ਅੰਮ੍ਰਿਤਸਰ, 16 ਜੁਲਾਈ (ਮਨਪ੍ਰੀਤ ਸਿੰਘ ਜੱਸੀ)-ਨਗਰ ਸੁਧਾਰ ਟਰੱਸਟ ਦੇ ਨਵਨਿਯੁੱਕਤ ਚੇਅਰਮੈਨ ਦਿਨੇਸ਼ ਬੱਸੀ ਨੇ ਅੱਜ ਪਹਿਲੇ ਦਿਨ ਜਿਥੇ ਟਰੱਸਟ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਪਲੇਠੀ ਮੀਟਿੰਗ ਕੀਤੀ, ਉਥੇ ਹੀ ਲੋਕਾਂ ਦੀਆਂ ਦਰਪੇਸ਼ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਸੁਣਨ ਉਪਰੰਤ ਮੌਕੇ 'ਤੇ ਹੀ ਨਿਪਟਾਰਾ ਕੀਤਾ।
ਇਸ ਦੌਰਾਨ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਬੱਸੀ ਨੇ ਕਿਹਾ ਕਿ ਟਰੱਸਟ ਨਾਲ ਸਬੰਧਿਤ ਜਾਇਦਾਦਾਂ ਦੇ ਨਾਜਾਇਜ਼ ਕਬਜ਼ੇ ਛੁਡਾਉਣਾ ਅਤੇ ਸਾਫ਼ ਸੁਥਰਾ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਉਨ•ਾਂ ਦੀ ਪ੍ਰਾਥਮਿਕਤਾ ਰਹੇਗੀ। ਇਸ ਤੋਂ ਇਲਾਵਾ ਐਨ.ਜੀ.ਓ. ਤੇ ਸਮਾਜ ਸੇਵੀ ਪਰਿਵਾਰਾਂ ਦੇ ਸਹਿਯੋਗ ਨਾਲ ਜਲਦ ਹੀ ਪੂਰੀ ਸਰਗਰਮੀ ਅਤੇ ਸ਼ਿੱਦਤ ਨਾਲ ਹਰਿਆਵਲ ਮੁਹਿੰਮ ਵਿੱਢੀ ਜਾਵੇਗੀ ਤਾਂ ਜੋ ਗੰਧਲੇ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਲੋਕ ਲਹਿਰ ਬਣਾਈ ਜਾ ਸਕੇ। ਉਨ•ਾਂ ਕਿਹਾ ਕਿ ਗੁਰੂ ਨਗਰੀ ਦੇ ਇਕ ਇਕ ਪੈਸੇ ਦੀ ਵਰਤੋਂ ਵਿਸ਼ਵ ਪੱਧਰੀ ਵਿਕਾਸ ਕਾਰਜਾਂ ਤੇ ਲੋਕਾਂ ਦੀ ਭਲਾਈ ਉਪਰ ਖ਼ਰਚ ਕੀਤੀ ਜਾਵੇਗੀ। ਬੱਸੀ ਨੇ ਕਿਹਾ ਕਿ ਟਰੱਸਟ ਦੀਆਂ ਸਮੂਹ ਸਕੀਮਾਂ ਤਹਿਤ ਬਣੀਆਂ ਕਾਲੋਨੀਆਂ ਅਤੇ ਸਬੰਧਿਤ ਇਲਾਕਿਆਂ 'ਚ ਸਾਫ਼ ਸਫ਼ਾਈ ਦਾ ਕੰਮ ਤੇ ਰੇਹੜੀ ਵਾਲਿਆਂ ਲਈ ਵੈਂਡਿੰਗ ਜ਼ੋਨ ਜਲਦ ਬਣਾਇਆ ਜਾ ਰਿਹਾ ਹੈ।
ਵਿਜੀਲੈਂਸ ਵਿਭਾਗ ਵਲੋਂ ਕੀਤੀ ਜਾ ਰਹੀ ਜਾਂਚ ਪੜਤਾਲ 'ਚ ਪੂਰਾ ਸਹਿਯੋਗ ਦੇਣ ਦਾ ਦਾਅਵਾ ਕਰਦਿਆਂ ਬੱਸੀ ਨੇ ਦੱਸਿਆ ਕਿ ਲੋਕਾਂ ਦੀਆਂ ਸਮੱਸਿਆਵਾਂ ਅਤੇ ਕੰਮਾਂ ਦਾ ਸਮਾਂਬੱਧ ਨਿਪਟਾਰਾ ਕਰਨ ਲਈ ਵਿਸ਼ੇਸ਼ ਸਾਫ਼ਟਵੇਅਰ ਤਿਆਰ ਕਰਵਾਉਣ ਦੇ ਨਾਲ-ਨਾਲ ਦਫ਼ਤਰ ਦੇ ਬਾਹਰ ਵੱਟਸਅਪ ਨੰਬਰ ਤੇ ਸ਼ਿਕਾਇਤ ਬਕਸਾ ਲਗਾਇਆ ਜਾਵੇਗਾ ਜਿਥੇ ਆਮ ਲੋਕ ਆਪਣੀ ਪ੍ਰੇਸ਼ਾਨੀ ਜਾਂ ਫਿਰ ਸ਼ਿਕਾਇਤ ਭੇਜ ਸਕਦੇ ਹਨ ਜਿਸ ਦੀ ਜਾਂਚ ਉਹ ਖੁਦ ਕਰਨਗੇ ਤੇ ਸ਼ਿਕਾਇਤਕਰਤਾ ਦੀ ਪਹਿਚਾਣ ਵੀ ਗੁਪਤ ਰੱਖੀ ਜਾਵੇਗੀ। ਉਨ•ਾਂ ਕਿਹਾ ਕਿ ਭਿਸ਼ਟਾਚਾਰ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਿੱਧੂ ਵਲੋਂ ਦਿੱਤੇ ਅਸਤੀਫ਼ੇ ਸਬੰਧੀ ਬੱਸੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਉਨ•ਾਂ ਦੇ ਵੱਡੇ ਭਰਾ ਹਨ ਅਤੇ ਉਨ•ਾਂ ਦਾ ਮਾਮਲਾ ਪਾਰਟੀ ਹਾਈਕਮਾਂਡ ਦੇ ਵਿਚਾਰ ਅਧੀਨ ਹੈ।
ਉਨ•ਾਂ ਦੱਸਿਆ ਕਿ ਮਕਬੂਲ ਰੋਡ ਸਥਿਤ ਨਗਰ ਸੁਧਾਰ ਟਰੱਸਟ ਅਧੀਨ ਆਉਂਦੇ ਕੈਂਪ ਆਫ਼ਿਸ ਨੂੰ ਖ਼ਾਲੀ ਕਰਵਾਉਣ ਲਈ ਡਿਪਟੀ ਕਮਿਸ਼ਨਰ ਨੂੰ ਲਿਖਤੀ ਚਿੱਠੀ ਭੇਜੀ ਗਈ ਹੈ। ਦੱਸਣਯੋਗ ਹੈ ਕਿ ਫਿਲਹਾਲ ਕੈਂਪ ਦਫ਼ਤਰ ਵਿਖੇ ਏ.ਡੀ.ਸੀ ਦੀ ਰਿਹਾਇਸ਼ ਹੈ ਜਦਕਿ ਇਸ ਤੋਂ ਪਹਿਲਾਂ ਉਕਤ ਕੈਂਪ ਆਫ਼ਿਸ ਸਾਬਕਾ ਮੰਤਰੀ ਅਨਿਲ ਜੋਸ਼ੀ ਵਲੋਂ ਵਰਤਿਆ ਜਾਂਦਾ ਸੀ ਅਤੇ ਕਾਂਗਰਸ ਦੀ ਸਰਕਾਰ ਬਣਨ ਉਪਰੰਤ ਨਵਜੋਤ ਸਿੰਘ ਸਿੱਧੂ ਵਲੋਂ ਇਥੇ ਆਪਣਾ ਕੈਂਪ ਦਫ਼ਤਰ ਬਣਾਇਆ ਗਿਆ ਸੀ, ਜਿਸ ਨੂੰ ਖਾਲੀ ਕਰਵਾਉਣ ਲਈ ਬੱਸੀ ਨੇ ਡੀ. ਸੀ. ਨੂੰ ਲਿਖ਼ਤੀ ਪੱਤਰ ਭੇਜਿਆ ਹੈ। ਇਸ ਮੌਕੇ ਐਸ. ਈ. ਰਾਕੇਸ਼ ਗਰਗ ਵੀ ਹਾਜ਼ਰ ਸਨ।