣ ਸਿੰਘ, ਜੱਥੇਦਾਰ ਹਰਜਿੰਦਰ ਸਿੰਘ, ਜੱਥੇਦਾਰ ਜਸਵਿੰਦਰ ਸਿੰਘ ਖਾਲਸਾ, ਜੱਥੇਦਾਰ ਕੁਲਵੰਤ ਸਿੰਘ ਸਲੇਮਟਾਬਰੀ, ਜੱਥੇਦਾਰ ਸੁਖਚੈਨ ਸਿੰਘ, ਹਰਭਜਨ ਸਿੰਘ ਬਿੱਟੂ, ਪ੍ਰਿਤਪਾਲ ਸਿੰਘ ਰੌੜ, ਸਵਰਨ ਸਿੰਘ ਖਵਾਜਕੇ, ਰੋਸ਼ਨ ਸਿੰਘ ਸਾਗਰ, ਸੁਰਜੀਤ ਸਿੰਘ, ਨਾਜਰ ਸਿੰਘ ਰਾਈਆਂ, ਬਲਵਿੰਦਰ ਸਿੰਘ ਕਟਾਣੀ, ਦਿਲਬਾਗ ਸਿੰਘ ਪ੍ਰਤਾਪਗੜ੍ਹ, ਗੁਰਸੇਵਕ ਸਿੰਘ ਆਨੰਦਪੁਰੀ, ਕਾਬਲ ਸਿੰਘ ਰਾਠੌਰ, ਸਿਮਰਨਜੀਤ ਸਿੰਘ, ਸੁਖਦੀਪ ਸਿੰਘ, ਮਨਪ੍ਰੀਤ ਸਿੰਘ, ਬਾਬਾ ਕੁਲਦੀਪ ਸਿੰਘ ਅਤੇ ਹੋਰ ਹਾਜਰ ਸਨ।