ਜ਼ਿਲਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ, ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ, ਬ੍ਰਾਹਮਣ ਮਾਜਰਾ (ਸਰਹਿੰਦ) ਵਿਖੇ ਵੱਖ-ਵੱਖ ਵਾਰਡਾਂ ਦਾ ਦੌਰਾ ਕਰਦੇ ਹੋਏ।
ਫ਼ਤਿਹਗੜ ਸਾਹਿਬ, 25 ਜੂਨ (ਦੀਦਾਰ ਗੁਰਨਾ ) ਨਸ਼ਿਆਂ ਦੀ ਬੁਰੀ ਆਦਤ ਵਿੱਚ ਫਸੇ ਨੌਜਵਾਨ ਨਸ਼ਿਆਂ ਨੂੰ ਤਿਆਗ ਕੇ ਆਪਣੀ ਨਵੀਂ ਜ਼ਿੰਦਗੀ ਜਿਊਣ ਨੂੰ ਤਰਜ਼ੀਹ ਦੇਣ, ਪੰਜਾਬ ਸਰਕਾਰ ਉਹਨਾਂ ਦੇ ਮੁੜ ਵਸੇਬੇ ਲਈ ਪੂਰੀ ਤਰਾਂ ਯਤਨਸ਼ੀਲ ਹੈ। ਕਿਉਂÎਕਿ ਨਸ਼ਾ ਇਨਸਾਨ ਦੀ ਜ਼ਿੰਦਗੀ ਨੂੰ ਬਰਬਾਦ ਹੀ ਨਹੀਂ ਕਰਦਾ ਸਗੋਂ ਉਸ ਨੂੰ ਆਰਥਿਕ ਤੇ ਸਮਾਜਿਕ ਪੱਖੋਂ ਵੀ ਵੱਡੀ ਢਾਹ ਲਾਉਂਦਾ ਹੈ। ਇਹ ਪ੍ਰਗਟਾਵਾ ਜ਼ਿਲਾ ਪੁਲਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਐੱਸ.ਪੀ. (ਡੀ) ਹਰਪਾਲ ਸਿੰਘ ਤੇ ਡੀ.ਐੱਸ.ਪੀ. (ਹੈ/ਕੁ) ਹਰਦੀਪ ਸਿੰਘ ਬਡੂੰਗਰ ਨੂੰ ਨਾਲ ਲੈ ਕੇ ਬ੍ਰਾਹਮਣ ਮਾਜਰਾ (ਸਰਹਿੰਦ) ਸਥਿਤ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ, ਓਟ ਕਲੀਨਿਕ ਅਤੇ ਜ਼ਿਲਾ ਹਸਪਤਾਲ ਫ਼ਤਿਹਗੜ ਸਾਹਿਬ ਸਥਿਤ ਮਨੋਚਿਕਿਤਸਕ ਤੇ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕਰਨ ਸਮੇਂ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।
ਸ਼੍ਰੀਮਤੀ ਕੌਂਡਲ ਨੇ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਵਿੱਚ ਬਣਾਏ ਗਏ ਵੱਖ-ਵੱਖ ਵਾਰਡਾਂ ਦਾ ਦੌਰਾ ਕੀਤਾ ਅਤੇ ਫ਼ਤਿਹਗੜ ਸਾਹਿਬ ਸਮੇਤ ਹੋਰਨਾਂ ਜ਼ਿਲਿਆਂ ਤੋਂ ਵੀ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਅਤੇ ਨਸ਼ਾ ਪੀੜਤਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਨਸ਼ੇ ਤਿਆਗ ਕੇ ਮੁੜ ਤੋਂ ਆਪਣੀ ਜ਼ਿੰਦਗੀ ਦਾ ਨਵਾਂ ਸਫਰ ਸ਼ੁਰੂ ਕਰਨ ਦੀ ਸਲਾਹ ਦਿੱਤੀ ਤਾਂ ਜੋ ਉਹ ਅਤੇ ਉਨ੍ਹਾਂ ਦਾ ਪਰਿਵਾਰ ਵੀ ਖੁਸ਼ਹਾਲੀ ਵਾਲੀ ਜ਼ਿੰਦਗੀ ਜੀਅ ਸਕੇ। ਉਨ੍ਹਾਂ ਭੈੜੀ ਸੰਗਤ ਨੂੰ ਛੱਡਣ ਦੀ ਸਲਾਹ ਦਿੰਦਿਆਂ ਚੰਗੇ ਗੁਣਾਂ ਦੇ ਧਾਰਨੀ ਬਣਨ ਦੀ ਪ੍ਰੇਰਨਾ ਵੀ ਦਿੱਤੀ। ਸ਼੍ਰੀਮਤੀ ਕੌਂਡਲ ਨੇ ਦੱਸਿਆ ਕਿ ਜ਼ਿਲਾ ਪੁਲਿਸ ਨਸ਼ਿਆਂ ਦੇ ਸੌਦਾਗਰਾਂ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ ਅਤੇ ਕਿਸੇ ਵੀ ਕੀਮਤ 'ਤੇ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਨਾ ਹੀ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦੀ ਆਗਿਆ ਦਿੱਤੀ ਜਾਵੇਗੀ। ਇਸ ਮੌਕੇ ਦਾਖਲ ਮਰੀਜਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਦਵਾਈ ਆਦਿ ਬਾਰੇ ਵੀ ਵਿਸਥਾਰ ਪੂਰਬਕ ਜਾਣਕਾਰੀ ਹਾਸਲ ਕੀਤੀ, ਜਿਸ 'ਤੇ ਮਰੀਜ਼ਾਂ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਨਸ਼ਾ ਪੀੜਤਾਂ ਵੱਲੋਂ ਤਹੱਈਆ ਕੀਤਾ ਗਿਆ ਕਿ ਉਹ ਨਸ਼ਿਆਂ ਨੂੰ ਤਿਆਗ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਨਗੇ ਅਤੇ ਮੁੜ ਤੋਂ ਭੈੜੀ ਸੰਗਤ ਵਿੱਚ ਨਹੀਂ ਪੈਣਗੇ।
ਇਸ ਉਪਰੰਤ ਸ਼੍ਰੀਮਤੀ ਕੌਂਡਲ ਨੇ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਵਿੱਚ ਓਟ ਕਲੀਨਿਕ ਦਾ ਦੌਰਾ ਕੀਤਾ ਅਤੇ ਓਟ ਕਲੀਨਿਕ ਵਿੱਚ ਨਸ਼ਾ ਛੱਡਣ ਲਈ ਆਉਣ ਵਾਲੇ ਮਰੀਜਾਂ ਨੂੰ ਦਿੱਤੀ ਜਾਣ ਵਾਲੀ ਦਵਾਈ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਵਿੱਚ ਲਗਾਏ ਗਏ ਸੀ.ਸੀ.ਟੀ.ਵੀ. ਕੈਮਰਿਆਂ ਦੀ ਸਮੱਖਿਆ ਵੀ ਕੀਤੀ ਅਤੇ ਇਨ੍ਹਾਂ ਵਿੱਚ ਵਾਧਾ ਕਰਨ ਦੀ ਹਦਾਇਤ ਵੀ ਦਿੱਤੀ। ਇਸ ਉਪਰੰਤ ਸ਼੍ਰੀਮਤੀ ਕੌਂਡਲ ਨੇ ਜ਼ਿਲਾ ਹਸਪਤਾਲ ਵਿਖੇ ਸਥਿਤ ਮਨੋਚਿਕਿਤਸਕ ਤੇ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਵੀ ਕੀਤਾ। ਉਨ੍ਹਾਂ ਇਸ ਮੌਕੇ ਜ਼ਿਲਾ ਕਾਊਂਸਲਿੰਗ ਸੈਲ ਦੇ ਨਾਲ-ਨਾਲ ਵੱਖ-ਵੱਖ ਵਾਰਡਾਂ ਦਾ ਦੌਰਾ ਕੀਤਾ ਅਤੇ ਨਸ਼ਿਆਂ ਦੀ ਲਤ ਵਿੱਚ ਫਸੇ ਵਿਅਕਤੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਉਹਨਾਂ ਨੂੰ ਨਸ਼ੇ ਛੱਡਣ ਦੀ ਪ੍ਰੇਰਨਾ ਦਿੱਤੀ।
ਇਸ ਮੌਕੇ ਮਾਨਸਿਕ ਰੋਗਾਂ ਦੇ ਮਾਹਰ ਡਾ. ਪ੍ਰੀਤਜੋਤ ਕੌਰ ਨੇ ਜ਼ਿਲਾ ਪੁਲਸ ਮੁਖੀ ਨੂੰ ਦੱਸਿਆ ਕਿ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਵਿੱਚ ਨÎਸ਼ਿਆਂ ਦੀ ਲਤ ਵਿੱਚ ਫਸੇ ਵਿਅਕਤੀਆਂ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ । ਉਨ੍ਹਾਂ ਅੱਗੇ ਦੱਸਿਆ ਕਿ ਜਿਲ੍ਹੇ ਵਿੱਚ 7 ਓਟ ਕਲੀਨਿਕ ਚਲਾਏ ਜਾ ਰਹੇ ਹਨ ਜਿਥੇ ਕਿ ਨਸ਼ਾ ਪੀੜਤ ਵਿਅਕਤੀਆਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਹੋਣ ਦੀ ਲੋੜ ਨਹੀਂ ਪੈਂਦੀ। ਸਿਵਲ ਸਰਜਨ ਡਾ. ਸਿਮਰਨਜੀਤ ਕੌਰ ਨੇ ਨਸ਼ੇ ਦੀ ਲਤ ਵਿੱਚ ਫਸੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਜਿਲ੍ਹੇ ਵਿੱਚ ਓਟ ਕਲੀਨਿਕਾਂ ਰਾਹੀਂ ਆਪਣੇ ਇਲਾਜ ਕਰਵਾਉਣ ਨੂੰ ਤਰਜ਼ੀਹ ਦੇਣ ਤਾਂ ਜੋ ਉਹ ਨਸ਼ੇ ਤਿਆਗ ਸਕਣ। ਇਸ ਮੌਕੇ ਮਾਨਸਿਕ ਰੋਗਾਂ ਦੇ ਮਾਹਰ ਡਾ. ਮਨਪ੍ਰੀਤ ਸਿੰਘ, ਡਾ. ਜਸਬੀਰ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਗਦੀਸ਼ ਸਿੰਘ, ਐਸ. ਐਮ. ਓ. ਡਾ. ਤਰਸੇਮ ਖੁਰਾਣਾ, ਕਾਊਂਸਲਰ ਅਰਵਿੰਦਰ ਸਿੰਘ ਅਤੇ ਵਿਕਰਮਜੀਤ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।