ਰਜਨੀਸ਼ ਸਰੀਨ
ਨਵਾਂਸ਼ਹਿਰ, 10 ਅਗਸਤ,2019 - ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਡਿਪਟੀ ਕਮਿਸ਼ਨਰ ਵਿੰਗ ਦਾ 15 ਅਗਸਤ ਨੂੰ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਉਦਘਾਟਨ ਕੀਤਾ ਜਾਵੇਗਾ ਜਿਸ ਨਾਲ ਆਮ ਲੋਕਾਂ ਨੂੰ ਬਹੁਤ ਸਾਰੇ ਦਫ਼ਤਰ ਇੱਕ ਛੱਤ ਥੱਲੇ ਆ ਜਾਣ ਨਾਲ ਵੱਡੀ ਰਾਹਤ ਮਿਲੇਗੀ।
ਡਿਪਟੀ ਕਮਿਸ਼ਨਰ ਸ੍ਰੀ ਵਿਨੈ ਬਬਲਾਨੀ ਨੇ ਅੱਜ ਨਵੇਂ ਡੀ ਏ ਸੀ ਦੇ ਉਦਘਾਟਨੀ ਸਮਾਰੋਹ ਦੀਆਂ ਤਿਆਰੀਆਂ ਬਾਬਤ ਏ ਡੀ ਸੀ (ਜ) ਸ੍ਰੀਮਤੀ ਅਨੁਪਮ ਕਲੇਰ, ਐਸ ਡੀ ਐਮ ਨਵਾਂਸ਼ਹਿਰ ਡਾ. ਵਿਨੀਤ ਕੁਮਾਰ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਜਸਵੀਰ ਸਿੰਘ ਜੱਸੀ ਨਾਲ ਮੀਟਿੰਗ ਵੀ ਕੀਤੀ। ਉਨ੍ਹਾਂ ਡੀ ਏ ਸੀ ਦੀਆਂ ਸਾਰੀਆਂ ਮੰਜ਼ਿਲਾਂ ਦਾ ਦੌਰਾ ਕਰਦੇ ਹੋਏ, ਲੋਕ ਨਿਰਮਾਣ ਵਿਭਾਗ ਅਧਿਕਾਰੀਆਂ ਨੂੰ ਇਨ੍ਹਾਂ ਨੂੰ ਵਿਭਾਗਾਂ ਦੀ ਤਬਦੀਲੀ ਲਈ ਪੂਰਣ ਤੌਰ ’ਤੇ ਤਿਆਰ ਕਰਨ ਲਈ ਵੀ ਆਖਿਆ, ਜਿਸ ਵਿੱਚ ਸਾਫ਼-ਸਫ਼ਾਈ, ਵਿਭਾਗਾਂ ਦੇ ਨਾਵਾਂ ਦੀਆਂ ਤਖਤੀਆਂ, ਪਖਾਨਿਆਂ ਅਤੇ ਬਾਥਰੂਮਾਂ ਦੇ ਸਾਈਨ ਬੋਰਡ ਆਦਿ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ 20.84 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਲਈ ਫੰਡ ਮਾਲ, ਪੁਨਰਵਾਸ ਅਤੇ ਆਫ਼ਤ ਪ੍ਰਬੰਧਨ ਵਿਭਾਗ ਵੱਲੋਂ ਮੁਹੱਈਆ ਕਰਵਾਏ ਗਏ ਹਨ ਅਤੇ ਹੁਣ ਤੱਕ ਇਸ ’ਤੇ 14 ਕਰੋੜ ਰੁਪਏ ਤੋਂ ਵਧੇਰੇ ਖਰਚ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਐਸ ਐਸ ਪੀ ਵਿੰਗ ਦਾ ਬਕਾਇਆ ਰਹਿੰਦਾ ਕੰਮ ਜਲਦ ਮੁਕੰਮਲ ਕਰਨ ਲਈ ਕਿਹਾ ਗਿਆ ਹੈ ਅਤੇ ਉਸ ਵਿੰਗ ਦਾ ਕੰਮ ਮੁਕੰਮਲ ਹੋਣ ਬਾਅਦ ਹੀ ਉਸ ਨੂੰ ਲੋਕ ਅਰਪਣ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਅਨੁਸਾਰ ਨਵੇਂ ਡੀ ਏ ਸੀ ’ਚ ਜਨਤਕ ਸੇਵਾਵਾਂ ਨਾਲ ਸਬੰਧਤ ਬਹੁਤ ਸਾਰੇ ਵਿਭਾਗਾਂ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਆਮ ਲੋਕਾਂ ਨੂੰ ਇੱਧਰ-ਉੱਧਰ ਨਾ ਜਾਣਾ ਪਵੇ। ਉਨ੍ਹਾਂ ਦੱਸਿਆ ਕਿ ਕੈਬਿਨਟ ਮੰਤਰੀ ਸ੍ਰੀ ਅਰੋੜਾ ਵੱਲੋਂ ਉਦਘਾਟਨੀ ਰਸਮ ਜ਼ਿਲ੍ਹਾ ਪੱਧਰੀ ਅਜ਼ਾਦੀ ਦਿਵਸ ਸਮਾਗਮ ਦੀ ਸੰਪੂਰਨਤਾ ਉਪਰੰਤ ਨਿਭਾਈ ਜਾਵੇਗੀ।