ਡਿਪਟੀ ਕਮਿਸ਼ਨਰ ਡਾ. ਪ੍ਰਸ਼ਾਂਤ ਕੁਮਾਰ ਗੋਇਲ ਜਲ ਸ਼ਕਤੀ ਅਭਿਆਨ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।
ਫ਼ਤਹਿਗੜ੍ਹ ਸਾਹਿਬ, 11 ਜੁਲਾਈ(ਦੀਦਾਰ ਗੁਰਨਾ ) ਪਾਣੀ ਦੀ ਸੰਭਾਲ ਲਈ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਤੇ ਹੁਣ ਜਲ ਸ਼ਕਤੀ ਅਭਿਆਨ ਤਹਿਤ ਪਾਣੀ ਦੀ ਸੰਭਾਲ ਸਬੰਧੀ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਵਿੱਚ ਸੁਧਾਰ ਲਿਆਂਦਾ ਜਾ ਸਕੇ। ਕੁਦਰਤੀ ਸਰੋਤ ਪਾਣੀ ਦੀ ਸੰਭਾਲ ਲਈ ਇਸ ਦੀ ਵਰਤੋਂ ਸੰਜਮ ਨਾਲ ਕੀਤੀ ਜਾਣੀ ਵੀ ਲਾਜ਼ਮੀ ਹੈ ਤਾਂ ਹੀ ਪਾਣੀ ਸਬੰਧੀ ਦਿੱਕਤਾਂ ਹੱਲ ਹੋ ਸਕਣਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਪ੍ਰਸ਼ਾਂਤ ਕੁਮਾਰ ਗੋਇਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 15 ਸਤੰਬਰ ਤੱਕ ਚਲਾਏ ਜਾਣ ਵਾਲੇ ਜਲ ਸ਼ਕਤੀ ਅਭਿਆਨ ਸਬੰਧੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕੀਤਾ।
ਡਾ. ਪ੍ਰਸ਼ਾਂਤ ਕੁਮਾਰ ਗੋਇਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿ ਇਸ ਅਭਿਆਨ ਤਹਿਤ ਜ਼ਿਲ੍ਹੇ ਵਿਚਲੇ ਕੁਦਰਤੀ ਜਲ ਨਿਕਾਸੀ ਸਾਧਨਾਂ ਜਿਵੇਂ ਕਿ ਸਰਹਿੰਦ ਚੋਅ ਵਿੱਚ ਚੈੱਕ ਡੈਮ ਬਨਾਉਣ ਲਈ ਕਦਮ ਚੁੱਕੇ ਜਾਣ। ਇਸ ਦੇ ਨਾਲ ਨਾਲ ਪਿੰਡਾਂ ਵਿਚਲੇ ਟੋਭਿਆਂ ਦੀ ਚੰਗੀ ਤਰ੍ਹਾਂ ਸਫਾਈ ਕਰ ਕੇ ਉਨ੍ਹਾਂ ਵਿੱਚ ਸੀਚੇਵਾਲ ਮਾਡਲ ਤਹਿਤ ਸਾਫ ਕੀਤਾ ਸੀਵਰੇਜ ਦਾ ਪਾਣੀ ਪਾ ਕੇ ਉਸ ਪਾਣੀ ਦੀ ਵਰਤੋਂ ਸਿੰਚਾਈ ਲਈ ਕੀਤੀ ਜਾਵੇ, ਜਿਸ ਨਾਲ ਧਰਤੀ ਹੇਠਲੇ ਪਾਣੀ ਉਤੇ ਨਿਰਭਰਤਾ ਘਟੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਵੱਖ ਵੱਖ ਕਿਸਮ ਦੇ ਸਟੋਰੇਜ ਟੈਂਕ ਬਣਾ ਕੇ ਉਨ੍ਹਾਂ ਵਿੱਚ ਮੀਂਹ ਦੇ ਪਾਣੀ ਦੀ ਸੰਭਾਲ ਕੀਤੀ ਜਾਣੀ ਯਕੀਨੀ ਬਣਾਈ ਜਾਵੇ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵਾਟਰ ਰੀਚਾਰਜਿੰਗ ਪਿੱਟ ਤੇ ਸੋਕ ਪਿੱਟ ਬਣਾਏ ਜਾਣ।
ਇਸ ਸਭ ਦੇ ਨਾਲ ਨਾਲ ਜ਼ਿਲ੍ਹੇ ਵਿੱਚ ਬੂਟੇ ਲਾਉਣ ਦੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇ ਤੇ ਹਰ ਪਿੰਡ ਵਿੱਚ 550 ਬੂਟੇ ਲਾਉਣ ਦਾ ਟੀਚਾ ਹਰ ਹਾਲ 30 ਸਤੰਬਰ ਤੱਕ ਪੂਰਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਬੂਟਿਆਂ ਦੀ ਸੰਭਾਲ ਲਈ ਵਣ ਮਿੱਤਰ ਵੀ ਨਿਯੁਕਤ ਕੀਤੇ ਜਾ ਰਹੇ ਹਨ ਤਾਂ ਜੋ ਬੂਟੇ ਚੰਗੀ ਤਰ੍ਹਾਂ ਵੱਧ ਫੁੱਲ ਸਕਣ ਤੇ ਪਾਣੀ ਦੀ ਸਮੱਸਿਆ ਦੇ ਹੱਲ ਦੇ ਨਾਲ ਨਾਲ ਪੂਰੇ ਵਾਤਾਵਰਨ ਦੀ ਸੰਭਾਲ ਹੋ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਹਿੰਮ ਨੂੰ ਸਫਲ ਬਨਾਉਣ ਵਿੱਚ ਲੋਕਾਂ ਦਾ ਯੋਗਦਾਨ ਲਾਜ਼ਮੀ ਹੁੰਦਾ ਹੈ। ਇਸ ਲਈ ਲੋਕਾਂ ਨੂੰ ਪਾਣੀ ਦੀ ਸੰਭਾਲ ਤੇ ਇਸ ਦੀ ਵਰਤੋਂ ਸਮਝਦਾਰੀ ਨਾਲ ਕਰਨ ਲਈ ਪ੍ਰੇਰਿਆ ਜਾਵੇ। ਇਸ ਦੇ ਨਾਲ ਨਾਲ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਲਈ ਵੀ ਪ੍ਰੇਰਿਆ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ. ਜਸਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਜਗਵਿੰਦਰਜੀਤ ਸਿੰਘ ਸੰਧੂ, ਡੀ.ਡੀ.ਪੀ.ਓ. ਅਮਰੀਕ ਸਿੰਘ ਸਿੱਧੂ, ਸਕੱਤਰ ਜ਼ਿਲ੍ਹਾ ਪ੍ਰੀਸ਼ਦ ਸ. ਹਰਕੰਵਲਜੀਤ ਸਿੰਘ, ਐਕਸੀਅਨ ਪੰਚਾਇਤੀ ਰਾਜ ਸ. ਜਸਬੀਰ ਸਿੰਘ, ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।