ਸ਼ੰਭੂ ਨੇੜੇ ਪਿੰਡ ਰਾਜਗੜ੍ਹ ਵਿਖੇ ਭਗਨਾ ਨਦੀ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ, ਐਸ.ਡੀ.ਐਮ. ਰਾਜਪੁਰਾ ਸ੍ਰੀ ਰਜਨੀਸ਼ ਅਰੋੜਾ ਅਤੇ ਐਸ.ਈ. ਦਵਿੰਦਰ ਸਿੰਘ।
ਰਾਜਪੁਰਾ, 16 ਜੁਲਾਈ 2019 (ਕੁਲਵੰਤ ਸਿੰਘ ਬੱਬੂ): ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਅੱਜ ਘੱਗਰ ਅਤੇ ਜ਼ਿਲ੍ਹੇ ਵਿੱਚੋਂ ਲੰਘਦੀਆਂ ਹੋਰ ਨਦੀਆਂ 'ਚ ਪਾਣੀ ਵੱਧਣ ਕਰਕੇ ਸਥਿਤੀ ਦਾ ਜਾਇਜ਼ਾ ਲੈਣ ਲਈ ਸ਼ੰਭੂ-ਬਨੂੜ-ਤੇਪਲਾ ਰੋਡ 'ਤੇ ਸਥਿਤ ਪਿੰਡ ਰਾਜਗੜ੍ਹ ਨੇੜੇ ਭਗਨਾ ਨਦੀ ਅਤੇ ਪੱਚੀ ਦਰ੍ਹੇ ਦਾ ਦੌਰਾ ਕੀਤਾ।
ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਸ੍ਰੀ ਗਰੀਸ਼ ਦਿਆਲਨ ਨਾਲ ਵੀ ਰਾਜਪੁਰਾ ਵਿਖੇ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਐਸ.ਏ.ਐਸ. ਨਗਰ ਦੇ ਏ.ਡੀ.ਸੀ. ਸ੍ਰੀਮਤੀ ਸਾਕਸ਼ੀ ਸਾਹਨੀ, ਰਾਜਪੁਰਾ ਦੇ ਐਸ.ਡੀ.ਐਮ. ਸ੍ਰੀ ਰਜਨੀਸ਼ ਅਰੋੜਾ ਅਤੇ ਜਲ ਨਿਕਾਸ ਵਿਭਾਗ ਦੇ ਨਿਗਰਾਨ ਇੰਜੀਨੀਅਰ ਸ. ਦਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਨਦੀਆਂ ਦੇ ਕੈਚਮੈਂਟ ਇਲਾਕਿਆਂ 'ਚ ਭਾਰੀ ਬਰਸਾਤ ਪੈਣ ਕਰਕੇ ਇਕੱਠਾ ਹੋਇਆ ਪਾਣੀ ਘਨੌਰ ਅਤੇ ਰਾਜਪੁਰਾ ਦੇ ਪਿੰਡਾਂ ਵੱਲ ਆ ਰਿਹਾ ਹੈ ਪਰ ਸਥਿਤੀ ਪੂਰੀ ਤਰ੍ਹਾਂ ਨਿਯੰਤਰਨ ਹੇਠਾਂ ਹੈ ਅਤੇ ਕਿਤੇ ਵੀ ਕਿਸੇ ਤਰ੍ਹਾਂ ਦੇ ਖ਼ਤਰੇ ਦੀ ਸਥਿਤੀ ਉਤਪੰਨ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਹੜ੍ਹ ਕੰਟਰੋਲ ਰੂਮ ਦੇ ਨੰਬਰ 0175-2350550 'ਤੇ ਪਾਣੀ ਆਉਣ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਘੱਗਰ ਦਰਿਆ 'ਚ ਭਾਂਖਰਪੁਰ ਵਿਖੇ ਪਾਣੀ ਅੱਜ ਬਾਅਦ ਦੁਪਹਿਰ 3.30 ਵਜੇ ਖ਼ਤਰੇ ਦੇ ਨਿਸ਼ਾਨ ਤੋਂ ਦੋ ਫੁੱਟ ਹੇਠਾਂ ਵਗ ਰਿਹਾ ਸੀ, ਸਰਾਲਾ ਹੈਡ 'ਤੇ ਪਾਣੀ ਦੀ ਗੇਜ਼ 16 ਫੁੱਟ 'ਤੇ ਸੀ।
ਜਦੋਂਕਿ ਖਨੌਰੀ ਵਿਖੇ ਘੱਗਰ 747.6 ਫੁੱਟ ਗੇਜ਼ 'ਤੇ ਖ਼ਤਰੇ ਦੇ ਨਿਸ਼ਾਨ ਤੋਂ 7.3 ਫੁੱਟ ਹੇਠਾਂ ਵੱਗ ਰਿਹਾ ਸੀ। ਇਸੇ ਤਰ੍ਹਾਂ ਪਟਿਆਲਾ ਦੀ ਵੱਡੀ ਨਦੀ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਡੇਢ ਫੁੱਟ ਹੇਠਾਂ ਵਗਦਾ ਰਿਹਾ ਹੈ। ਭੋਡੇ ਸਾਇਫ਼ਨ 'ਤੇ ਪਾਣੀ ਖ਼ਤਰੇ ਦੇ ਨਿਸ਼ਾਨ 9 ਫੁੱਟ ਤੋਂ ਹੇਠਾਂ 3.80 'ਤੇ ਸੀ। ਇਸੇ ਤਰ੍ਹਾਂ ਦਰਿਆ ਟਾਂਗਰੀ 'ਚ ਪਾਣੀ 13.4 ਫੁੱਟ 'ਤੇ ਹੈ ਅਤੇ ਮਾਰਕੰਡਾ ਦਰਿਆ ਵਿੱਚ ਪਾਣੀ 19.7 ਫੁੱਟ 'ਤੇ ਵਗ ਰਿਹਾ ਹੈ, ਇਥੇ ਪਾਣੀ 20 ਫੁੱਟ ਤੱਕ ਜਾ ਸਕਦਾ ਹੈ।