ਫਗਵਾੜਾ, 22 ਜੁਲਾਈ 2019 : ਇੰਡਸਟ੍ਰੀਅਲ ਅਤੇ ਐਜ਼ੂਕੇਸ਼ਨਲ ਹੱਬ ਵਜੋਂ ਜਾਣੇ ਜਾਂਦੇ ਦੁਆਬੇ ਦੇ ਦਿਲ ਫਗਵਾੜਾ ਵਿਖੇ ਪੰਜਾਬ ਵਿੱਚ ਦੂਜਾ ਏਮਜ਼ ਬਣਾਉਣ ਸਬੰਧੀ ਇੱਕ ਮੰਗ ਪੱਤਰ, ਫਗਵਾੜਾ ਸ਼ਹਿਰ ਦੀਆਂ ਵੱਖੋ-ਵੱਖਰੀਆਂ ਸਮਾਜਿਕ ਸੰਸਥਾਵਾਂ ਜਿਹਨਾ ਵਿੱਚ ਸਰਬ ਨੌਜਵਾਨ ਸਭਾ (ਰਜਿ:), ਦੁਆਬਾ ਸਾਹਿਤ-ਕਲਾ ਅਕਾਦਮੀ, ਸੀਨੀਅਰ ਸਿਟੀਜਨ ਕੌਂਸਲ, ਸਕੇਪ ਸਾਹਿੱਤਕ ਸੰਸਥਾ ਦੇ ਨੁਮਾਇੰਦੇ ਅਤੇ ਵੱਖੋ-ਵੱਖਰੇ ਪਿੰਡਾਂ ਦੇ ਸਰਪੰਚ ਅਤੇ ਸ਼ਹਿਰ ਫਗਵਾੜਾ ਦੇ ਮੋਹਤਬਰ ਵਿਅਕਤੀ ਸ਼ਾਮਲ ਸਨ, ਵਲੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਉਹਨਾ ਦੀ ਰਿਹਾਇਸ਼ 'ਤੇ ਦਿੱਤਾ। ਇਸ ਵਫ਼ਦ ਦੀ ਅਗਵਾਈ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿਮਘ ਨੇ ਕੀਤੀ।
ਵਫ਼ਦ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਫਗਵਾੜਾ ਇੱਕ ਇਤਹਾਸਿਕ ਪੁਰਾਣਾ ਸ਼ਹਿਰ ਹੈ, ਜਿਹੜਾ ਕਿ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਜ਼ਿਲਿਆਂ ਦੇ ਐਨ ਵਿਚਕਾਰ ਪੈਂਦਾ ਹੈ ਅਤੇ ਜਿਥੇ ਦੀ ਇੰਡਸਟਰੀ ਹੀ ਨਹੀਂ ਸਿੱਖਿਆ ਸੰਸਥਾਵਾਂ ਸਮੇਤ ਯੂਨੀਵਰਸਿਟੀਆਂ ਵੀ ਹਨ। ਫਗਵਾੜਾ ਕਾਰਪੋਰੇਸ਼ਨ ਹੋਣ ਕਾਰਨ ਇਸ ਨੇ ਪਿਛਲੇ ਸਮੇਂ 'ਚ ਚੰਗਾ ਵਿਕਾਸ ਵੀ ਕਰ ਲਿਆ ਹੈ। ਜੇ ਸੀ ਟੀ ਮਿੱਲ, ਸੁਖਜੀਤ ਸਟਾਰਚ ਮਿੱਲਜ, ਸ਼ੂਗਰ ਮਿੱਲਜ, ਇੰਜਨ ਸਪੇਅਰ ਪਾਰਟਸ, ਲਵਲੀ ਯੂਨੀਵਰਸਿਟੀ, ਜੀ ਐਨ ਏ ਯੂਨੀਵਰਸਿਟੀ ਇਥੇ ਸਥਾਪਿਤ ਹੋਣ ਕਾਰਨ ਇਥੇ ਦੇਸ਼ ਵਿਦੇਸ਼ ਤੋਂ ਵਰਕਰ, ਵਿਦਿਆਰਥੀ ਪੁੱਜਦੇ ਹਨ, ਜਿਹਨਾ ਲਈ ਅਤੇ ਇਥੋਂ ਦੇ ਵਸਨੀਕਾਂ ਅਤੇ ਪ੍ਰਵਾਸੀ ਪੰਜਾਬੀਆਂ ਦੇ ਇਲਾਜ ਲਈ ਇਥੇ ਕੋਈ ਵੀ ਸੁਚੱਜਾ ਹਸਪਤਾਲ ਨਹੀਂ ਹੈ ਅਤੇ ਨਾ ਹੀ ਕੋਈ ਸੁਪਰ ਸਪੈਸ਼ੈਲਿਟੀ ਹਸਪਤਾਲ ਹੈ। ਇਥੇ ਇਹ ਵੀ ਦਸਣਯੋਗ ਹੈ ਕਿ ਹਰ ਵਰ੍ਹੇ ਹਜ਼ਾਰਾਂ ਪ੍ਰਵਾਸੀ ਇਲਾਜ ਲਈ ਦੇਸ਼ ਪਤਰਦੇ ਹਨ, ਜਿਹਨਾ ਨੂੰ ਚੰਡੀਗੜ੍ਹ ਅਤੇ ਹੋਰ ਥਾਵਾਂ ਤੋਂ ਇਲਾਜ ਕਰਵਾਉਣਾ ਪੈਂਦਾ ਹੈ ਕਿਉਂਕਿ ਇਥੇ ਯੋਗ ਡਾਕਟਰੀ ਸਹੂਲਤਾਂ ਨਹੀਂ ਹਨ।ਫਗਵਾੜਾ ਸ਼ਹਿਰ ਦੇ ਚੰਡੀਗੜ੍ਹ-ਫਗਵਾੜਾ-ਜਲੰਧਰ ਬਾਈਪਾਸ ਦੇ ਨਾਲ-ਨਾਲ ਇਹੋ ਜਿਹਾ ਥਾਂ ਹੈ, ਜਿਥੇ ਏਮਜ਼ ਦੀ ਉਸਾਰੀ ਲਈ ਚੋਣ ਕੀਤੀ ਜਾ ਸਕਦੀ ਹੈ ਤਾਂ ਕਿ ਦੁਆਬੇ ਦੇ ਸਾਰੇ ਜ਼ਿਲਿਆਂ ਇਥੋਂ ਤੱਕ ਕਿ ਲੁਧਿਆਣਾ ਤੱਕ ਦੇ ਲੋਕ ਵੀ ਇਸ ਸੰਸਥਾ ਦਾ ਭਰਪੂਰ ਲਾਭ ਲੈ ਸਕਦੇ ਹਨ। ਇਸ ਮੰਮੋਰੰਡਮ ਨੂੰ ਸੋਂਪਣ ਵਾਲਿਆਂ ਵਿੱਚ ਸਰਬ ਨੌਜਵਾਨ ਸਭਾ ਦੇ ਮੈਂਬਰ ਹੁਸਲ ਲਾਲ ਜਨਰਲ ਮੈਨੇਜਰ ਜੇ ਸੀ ਟੀ ਮਿੱਲ, ਹਰਵਿੰਦਰ ਸੈਣੀ, ਨਰਿੰਜਨ ਸਿੰਘ ਬਿੱਲਖੂ, ਦੁਆਬਾ ਸਾਹਿੱਤ ਕਲਾ ਅਕੈਡਮੀ ਦੇ ਪ੍ਰਧਾਨ ਜਵਾਹਰ ਧੀਰ, ਸੀਨੀਅਰ ਸਿਟੀਜਨ ਕੌਂਸਲ ਦੇ ਜਨਰਲ ਸਕੱਤਰ ਰਵਿੰਦਰ ਚੋਟ, ਪੰਜਾਬੀ ਲੇਖਕ ਗੁਰਮੀਤ ਸਿੰਘ ਪਲਾਹੀ, ਪ੍ਰਸਿੱਧ ਪੱਤਰਕਾਰ ਜਸਬੀਰ ਚਾਨਾ, ਉਂਕਾਰ ਜਗਦੇਵ, ਸਰਪੰਚ ਬਲਜਿੰਦਰ ਸਿੰਘ, ਸਰਪੰਚ ਅੰਮ੍ਰਿਤਪਾਲ ਚੀਮਾ ਆਦਿ ਹਾਜ਼ਰ ਸਨ।