ਵਿਧਾਇਕ ਕੁਲਜੀਤ ਸਿੰਘ ਨਾਗਰਾ ਸੜਕ ਦੀ ਕੀਤੀ ਗਈ ਕਾਇਆ ਕਲਪ ਬਾਰੇ ਜਾਣਕਾਰੀ ਦਿੰਦੇ ਹੋਏ।
ਫ਼ਤਹਿਗੜ੍ਹ ਸਾਹਿਬ, 23 ਜੂਨ (ਦੀਦਾਰ ਗੁਰਨਾ ) ਸ਼ਹੀਦਾਂ ਦੀ ਮਹਾਨ ਧਰਤੀ ਫਤਹਿਗੜ੍ਹ ਸਾਹਿਬ ਨੂੰ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ ਅਤੇ ਵਿਕਾਸ ਕੰਮਾਂ ਵਿੱਚ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਧੁੱਪਛੇੜੀ ਤੋਂ ਮੰਡੋਫਲ-ਅੱਤੇਵਾਲੀ -ਮਹੱਦੀਆਂ ਤੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ ਦੀ 04.5 ਕਿਲੋਮੀਟਰ ਸੜਕ ਦੀ 01 ਕਰੋੜ 35 ਲੱਖ 42 ਹਜ਼ਾਰ ਦੀ ਲਾਗਤ ਨਾਲ ਕੀਤੀ ਗਈ ਕਾਇਆ ਕਲਪ ਬਾਰੇ ਜਾਣਕਾਰੀ ਦਿੰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਇਹ ਸੜਕ ਪਹਿਲਾਂ 10 ਫੁੱਟ ਚੌੜੀ ਸੀ ਤੇ ਹੁਣ ਇਸ ਨੂੰ 18 ਫੁੱਟ ਚੌੜਾ ਕੀਤਾ ਗਿਆ ਹੈ। ਇਸ ਦੇ ਨਾਲ ਨਾਲ ਇਸ ਸੜਕ ਉਤੇ ਹੰਸਲਾ ਨਦੀ ਦੀ ਪੁਲੀ ਨੂੰ ਉਚਾ ਚੁੱਕ ਕੇ 30 ਫੁੱਟ ਚੌੜਾ ਕੀਤਾ ਗਿਆ ਹੈ ਜਿਸ ਸਦਕਾ ਬਰਸਾਤਾਂ ਦੌਰਾਨ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਬਰਸਾਤਾਂ ਦੌਰਾਨ ਇਹ ਸੜਕ, ਨਦੀ ਦੇ ਪਾਣੀ ਵਿੱਚ ਡੁੱਬ ਜਾਂਦੀ ਸੀ ਤੇ ਪਿੰਡਾਂ ਦੇ ਲੋਕ ਇਥੋਂ ਲੰਘਣ ਲਈ ਇਥੇ ਤਰਾਲੀਆਂ ਖੜ੍ਹੀਆਂ ਕਰਿਆ ਕਰਦੇ ਸਨ ਪਰ ਹੁਣ ਨਵੀਂ ਪੁਲੀ ਦੇ ਨਿਰਮਾਣ ਸਦਕਾ ਇਹ ਸਮੱਸਿਆ ਹੱਲ ਹੋ ਗਈ ਹੈ।
ਵਿਧਾਇਕ ਨਾਗਰਾ ਨੇ ਦੱਸਿਆ ਉਕਤ ਸੜਕ ਦੀ ਕਾਇਆ ਕਲਪ ਸਦਕਾ ਜਿਥੇ ਇਸ ਸੜਕ ਨਾਲ ਜੁੜੇ ਪਿੰਡਾਂ ਦੇ ਲੋਕਾਂ ਨੂੰ ਸਹੂਲਤ ਮਿਲੀ ਹੈ, ਉਥੇ ਸ਼ਹੀਦੀ ਸਭਾ ਦੌਰਾਨ ਵੀ ਇਹ ਸੜਕ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਜਾਣ ਵਾਲੀ ਸੰਗਤ ਲਈ ਬਦਲਵੇਂ ਰੂਟ ਦਾ ਕੰਮ ਕਰੇਗੀ ਤੇ ਸ਼ਹੀਦੀ ਸਭਾ ਦੌਰਾਨ ਟਰੈਫਿਕ ਸਬੰਧੀ ਮੁਸ਼ਕਲਾਂ ਨਹੀਂ ਆਉਣਗੀਆਂ। ਵਿਧਾਇਕ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੋਲ ਸ਼ਹੀਦੀ ਸਭਾ 2018 ਮੌਕੇ ਉਨ੍ਹਾਂ ਨੇ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਨੂੰ ਲਿੰਕ ਕਰਦੀਆਂ ਸਾਰੀਆਂ ਸੜਕਾਂ ਦਾ ਨਵ ਨਿਰਮਾਣ ਤੇ ਸੜਕਾਂ ਚੌੜੀਆਂ ਕਰਵਾਉਣ ਦੀ ਮੰਗ ਰੱਖੀ ਸੀ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਮੌਕੇ ’ਤੇ ਹੀ ਇਹ ਮੰਗ ਪ੍ਰਵਾਨ ਕੀਤੀ ਸੀ। ਇਸੇ ਤਹਿਤ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੱਕ ਆਉਂਦੀਆਂ ਸਾਰੀਆਂ ਸੜਕਾਂ ਨੂੰ ਚੌੜਾ ਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਪਹਿਲਾਂ 10 ਸਾਲ ਇਸ ਹਲਕੇ ਦੇ ਵਿਕਾਸ ਵੱਲ ਉਕਾ ਧਿਆਨ ਨਹੀਂ ਦਿੱਤਾ ਗਿਆ ਜਦੋਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਧਰਤੀ ਦੇ ਵਿਕਾਸ ਲਈ ਕਈ ਅਹਿਮ ਪ੍ਰੋਜੈਕਟ ਪਾਸ ਕੀਤੇ ਹਨ ਤੇ ਵੱਡੀ ਗਿਣਤੀ ਪ੍ਰੋਜੈਕਟਾਂ ’ਤੇ ਕੰਮ ਜੰਗੀ ਪੱਧਰ ’ਤੇ ਜਾਰੀ ਹੈ।