ਜਲੰਧਰ, 24 ਜੂਨ 2019: ਦੇਸ਼ ਭਗਤ ਯਾਦਗਾਰ ਹਾਲ ‘ਚ ਚੱਲ ਰਹੇ ਸਾਲਾਨਾ ਸਿਖਿਆਰਥੀ ਚੇਤਨਾ ਕੈਂਪ ਦੇ ਦੂਜੇ ਦਿਨ ਇੰਸਟੀਚੀਊਟ ਆਫ਼ ਮੈਨੇਜ਼ਮੈਂਟ, ਗੋਆ ਦੇ ਪ੍ਰੋ. ਆਨੰਦ ਤੈਲਤੁੰਬੜੇ ਨੇ ‘ਵਰਤਮਾਨ ਹਾਲਾਤ ਅਤੇ ਫਾਸ਼ੀਵਾਦ‘ ਵਿਸ਼ੇ ਉਪਰ ਬੋਲਦਿਆਂ ਕਿਹਾ ਕਿ ਦੇਸ਼ ਭਰ ਦੇ ਦਲਿਤ ਭਾਈਚਾਰੇ ਨੂੰ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਡਾ.ਭੀਮ ਰਾਓ ਅੰਬੇਦਕਰ ਜੋ ਕੁੱਝ ਸਮੂਹ ਪੀੜਤ ਵਰਗ ਲਈ ਕਰਨਾ ਚਾਹੁੰਦੇ ਸੀ ਉਹ ਕੁੱਝ ਵੀ ਨਹੀਂ ਹੋਇਆ। ਉਹਨਾਂ ਕਿਹਾ ਕਿ ਭਾਰਤੀ ਸੰਵਿਧਾਨ ਦੀ ਆੜ ਵਿੱਚ ਖਾਸ ਕਰਕੇ ਦਲਿਤ ਵਰਗ ਨੂੰ ਦੇਸ਼ ਦੀਆਂ ਹਾਕਮ ਜਮਾਤਾਂ ਗ਼ੁਲਾਮੀ ਦੇ ਸੰਗਲਾਂ ‘ਚ ਨੂੜਕੇ ਰੱਖ ਰਹੀਆਂ ਹਨ। ਉਹਨਾਂ ਨੂੰ ਆਪਣੀ ਤਕਦੀਰ ਖ਼ੁਦ ਲਿਖਣ ਲਈ ਨਵੇਂ ਰਾਹ ਤੁਰਨਾ ਹੋਏਗਾ।
ਉਹਨਾਂ ਕਿਹਾ ਕਿ 1965, ਤੱਕ ਡਾ.ਅੰਬੇਦਕਰ ਦਾ ਹਾਕਮ ਜਮਾਤਾਂ ਨੇ ਨਾਮ ਤੱਕ ਨਹੀਂ ਲਿਆ। ਜਦੋਂ ਦਲਿਤ ਵਰਗ ਜਾਗਰੂਕ ਹੋ ਕੇ ਆਪਣੀ ਮੁਕਤੀ ਲਈ ਮੈਦਾਨ ‘ਚ ਆ ਰਿਹਾ ਹੈ ਤਾਂ ਹੁਕਮਰਾਨਾ ਨੂੰ ਅੰਬੇਦਕਰ ਦੀ ਮਜ਼ਬੂਰਨ ਯਾਦ ਆ ਰਹੀ ਹੈ।
ਡਾ.ਆਨੰਦ ਤੈਲਤੁੰਬੜੇ ਨੇ ਕਿਹਾ ਕਿ ਵੀਰ ਸਾਵਰਕਰ ਵਰਗੇ ਜੋ ਅੰਗਰੇਜ਼ ਹਾਕਮਾਂ ਤੋਂ ਲਿਖਤੀ ਮੁਆਫ਼ੀਨਾਮੇ ਮੰਗਦੇ ਰਹੇ ਉਹਨਾਂ ਨੂੰ ਭਾਜਪਾ ਮਹਾਂ ਦੇਸ਼ ਭਗਤ ਬਣਾ ਕੇ ਪੇਸ਼ ਕਰ ਰਹੀ ਹੈ। ਜੋ ਬੁੱਧੀਜੀਵੀ ਅਤੇ ਲੋਕ-ਹਿੱਤੂ ਸੰਘਰਸ਼ਸ਼ੀਲ ਕਾਮੇ ਲੋਕਾਂ ਦੀ ਗੱਲ ਕਰਦੇ ਹਨ, ਉਹਨਾਂ ਨੂੰ ਦੇਸ਼-ਧ੍ਰੋਹੀ ਕਿਹਾ ਜਾ ਰਿਹਾ ਹੈ।
ਡਾ.ਤੈਲਤੁੰਬੜੇ ਨੇ ਕਿਹਾ ਕਿ ਫ਼ਿਰਕੂ ਫਾਸ਼ੀਪੁਣੇ ਦੀ ਚੁਣੌਤੀ ਦਾ ਟਾਕਰਾ ਚੇਤਨ ਲੋਕ-ਸ਼ਕਤੀ ਨਾਲ ਕੀਤਾ ਜਾ ਸਕਦਾ ਹੈ। ਸਮਾਜ ਅੱਗੇ ਅਜੇਹਾ ਕਰਨ ਤੋਂ ਬਿਨਾਂ ਹੋਰ ਕੋਈ ਰਾਹ ਹੈ ਵੀ ਨਹੀਂ।
ਉਹਨਾਂ ਕਿਹਾ ਕਿ ਮਹਾਤਮਾ ਗਾਂਧੀ ਨੂੰ ਜਿਵੇਂ ਮਹਾਤਮਾ ਅਤੇ ਅਹਿੰਸਾ ਦੇ ਪੁੰਜ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਮੂੰਹ ਬੋਲਦੀ ਇਤਿਹਾਸਕ ਸਚਾਈ ਇਸ ਤੋਂ ਕੋਹਾਂ ਦੂਰ ਹੈ। ਮਹਾਤਮਾ ਗਾਂਧੀ ਨੇ ਬਰਤਾਨਵੀ ਸਾਮਰਾਜੀ ਹਿੱਤਾਂ ਦੀ ਪੂਰਤੀ ਕਰਦੀ ਹਿੰਸਕ ਜੰਗ ਦੇ ਹਿੱਤ ਵਿੱਚ ਪੂਰਾ ਯੋਗਦਾਨ ਪਾਇਆ।
ਇਸ ਤਰ੍ਹਾਂ ਹੀ ਜਵਾਹਰ ਲਾਲ ਨਹਿਰੂ ਨੂੰ ਸਮਾਜਵਾਦ ਦੇ ਚਿੰਨ੍ਹ ਵਜੋਂ ਪੇਸ਼ ਕਰਨਾ ਵੀ ਇਤਿਹਾਸਕ ਹਕੀਕਤਾਂ ਨਾਲ ਮੇਲ ਨਹੀਂ ਖਾਂਦਾ।
ਉਹਨਾਂ ਕਿਹਾ ਕਿ ਸੈਕੂਲੇਰਿਜ਼ਮ ਦਾ ਮਤਲਬ ਹੈ ਧਰਮ, ਕਰਮ ਦੀਆਂ ਗੱਲਾਂ ਜਾਤੀ, ਪਰਿਵਾਰਕ ਹੱਦਾਂ ‘ਚ ਰਹਿੰਦੀਆਂ ਨੇ ਇਹਨਾਂ ਨੂੰ ਰਾਜ ਨਾਲ ਕਦਾਚਿਤ ਵੀ ਨਹੀਂ ਜੋੜਿਆ ਜਾਂਦਾ। ਸੰਵਿਧਾਨ ‘ਚ ਸੈਕੂਲਰ ਸ਼ਬਦ ਹੈ ਹੀ ਨਹੀਂ। ਮੁਲਕ ਦੀਆਂ ਵੰਨ-ਸੁਵੰਨੀਆਂ ਹਾਕਮ ਪਾਰਟੀਆਂ, ਧਰਮ ਦੀ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਵਰਤੋਂ ਕਰਦੀਆਂ ਹਨ। ਸੈਕੂਲੇਰਿਜ਼ਮ ਕਿੱਥੇ ਹੈ?
ਉਹਨਾਂ ਕਿਹਾ ਕਿ ਮੋਦੀ ਸਰਕਾਰ ਕੋਲ ਲੋਕ-ਪੱਖੀ ਕੋਈ ਅਜੰਡਾ ਨਹੀਂ। ਅਖੌਤੀ ਰਾਸ਼ਟਰਵਾਦ ਅਤੇ ਦੇਸ਼-ਭਗਤੀ ਦੇ ਕੂੜ-ਪ੍ਰਚਾਰ ਸਹਾਰੇ ਦੂਜੀ ਵਾਰ ਗੱਦੀ ‘ਤੇ ਬਿਰਾਜ਼ਮਾਨ ਹੋ ਕੇ ਇਹ ਹਕੂਮਤ ਲੋਕਾਂ ਲਈ ਹਿਟਲਰ-ਮਸੋਲੀਨੀ ਮਾਰਕਾ ਹੱਲਾ ਲੈ ਕੇ ਆ ਰਹੀ ਹੈ; ਜਿਸਦਾ ਸਿਰ ਜੋੜਕੇ ਹੀ ਮੁਕਾਬਲਾ ਕੀਤਾ ਜਾ ਸਕਦਾ ਹੈ।
ਪ੍ਰੋ. ਆਨੰਦ ਤੈਲਤੁੰਬੜੇ ਦਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਪੁਸਤਕਾਂ ਦੇ ਸੈਟ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਜੀ ਆਇਆਂ ਆਖਦਿਆਂ ਚੇਤਨਾ ਕੈਂਪ ਦੇ ਮਨੋਰਥ ਦਾ ਖੁਲਾਸਾ ਕੀਤਾ।
ਕਮੇਟੀ ਦੇ ਸਹਾਇਕ ਸਕੱਤਰ ਡਾ.ਪਰਮਿੰਦਰ ਸਿੰਘ ਨੇ ਕਿਹਾ ਕਿ ਵਰਤਮਾਨ ਸਮੇਂ ਅੰਦਰ ਸਿਰ ‘ਤੇ ਖੜ੍ਹੇ ਫਾਸ਼ੀਵਾਦ ਦੇ ਹੱਲੇ ਦਾ ਵਿਆਪਕ ਜਨਤਕ ਸ਼ਮੂਲੀਅਤ ਨਾਲ ਕਿਵੇਂ ਟਾਕਰਾ ਕੀਤਾ ਜਾਵੇ ਇਸ ‘ਤੇ ਅਮਲ ਕਰਨ ਦਾ ਸੰਜੀਦਾ ਆਧਾਰ ਸਿਰਜ ਰਹੀ ਹੈ, ਅੱਜ ਦੀ ਵਿਚਾਰ-ਚਰਚਾ।
ਸਿਖਿਆਰਥੀਆਂ ਨੇ ਜਾਤ-ਪਾਤ, ਜਮਾਤ, ਜਮਾਤੀ ਅਤੇ ਸਮਾਜਕ ਸੰਗਰਾਮ, ਮੋਦੀ ਹਕੂਮਤ ਦੁਆਰਾ ਸਤਾ ‘ਚ ਆਉਣ ‘ਤੇ ਬਣੇ ਹਾਲਾਤ ਕਾਰਨ ਦਲਿਤ, ਮੁਸਲਮਾਨ, ਸਿੱਖ ਭਾਈਚਾਰੇ, ਤਰਕਸ਼ੀਲਾਂ, ਵਿਗਿਆਨੀਆਂ, ਜਮਹੂਰੀ ਕਾਮਿਆਂ, ਲੇਖਕਾਂ, ਰੰਗ ਕਰਮੀਆਂ, ਬੁੱਧੀਜੀਵੀਆਂ ਅਤੇ ਲੋਕ ਹੱਕਾਂ ਲਈ ਜੂਝਦੇ ਸੰਗਰਾਮੀਆਂ ਲਈ ਬਣੀਆਂ ਚੁਣੌਤੀ ਭਰੀਆਂ ਹਾਲਤਾਂ ਬਾਰੇ ਸੁਆਲ ਪੁੱਛੇ ਜਿਹਨਾਂ ਦਾ ਡਾ.ਤੈਲਤੁੰਬੜੇ ਨੇ ਬਹੁਤ ਹੀ ਸਾਰਥਕ ਜਵਾਬ ਦਿੱਤਾ।
ਸਿਖਿਆਰਥੀਆਂ ਨੂੰ ਸਨਮਾਨ-ਪੱਤਰਾਂ, ਪੁਸਤਕਾਂ ਅਤੇ ‘ਗ਼ਦਰੀ ਗੂੰਜ‘ ਸੀ.ਡੀ. ਨਾਲ ਸਨਮਾਨਤ ਕੀਤਾ ਗਿਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਚੇਤਨਾ ਕੈਂਪ ਦਾ ਮੰਚ ਸੰਚਾਲਨ ਕੀਤਾ।
ਸਿਖਿਆਰਥੀਆਂ ਨਾਲ ਖਚਾ-ਖਚ ਭਰੇ ਹਾਲ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਅੱਜ ਜਦੋਂ ਇੱਕ ਬੰਨੇ ਪੰਜਾਬ ਦੀ ਜੁਆਨੀ ਨੂੰ ਨਸ਼ਿਆਂ, ਲੜਾਈ-ਝਗੜੇ ਅਤੇ ਬਦੇਸ਼ਾਂ ਵੱਲ ਦੌੜਨ ਲਈ ਖਿੱਚਿਆ ਜਾ ਰਿਹਾ ਹੈ, ਅਜੇਹੇ ਹਾਲਾਤ ਅੰਦਰ ਪੰਜਾਬ ਭਰ ਤੋਂ ਚੜ੍ਹਦੀ ਉਮਰ ਦੇ ਮੁੰਡਿਆਂ-ਕੁੜੀਆਂ ਦਾ ਚੇਤਨਾ ਕੈਂਪ ‘ਚ ਪੂਰੀ ਗਹਿਰ ਗੰਭੀਰਤਾ ਨਾਲ ਸ਼ਾਮਲ ਹੋਣਾ ਉਤਸ਼ਾਹਜਨਕ ਅਤੇ ਆਸ਼ਾ ਭਰਿਆ ਵਰਤਾਰਾ ਹੈ।
ਕੈਂਪ ਦੀ ਸਮਾਪਤੀ ‘ਤੇ ਕਮੇਟੀ ਦੇ ਪ੍ਰਧਾਨ ਕਾ. ਗੁਰਮੀਤ ਸਿੰਘ ਢੱਡਾ ਨੇ ਆਏ ਸਮੂਹ ਸਿਖਿਆਰਥੀਆਂ, ਪ੍ਰਬੰਧਕਾ, ਟਰੱਸਟੀਆਂ ਅਤੇ ਹੋਰਨਾਂ ਦਾ ਸਧਾਰਨ ਸ਼ਬਦਾਂ ਵਿੱਚ ਧੰਨਵਾਦ ਕੀਤਾ।