ਚੰਡੀਗੜ੍ਹ, 22 ਜੂਨ 2019 - ਪੰਜਾਬ ਕਲਾ ਪਰਿਸ਼ਦ ਵੱਲੋਂ ‘ਤੇਰੇ ਸਨਮੁੱਖ’ ਪ੍ਰੋਗਰਾਮ ਤਹਿਤ ਪ੍ਰਸਿੱਧ ਗੀਤਕਾਰ ਤੇ ਲੇਖਕ ਸ਼ਮਸ਼ੇਰ ਸੰਧੂ ਅਤੇ ਉੱਘੇ ਕਵੀ ਤੇ ਗੀਤਕਾਰ ਧਰਮ ਕੰਮੇਆਣਾ ਅੱਜ ਪੰਜਾਬ ਕਲਾ ਭਵਨ ਵਿਖੇ ਕਲਾ ਪ੍ਰੇਮੀਆਂ ਤੇ ਸ੍ਰੋਤਿਆਂ ਦੇ ਰੂਬਰੂ ਹੋਏ। ਦੋਵੇਂ ਲੇਖਕਾਂ ਨੇ ਆਪਣੇ ਜੀਵਨ, ਗੀਤ ਤੇ ਸੰਗੀਤ ਕਲਾ ਦੇ ਵੇਰਵੇ ਤੇ ਯਾਦਾਂ ਸ੍ਰੋਤਿਆਂ ਨਾਲ ਸਾਂਝੀਆਂ ਕੀਤੀਆਂ ਜਿਨ੍ਹਾਂ ਨੂੰ ਸ੍ਰੋਤਿਆਂ ਨੇ ਇਕ ਸੁਰ ਹੋ ਕੇ ਸੁਣਿਆ।
ਸ਼ਮਸ਼ੇਰ ਸੰਧੂ ਨੇ ਆਪਣੇ ਗੀਤਕਾਰੀ ਦੇ ਸਫਰ ਉਤੇ ਝਾਤ ਪਾਉਂਦਿਆਂ ਦੱਸਿਆ ਕਿ ਹੁਣ ਤੱਕ 500 ਤੋਂ ਵੱਧ ਗੀਤ ਲਿਖੇ ਹਨ ਜਿਨ੍ਹਾਂ ਨੂੰ 70-72 ਗਾਇਕਾਂ ਨੇ ਗਾਇਆ ਹੈ। ਇਕੱਲੇ ਸੁਰਜੀਤ ਬਿੰਦਰਖੀਆ ਨੇ 154 ਗੀਤ ਗਾਏ ਹਨ। ਹੋਰਨਾਂ ਗਾਇਕਾਂ ਵਿੱਚ ਜਗਮੋਹਨ ਕੌਰ, ਗੁਰਦਾਸ ਮਾਨ, ਹੰਸ ਰਾਜ ਹੰਸ, ਸਰਦੂਲ ਸਿਕੰਦਰ, ਸਰਬਜੀਤ ਕੋਕੇਵਾਲੀ, ਮਨਮੋਹਨ ਵਾਰਿਸ, ਸਰਬਜੀਤ ਚੀਮਾ, ਸਤਵਿੰਦਰ ਬਿੱਟੀ, ਸੁਰਿੰਦਰ ਲਾਡੀ ਆਦਿ ਪ੍ਰਮੁੱਖ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੰਜਾਬੀ ਗਾਇਕੀ ਦੀਆਂ ਨੌਂ ਪੀੜ੍ਹੀਆਂ ਨਾਲ ਵਿਚਰਨ ਦਾ ਮੌਕਾ ਮਿਲਿਆਂ ਜਿਨ੍ਹਾਂ ਬਾਰੇ ਉਹ ਇਕ ਪੁਸਤਕ ਲਿਖ ਰਹੇ ਹਨ ਜਿਸ ਵਿੱਚ ਸਾਰੇ ਗਾਇਕਾਂ ਨਾਲ ਜੁੜੀਆਂ ਦਿਲਚਸਪ ਗੱਲਾਂ ਸ਼ਾਮਲ ਹਨ।ਸ਼ਮਸ਼ੇਰ ਸੰਧੂ ਨੇ ਵੱਖ ਵੱਖ ਗਾਇਕਾਂ ਨਾਲ ਜੁੜੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਸਾਹਿਤਕਾਰਾਂ, ਖਿਡਾਰੀਆਂ ਤੇ ਫ਼ਿਲਮ ਕਲਾਕਾਰਾਂ ਨਾਲ ਜੁੜੀਆਂ ਗੱਲਾਂ ਵੀ ਸੁਣਾਈਆਂ। ਆਪਣੇ ਅਧਿਆਪਨ ਜੀਵਨ ਤੋਂ ਪੱਤਰਕਾਰੀ ਦੇ ਸਫਰ ਬਾਰੇ ਵੀ ਚਾਨਣਾ ਪਾਇਆ।
ਧਰਮ ਕੰਮੇਆਣਾ ਨੇ ਵੀ ਆਪਣੇ ਗੀਤਕਾਰੀ ਦੇ ਸਫਰ ਦੇ ਨਾਲ ਲੇਖਣੀ ਬਾਰੇ ਵੀ ਗੱਲਾਂ ਸਾਂਝਾਂ ਕੀਤੀਆਂ। ਉਨ੍ਹਾਂ ਗੀਤਾਂ ਵਿੱਚ ਲੱਚਰਤਾ, ਨਸ਼ਿਆਂ ਤੇ ਜਾਤ ਵਾਦ ਦੇ ਭਰਮਾਰ ਨੂੰ ਮਾੜਾ ਸ਼ਗਨ ਦੱਸਦਿਆਂ ਕਿਹਾ ਕਿ ਸਾਹਿਤ, ਗੀਤਕਾਰੀ ਦਾ ਸਮਾਜ ਉਪਰ ਸਿੱਧਾ ਅਸਰ ਪੈਂਦਾ ਹੈ। ਉਨ੍ਹਾਂ ਇਸ ਗੱਲ ਉਤੇ ਵੀ ਰੰਜ ਕੀਤਾ ਕਿ ਸਾਹਿਤਕਾਰ ਕਦੇ ਵੀ ਗੀਤਕਾਰਾਂ ਨੂੰ ਸਾਹਿਤ ਦਾ ਹਿੱਸਾ ਨਹੀਂ ਮੰਨਦੇ। ਉਨ੍ਹਾਂ ਕਲਾ ਪਰਿਸ਼ਦ ਦੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ।
ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਬੋਲਦਿਆਂ ਕਿਹਾ ਕਿ ਦੋਵੇਂ ਗੀਤਕਾਰਾਂ ਕੋਲ ਪੰਜਾਬੀ ਸੰਗੀਤ ਤੇ ਕਲਾ ਬਾਰੇ ਇੰਨੀ ਭਰਪੂਰ ਜਾਣਕਾਰੀ ਹੈ, ਜਿਸ ਨੂੰ ਸਾਂਭਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦਾ ਲੋਕ ਸੰਗੀਤਕ ਵਿਰਸਾ ਇੰਨਾ ਅਮੀਰ ਹੈ ਕਿ ਇਸ ਉਤੇ ਹਮੇਸ਼ਾ ਮਾਣ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਭ ਤੋਂ ਵੱਧ ਗਾਉਣ ਵਾਲੀ ਧਰਤੀ ਹੈ। ਉਨ੍ਹਾਂ ਕਿਹਾ ਕਿ ਸਾਡੀ ਧਰਤੀ ਉਤੇ ਸੰਗੀਤ ਦਾ ਦਰਿਆ ਸਦਾ ਵਗਦਾ ਹੈ।ਉਨ੍ਹਾਂ ਕਿਹਾ ਕਿ ਸ਼ਮਸ਼ੇਰ ਸੰਧੂ ਸਾਹਿਤਕਾਰਾਂ ਤੇ ਗਾਇਕਾਂ ਵਿਚਾਲੇ ਪੁੱਲ ਦਾ ਕੰਮ ਕਰਦਾ ਹੈ। ਧਰਮ ਕੰਮੇਆਣਾ ਦੇ ਗੀਤ ਲੋਕ ਗੀਤਾਂ ਦਾ ਭਾਵ ਪਾਉਂਦੇ ਹਨ।
ਇਸ ਮੌਕੇ ਫ਼ਿਲਮ ਕਲਾਕਾਰ ਵਿਜੇ ਟੰਡਨ ਨੇ ਬੋਲਦਿਆਂ ਕਿਹਾ ਕਿ ਸ਼ਮਸ਼ੇਰ ਸੰਧੂ ਨੇ ਆਪਣੇ ਮੁਹੱਬਤੀ ਸੁਭਾਅ ਕਰਕੇ ਫ਼ਿਲਮ ਲਾਈਨ ਦੇ ਕਲਾਕਾਰਾਂ ਨੂੰ ਆਪਸ ਵਿੱਚ ਜੋੜ ਕੇ ਰੱਖਿਆ। ਉਨ੍ਹਾਂ ਕਿਹਾ ਕਿ ਅੱਜ ਦੀ ਮਹਿਫ਼ਲ ਸੰਗੀਤ ਤੇ ਸਾਹਿਤ ਦੇ ਸੁਮੇਲ ਵਾਲੀ ਹੈ ਜਿਸ ਨੂੰ ਸਰੋਤੇ ਲੰਬਾ ਸਮਾਂ ਯਾਦ ਰੱਖਣਗੇ।ਇਸ ਤੋਂ ਪਹਿਲਾ ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਦੋਵੇਂ ਗੀਤਕਾਰਾਂ ਦੀ ਕਲਾ ਤੇ ਸਖਸ਼ੀਅਤ ਬਾਰੇ ਚਾਨਣਾ ਪਾਇਆ।
ਸਮਾਗਮ ਦੀ ਪ੍ਰਧਾਨਗੀ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਕੀਤੀ ਜਿਨ੍ਹਾਂ ਨੇ ਦੋਵੇਂ ਮਹਿਮਾਨ ਗੀਤਕਾਰਾਂ ਨੂੰ ਪਰਿਸ਼ਦ ਵੱਲੋਂ ਫੁੱਲਾਂ ਦੇ ਗੁਲਦੁਸਤੇ, ਫੁਲਕਾਰੀ ਤੇ ਕਿਤਾਬਾਂ ਦੇ ਸੈੱਟ ਨਾਲ ਸਨਮਾਨਤ ਕੀਤਾ। ਉੱਘੇ ਫ਼ਿਲਮ ਕਲਾਕਾਰ ਵਿਜੇ ਟੰਡਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦਾ ਮੰਚ ਸੰਚਾਲਨ ਨਿੰਦਰ ਘੁਗਿਆਣਵੀ ਨੇ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸ਼ਮਸ਼ੇਰ ਸੰਧੂ ਦਾ ਲਿਖਿਆ ਗੀਤ ‘ਪੇਕੇ ਹੁੰਦੇ ਮਾਂਵਾਂ ਨਾਲ’ ਨੌਜਵਾਨ ਗਾਇਕ ਗੁਰਿੰਦਰ ਗੈਰੀ ਨੇ ਗਾ ਕੇ ਸ੍ਰੋਤਿਆਂ ਨੂੰ ਭਾਵੁਕ ਕੀਤਾ।ਇਸੇ ਤਰ੍ਹਾਂ ਉੱਭਰਦੇ ਗਾਇਕ ਰਾਵੀ ਬੱਲ ਨੇ ਧਰਮ ਕੰਮੇਆਣਾ ਦਾ ਲਿਖਿਆ ਗੀਤ ‘ਤੂੰ ਗੜਵਾ ਮੈਂ ਤੇਰੀ ਡੋਰ ਵੇ ਮਾਹੀਆ’ ਗਾ ਕੇ ਮਾਹੌਲ ਨੂੰ ਸੰਗੀਤਕ ਕੀਤਾ।
ਇਸ ਮੌਕੇ ਕੈਪਟਨ ਨਰਿੰਦਰ ਸਿੰਘ, ਆਈ ਏ ਐਸ, ਸਰਦਾਰਾ ਸਿੰਘ ਚੀਮਾ, ਦਵਿੰਦਰ ਦਮਨ, ਜਸਵੰਤ ਦਮਨ, ਮਲਕੀਤ ਰੌਣੀ, ਪ੍ਰੀਤਮ ਰੁਪਾਲ, ਮੌਦਗਿੱਲ, ਹਰਜੀਤ ਨਾਗਰਾ, ਨਵਦੀਪ ਸਿੰਘ ਗਿੱਲ, ਸੁਖਮਿੰਦਰ ਗੱਜਣਵਾਲਾ, ਐਡਵੋਕੇਟ ਕੁਲਬੀਰ ਸੇਖੋਂ, ਸ਼ਾਮ ਸਿੰਘ ਅੰਗ ਸੰਗ, ਜਸਵੀਰ ਸਮਰ, ਸੁਰਿੰਦਰ ਸਿੰਘ ਗਰੋਆ, ਗਾਇਕ ਕੁਲਬੀਰ, ਸਰਬਜੀਤ ਵਿਰਦੀ, ਕਰਨਲ ਧਨੋਆ, ਐਡਵੋਕੇਟ ਪੀ ਐਸ ਗਿੱਲ, ਐਡਵੋਕੇਟ ਇੰਦਰਜੀਤ ਬਰਾੜ, ਅਵਤਾਰ ਭੰਵਰਾ ਆਦਿ ਹਾਜ਼ਰ ਸਨ।