ਜ਼ਿਲ੍ਹਾ ਪੁਲੀਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨਸ਼ਿਆਂ ਖ਼ਿਲਾਫ਼ ਕੱਢੀ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ।
ਫ਼ਤਹਿਗੜ੍ਹ ਸਾਹਿਬ, 26 ਜੂਨ(ਦੀਦਾਰ ਗੁਰਨਾ ) ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਜਿੱਥੇ ਪੁਲੀਸ ਵੱਲੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਇਸ ਮੁਹਿੰਮ ਦੀ ਸਫ਼ਲਤਾ ਲਈ ਸਮਾਜ ਦੇ ਹਰ ਇੱਕ ਮੈਂਬਰ ਦਾ ਯੋਗਦਾਨ ਵੀ ਅਹਿਮ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਪੁਲੀਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਕੌਮਾਂਤਰੀ ਨਸ਼ਾਖੋਰੀ ਤੇ ਤਸਕਰੀ ਵਿਰੋਧੀ ਦਿਵਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਪਹਿਲਾਂ ਸੰਬੋਧਨ ਕਰਦਿਆਂ ਕੀਤਾ। ਜੋਤੀ ਸਰੂਪ ਮੋੜਾਂ ਵਿਖੇ ਰੈਲੀ ਦੀ ਸਮਾਪਤੀ ਉਪਰੰਤ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨਾਲ ਸਬੰਧਤ ਇੱਕ ਨਸ਼ਾ ਪੀੜਤ ਨੇ ਨਸ਼ੇ ਛੱਡਣ ਦਾ ਅਹਿਦ ਕੀਤਾ, ਜਿਸ ਨੂੰ ਪੁਲੀਸ ਵੱਲੋਂ ਸਰਕਾਰੀ ਨਸ਼ਾ ਛੁਡਾਊ ਕੇਂਦਰ, ਫ਼ਤਹਿਗੜ੍ਹ ਸਾਹਿਬ ਵਿਖੇ ਲਿਜਾਇਆ ਗਿਆ।
ਇਸ ਤੋਂ ਪਹਿਲਾਂ ਰੈਲੀ ਵਿੱਚ ਸ਼ਾਮਲ ਪੁਲੀਸ ਤੇ ਸਾਂਝ ਕੇਂਦਰਾਂ ਦੇ ਮੁਲਾਜ਼ਮਾਂ, ਡੈਪੋ ਬਣੇ ਪੰਚਾਂ ਤੇ ਸਰਪੰਚਾਂ, ਟੈਕਸੀ ਯੂਨੀਅਨਾਂ ਦੇ ਮੈਂਬਰਾਂ, ਗਾਰਡੀਅਨਜ਼ ਆਫ਼ ਗਵਰਨੈਂਸ (ਜੀ.ਓ.ਜੀਜ਼) ਤੇ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਪੀੜਤਾਂ ਦੇ ਇਲਾਜ ਲਈ ਸਰਕਾਰੀ ਨਸ਼ਾ ਛੁਡਾਊ ਕੇਂਦਰ, ਮੁੜ ਵਸੇਬਾ ਕੇਂਦਰ ਅਤੇ ਓਟ ਕਲੀਨਿਕ ਚਲਾਏ ਜਾ ਰਹੇ ਹਨ, ਜਿਥੇ ਨਸ਼ਾ ਪੀੜਤਾਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਲਈ ਜੇਕਰ ਕਿਸੇ ਨੂੰ ਵੀ ਕਿਸੇ ਨਸ਼ਾ ਪੀੜਤ ਬਾਰੇ ਪਤਾ ਲੱਗਦਾ ਹੈ ਤਾਂ ਨਸ਼ਾ ਪੀੜਤ ਤੇ ਉਸ ਦੇ ਪਰਿਵਾਰ ਨਾਲ ਗੱਲ ਕਰ ਕੇ ਨਸ਼ਾ ਪੀੜਤ ਨੂੰ ਇਲਾਜ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
ਸ਼੍ਰੀਮਤੀ ਕੌਂਡਲ ਨੇ ਕਿਹਾ ਕਿ ਜੇਕਰ ਕਿਸੇ ਨਸ਼ਾ ਤਸਕਰ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਸਿੱਧੀ ਉਨ੍ਹਾਂ ਨਾਲ ਜਾਂ ਪੁਲੀਸ ਦੇ ਹੋਰਨਾਂ ਸੀਨੀਅਰ ਅਧਿਕਾਰੀਆਂ ਨਾਲ ਸਾਂਝੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਕਾਨੂੰਨ ਮੁਤਾਬਕ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀਮਤੀ ਕੌਂਡਲ ਨੇ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਪੁਲੀਸ ਵੱਲੋਂ 12 ਜੂਨ 2019 ਤੋਂ ਲੈ ਕੇ 25 ਜੂਨ 2019 ਤੱਕ ਨਸ਼ਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ ਤੇ ਇਸ ਦੌਰਾਨ ਐਨਡੀਪੀਐਸ ਐਕਟ ਸਬੰਧੀ 09 ਕੇਸ ਦਰਜ ਕੀਤੇ ਗਏ ਤੇ 09 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ। ਇਸ ਮੁਹਿੰਮ ਦੌਰਾਨ 34 ਕਿਲੋ ਭੁੱਕੀ, 43 ਟੀਕੇ, ਨਸ਼ੀਲੀ ਦਵਾਈ ਦੀਆਂ 45 ਬੋਤਲਾਂ, 300 ਨਸ਼ੀਲੀਆਂ ਗੋਲੀਆਂ ਅਤੇ 15 ਕਿਲੋ ਗਾਂਜਾ ਬਰਾਮਦ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਪਿੰਡਾਂ, ਸ਼ਹਿਰਾਂ ਤੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਵਿੱਚ 110 ਜਾਗਰੂਕਤਾ ਮੀਟਿੰਗਾਂ ਕੀਤੀਆਂ ਗਈਆਂ। ਸਾਰੇ ਥਾਣਾ ਮੁਖੀਆਂ, ਪੁਲੀਸ ਦੇ ਸੀਨੀਅਰ ਅਧਿਕਾਰੀਆਂ ਅਤੇ ਸਟਾਫ਼ ਮੈਂਬਰਾਂ ਨੇ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਨਸ਼ਿਆਂ ਸਬੰਧੀ ਜਾਗਰੂਕਤਾ ਲਈ ਵੱਖ ਵੱਖ ਥਾਈਂ ਬੈਨਰ ਲਾਏ ਗਏ ਤੇ ਬੈਨਰਾਂ 'ਤੇ ਪੁਲੀਸ ਹੈਲਪਲਾਈਨ ਨੰਬਰ ਵੀ ਪ੍ਰਕਾਸ਼ਤ ਕੀਤੇ ਗਏ।ਇਹ ਮੀਟਿੰਗਾਂ ਕਰਵਾਉਣ ਵਿੱਚ ਸਾਂਝ ਕੇਂਦਰਾਂ ਨੇ ਵੀ ਅਹਿਮ ਭੂਮਿਕਾ ਨਿਭਾਈ।
ਲੋਕਾਂ ਨਾਲ ਕੀਤੀਆਂ ਮੀਟਿੰਗਾਂ ਵਿੱਚ ਡੈਪੋਜ਼, ਜੀਓਜੀਜ਼ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਐਸਟੀਐਫ ਦੇ ਸੀਨੀਅਰ ਅਧਿਕਾਰੀ ਵੀ ਖਮਾਣੋਂ ਸਬ ਡਿਵੀਜ਼ਨ ਵਿੱਚ ਕੀਤੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਏ। ਇਸ ਦੇ ਨਾਲ ਨਾਲ ਉਨ੍ਹਾਂ ਵੱਲੋਂ ਖੁਦ ਅਤੇ ਹੋਰਨਾਂ ਸੀਨੀਅਰ ਅਧਿਕਾਰੀਆਂ ਵੱਲੋਂ ਜ਼ਿਲ੍ਹੇ ਵਿਚਲੇ ਨਸ਼ਾ ਛੁਡਾਊ ਕੇਂਦਰਾਂ, ਮੁੜ ਵਸੇਬਾ ਕੇਂਦਰਾਂ ਤੇ ਓਟ ਕਲੀਨਿਕਸ ਦੇ ਵੀ ਦੌਰੇ ਕੀਤੇ ਗਏ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਲੈ ਕੇ ਜੋਤੀ ਸਰੂਪ ਮੋੜਾਂ ਤੱਕ ਕੱਢੀ ਇਸ ਜਾਗਰੂਕਤਾ ਰੈਲੀ ਦੀ ਅਗਵਾਈ ਖ਼ੁਦ ਸ਼੍ਰੀਮਤੀ ਅਮਨੀਤ ਕੌਂਡਲ ਨੇ ਕੀਤੀ ਅਤੇ ਰੈਲੀ ਦੀ ਸਮਾਪਤੀ ਵਾਲੀ ਥਾਂ 'ਤੇ ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਵਾਹਨਾਂ 'ਤੇ ਨਸ਼ਾ ਵਿਰੁੱਧ ਜਾਗਰੂਕਤਾ ਸਬੰਧੀ ਸਟਿਕਰ ਲਾਏ ਗਏ। ਇਸ ਥਾਂ 'ਤੇ ਪੁਲੀਸ ਵੱਲੋਂ ਠੰਢੇ ਮਿੱਠੇ ਪਾਣੀ ਦੀ ਛਬੀਲ ਵੀ ਲਾਈ ਗਈ। ਇਸ ਮੌਕੇ ਐਸ.ਪੀ. (ਜਾਂਚ) ਸ. ਹਰਪਾਲ ਸਿੰਘ, ਐਸ.ਪੀ. ਸ਼੍ਰੀ ਦਿਗਵਿਜੈ ਕਪਿਲ, ਡੀ.ਐਸ.ਪੀ. ਹਰਦੀਪ ਸਿੰਘ, ਡੀ.ਐਸ.ਪੀ. ਰਮਿੰਦਰ ਸਿੰਘ ਕਾਹਲੋਂ, ਡੀ.ਐਸ.ਪੀ. ਜਸਵਿੰਦਰ ਸਿੰਘ ਟਿਵਾਣਾ, ਡੀ.ਐਸ.ਪੀ. ਧਰਮਪਾਲ ਸਿੰਘ, ਡੀ.ਐਸ.ਪੀ. ਸੁਖਮਿੰਦਰ ਸਿੰਘ, ਡੀ.ਐਸ.ਪੀ. ਅਜੈ ਕੁਮਾਰ, ਡੀ.ਐਸ.ਪੀ. ਅਤੁਲ ਸੋਨੀ ਅਤੇ ਸਮੂਹ ਥਾਣਿਆਂ ਦੇ ਮੁਖੀਆਂ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।