ਫ਼ਤਹਿਗੜ੍ਹ ਸਾਹਿਬ, 22 ਜੁਲਾਈ 2019 - ਜ਼ਿਲ੍ਹੇ ਦੇ ਪਿੰਡ ਖੋਜੇਮਾਜਰਾ ਵਿਖੇ ਬੀਤੇ ਦਿਨ ਪੁੱਟੇ ਗਏ ਇਕ ਟੋਏ ਵਿਚ ਇਕੋਂ ਪਰਿਵਾਰ ਦੇ 3 ਬੱਚਿਆਂ ਦੇ ਡੁੱਬ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਹਾਦਸੇ ਉਪਰੰਤ ਸਮੁੱਚੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦਰਦਨਾਕ ਹਾਦਸਾ ਲੰਘੀ ਦੇਰ ਸ਼ਾਮ ਕਰੀਬ ਸਾਢੇ 7 ਵਜੇ ਵਾਪਰਿਆ। ਸਿਵਲ ਹਸਪਤਾਲ ਵਿਖੇ ਜਾਇਜ਼ਾ ਲੈਣ ਆਏ ਫ਼ਤਹਿਗੜ੍ਹ ਸਾਹਿਬ ਦੇ ਡੀ.ਐਸ.ਪੀ. ਰਮਿੰਦਰ ਸਿੰਘ ਕਾਹਲੋਂ ਅਤੇ ਥਾਣਾ ਸਰਹਿੰਦ ਦੇ ਮੁਖੀ ਇੰਸਪੈਕਟਰ ਰਜਨੀਸ਼ ਸੂਦ ਨੇ ਦੱਸਿਆ ਕਿ ਪੁਲਿਸ ਨੂੰ ਦੇਰ ਸ਼ਾਮ ਕਰੀਬ ਪੌਣੇ 8 ਵਜੇ ਘਟਨਾਂ ਦੀ ਜਾਣਕਾਰੀ ਮਿਲੀ, ਜਿਸ ਉਪਰੰਤ ਬੱਚਿਆਂ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਤਿਨੇਂ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਬੱਚਿਆਂ ਦੀ ਪਹਿਚਾਣ ਇਕੋਂ ਪਰਿਵਾਰ ਦੇ ਲਵਪ੍ਰੀਤ ਸਿੰਘ(9), ਜੋਬਨਪ੍ਰੀਤ ਸਿੰਘ(10) ਅਤੇ ਜਸ਼ਨਪ੍ਰੀਤ ਸਿੰਘ(12) ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਖੋਜੇਮਾਜਰਾ ਦੇ ਤੌਰ ਤੇ ਹੋਈ ਹੈ, ਜੋ ਕਿ ਸਰਕਾਰੀ ਸਕੂਲ ਵਿਚ ਕ੍ਰਮਵਾਰ ਚੋਥੀ, 5ਵੀਂ ਅਤੇ 7ਵੀਂ ਜਮਾਤ ਵਿਚ ਪੜ੍ਹਾਈ ਕਰ ਰਹੇ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ, ਕਿ ਪਿੰਡ ਵਿਚ ਖੱਡਾ ਕਿਉਂ ਪੁੱਟਿਆ ਗਿਆ ਸੀ ਅਤੇ ਕਿਸ ਵਰਗ ਵੱਲੋਂ ਪੁੱਟਿਆ ਗਿਆ ਸੀ।
ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਨੂੰ ਘਟਨਾਂ ਦੀ ਜਾਣਕਾਰੀ ਦੇ ਦਿੱਤੀ ਗਈ ਸੀ। ਉਨ੍ਹਾਂ ਇਹ ਵੀ ਕਿਹਾ ਕਿ ਮ੍ਰਿਤਕ ਦੇਹਾਂ ਦਾ ਭਲਕੇ ਪੋਸਟਮਾਰਟਮ ਕੀਤਾ ਜਾਵੇਗਾ ਅਤੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਸਿਵਲ ਹਸਪਤਾਲ ਵਿਖੇ ਬੱਚੇ ਦੇ ਤਾਇਆ ਬਿੱਟੂ ਸਿੰਘ ਅਤੇ ਹੋਰ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਖੱਡਾ ਪੁੱਟ ਕੇ ਖਾਲੀ ਛੱਡ ਦੇਣਾ ਬਹੁਤ ਵੱਡੀ ਲਾਪਰਵਾਹੀ ਹੈ ਜਿਸ ਦੇ ਚੱਲਦਿਆਂ ਉਨ੍ਹਾਂ ਦੇ ਮਾਸੂਮ ਬੱਚੇ ਜੋ ਖੇਡ ਰਹੇ ਸੀ ਤੇ ਉਨ੍ਹਾਂ ਦਾ ਪੈਰ ਫਿਸਲ ਜਾਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਖੱਡਾ ਪੁਟਵਾਉਣ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਵੀ ਕੀਤੀ।