ਨਵਾਂ ਸ਼ਹਿਰ, 24 ਜੂਨ, 2019: ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਵਲੋਂ ਪ੍ਰਵਾਸੀ ਭਾਰਤੀਆਂ ਨੂੰ ਆਪਣੇ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਆਪਣੇ ਪੱਧਰ `ਤੇ ਉਨ੍ਹਾਂ ਨੂੰ ਸਮਾਰਟ ਸਕੂਲਾਂ `ਚ ਤਬਦੀਲ ਕਰਨ ਦੇ ਪ੍ਰਵਾਸੀ ਭਾਰਤੀਆਂ ਪਾਸੋਂ ਮੰਗੇ ਸਹਿਯੋਗ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ, ਜਿਸ ਤਹਿਤ ਜ਼ਿਲ੍ਹੇ ਦੇ ਹੁਣ ਤੱਕ ਬਣਾਏ ਗਏ 96 ਪ੍ਰਾਇਮਰੀ ਸਮਾਰਟ ਸਕੂਲਾਂ `ਚੋਂ 81 ਲਈ ਐਨ.ਆਰ.ਆਈ. ਵਲੋਂ ਯੋਗਦਾਨ ਦਿੱਤਾ ਗਿਆ ਹੈ।
ਇਸ ਅੱਜ ਇੱਥੇ ਜ਼ਿਲ੍ਹਾ ਸਿਖਿਆ ਵਿਕਾਸ ਕਮੇਟੀ ਦੀ ਮੀਟਿੰਗ ਦੌਰਾਨ ਜ਼ਿਲ੍ਹਾ ਸਿਖਿਆ ਅਫ਼ਸਰ (ਐਲੀਮੈਟਰੀ) ਕੋਮਲ ਚੋਪੜਾ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪ੍ਰਵਾਸੀ ਭਾਰਤੀਆਂ ਵਲੋਂ ਡਿਪਟੀ ਕਮਿਸ਼ਨਰ ਦੀ ਅਪੀਲ `ਤੇ 1.19 ਕਰੋੜ ਦੀ ਰਾਸ਼ੀ ਦਾ ਯੋਗਦਾਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਦੀ ਪਹਿਲਕਦਮੀ `ਤੇ ਹੀ 31 ਹੋਰ ਪ੍ਰਾਇਮਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਪੀ.ਐਫ਼.ਆਰ. ਤਹਿਤ ਉਦਯੋਗਿਕ ਇਕਾਈਆਂ ਵਲੋਂ ਮੱਦਦ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ 15 ਅੱਪਰ ਪ੍ਰਾਇਮਰੀ ਸਕੂਲਾਂ ਨੂੰ ਵੀ ਲੋਕਾਂ ਦੀ ਸਹਾਇਤਾ ਨਾਲ ਸਮਾਰਟ ਸਕੂਲ ਬਣਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਪ੍ਰਵਾਸੀ ਭਾਰਤੀਆਂ ਵਲੋਂ ਸਰਕਾਰੀ ਸਕੂਲਾਂ ਦੀ ਮੱਦਦ ਲਈ ਅੱਗੇ ਆਉਣ ਦੀ ਭਰਵੀਂ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀ ਸੰਸਾਰ ਦੇ ਚਾਹੇ ਕਿਸੇ ਵੀ ਕੋਨੇ `ਚ ਜਾ ਵਸਣ, ਪਰ ਉਨ੍ਹਾਂ ਦੇ ਮਨ ਵਿੱਚ ਆਪਣੀ ਮਿੱਟੀ ਪ੍ਰਤੀ ਮੋਹ ਹਮੇਸ਼ਾ ਕਾਇਮ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਵਲੋਂ ਆਪੋ ਆਪਣੇ ਇਲਾਕੇ ਦੇ ਇਨ੍ਹਾਂ ਸਕੂਲਾਂ ਦੇ ਸੁਧਾਰ ਲਈ ਦਿੱਤਾ ਗਿਆ ਯੋਗਦਾਨ ਹੋਰਨਾਂ ਲਈ ਵੀ ਪ੍ਰੇਰਨਾ ਸ੍ਰੋਤ ਬਣੇਗਾ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਰਾਸ਼ਟਰੀ ਪੋਸ਼ਣ ਮੁਹਿੰਮ ਅਤੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਸਕੂਲਾਂ ਚ ਵਿਦਿਆਰਥਣਾਂ ਦੇ ਜਨਮ ਦਿਨ ਵਿਸ਼ੇਸ਼ ਤੌਰ ਤੇ ਮਨਾਏ ਜਾਣ, ਮਾਦਾ ਭਰੂਣ ਹਤਿੱਆ ਵਿਰੁੱਧ ਜਾਗਰੂਕ ਕਰਨ, ਲੇਖ ਤੇ ਹੋਰ ਮੁਕਾਬਲੇ ਕਰਵਾਉਣ, ਪੌਦੇ ਲਗਵਾਉਣ ਜਿਹੀਆਂ ਗਤੀਵਿਧੀਆਂ ਉਲੀਕੇ ਜਾਣ ਦੀ ਪ੍ਰਸ਼ੰਸਾ ਕਰਦਿਆਂ ਇਸ ਨੂੰ ਜ਼ਮੀਨੀ ਪੱਧਰ ਤੱਕ ਲਾਗੂ ਕਰਨ ਲਈ ਆਖਿਆ।