ਕੰਕਰੀਟ ਲਾਈਨਿੰਗ ਨਾਲ ਨਹਿਰ ਨੂੰ ਨਵਾਂ ਜੀਵਨ ਮਿਲਿਆ
ਨਵਾਂਸ਼ਹਿਰ, 14 ਅਗਸਤ 2019: ਪੰਜਾਬ ਦੇ ਜਲ ਸਰੋਤ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਵਲੋਂ ਜ਼ਿਲ੍ਹੇ ’ਚ ਸਥਿਤ ਪਿੰਡ ਆਸਰੋ ਅਤੇ ਰੈਲ ਮਾਜਰਾ ਨੇੜੇ ਬਿਸਤ ਦੋਆਬ ਨਹਿਰ ਦੀ ਕੰਕਰੀਟ ਲਾਈਨਿੰਗ ਦਾ ਨਿਰੀਖਣ ਕੀਤਾ ਗਿਆ ਅਤੇ ਕੰਮ ’ਤੇ ਤਸੱਲੀ ਪ੍ਰਗਟਾਈ ਗਈ।
ਉਨ੍ਹਾਂ ਇਸ ਮੌਕੇ ਕਿਹਾ ਕਿ ਬਿਸਤ ਦੋਆਬ ਕੈਨਾਲ ਸਿਸਟਮ ਦੋਆਬੇ ’ਚ ਪੈਂਦੇ ਜ਼ਿਲ੍ਹਿਆਂ ਲਈ ਜੀਵਨ ਰੇਖਾ ਵਜੋਂ ਜਾਣੀ ਜਾਂਦੀ ਹੈ ਅਤੇ ਇਸ ਦੀ ਲੰਬੀ ਸਮੇਂ ਤੋਂ ਖਸਤਾ ਹਾਲਤ ਕਾਰਨ ਪਾਣੀ ਦਾ ਵਹਾਅ ਵੀ ਅੱਧਾ ਰਹਿ ਗਿਆ ਸੀ। ਉਨ੍ਹਾਂ ਕਿਹਾ ਕਿ ਕੰਕਰੀਟ ਲਾਈਨਿੰਗ ਦੇ ਪ੍ਰਾਜੈਕਟ ਨਾਲ ਇਸ ਨਹਿਰ ਨੂੰ ਨਵਾਂ ਜੀਵਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਨਹਿਰ ਅਤੇ ਇਸ ਦੀਆਂ ਬ੍ਰਾਚਾਂ ਦੇ ਕੰਢਿਆਂ ਦੇ ਪੱਕੇ ਹੋਣ ਨਾਲ ਜਿੱਥੇ ਸੇਮ ਦੀ ਸਮੱਸਿਆ ਨਹੀਂ ਆਏਗੀ, ਉਥੇ ਨਹਿਰ ਵਿੱਚ ਪਾਣੀ ਦਾ ਵਹਾਅ ਵੀ ਪੂਰਾ ਹੋਣ ’ਚ ਮੱਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੱਸਿਆ ਕਿ ਨਹਿਰ ਅਤੇ ਇਸ ਵਿੱਚੋਂ ਨਿਕਲਦੇ ਸੂਇਆਂ ਅਤੇ ਰਜਬਾਹਿਆਂ ਦਾ ਨਵੀਨੀਕਰਣ ਮੁਕੰਮਲ ਹੋਣ ਨਾਲ ਸਿੰਚਾਈ ਸਮਰੱਥਾ 35 ਹਜ਼ਾਰ ਏਕੜ ਤੋਂ ਵਧ ਕੇ 2 ਲੱਖ ਏਕੜ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਨਹਿਰ ਦੇ ਕੰਢੇ ਕੰਕਰੀਟ ਨਾਲ ਪੱਕੇ ਹੋਣ ਕਾਰਨ ਅਤੇ ਖੇਤਾਂ ਤੱਕ ਜ਼ਮੀਨ ਦੋਜ਼ ਖਾਲੇ/ਪਾਈਪਾਂ ਰਾਹੀਂ ਪਾਣੀ ਦਿੱਤਾ ਜਾਵੇਗਾ ਜਿਸ ਨਾਲ ਪਾਣੀ ਦੇ ਵਿਅਰਥ ਜਾਣ ਦੀ ਕੋਈ ਵੀ ਗੁੰਜਾਇਸ਼ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਬਿਸਤ ਦੋਆਬ ਦੀ ਪੁਨਰ ਸੁਰਜੀਤੀ ਨਾਲ ਦੋਆਬੇ ਵਿੱਚ ਟਿਊਬਵੈਲਾਂ ’ਤੇ ਵੀ ਬੋਝ ਘਟੇਗਾ ਅਤੇ ਧਰਤੀ ਹੇਠਲੇ ਪਾਣੀ ਦੇ ਘਟੇ ਪੱਧਰ ਨੂੰ ਵੀ ਰਾਹਤ ਮਿਲੇਗੀ।
ਉਨ੍ਹਾਂ ਦੱਸਿਆ ਕਿ ਸਰਕਾਰ ਕੰਕਰੀਟ ਲਾਈਨਿੰਗ ਤੋਂ ਬਾਅਦ ਹੁਣ ਕੇਂਦਰੀ ਜਲ ਸਰੋਤ ਮੰਤਰਾਲੇ ਦੀ ਮੱਦਦ ਨਾਲ ਨਹਿਰਾਂ ਤੋਂ ਕਿਸਾਨਾਂ ਦੇ ਖੇਤਾਂ ਤੱਕ ਖਾਲਿਆਂ ਦੇ ਨਿਰਮਾਣ ਦੇ ਪ੍ਰਾਜੈਕਟ ਦੀ ਮੰਨਜ਼ੂਰੀ ਲਈ ਵੀ ਯਤਨ ਕਰ ਰਹੀ ਹੈ।
ਇਸ ਮੌਕੇ ਉਨ੍ਹਾਂ ਨਾਲ ਮੁੱਖ ਇੰਜੀਨੀਅਰ/ਨਹਿਰਾਂ ਸ: ਜਗਮੋਹਣ ਸਿੰਘ ਮਾਨ ਜਲ ਸਰੋਤ ਵਿਭਾਗ ਚੰਡੀਗੜ੍ਹ, ਨਿਗਰਾਨ ਇੰਜੀਨੀਅਰ ਸਰਹੰਦ ਕੈਨਾਲ ਸਰਕਲ ਲੁਧਿਆਣਾ, ਜਗਮੋਹਨ ਸਿੰਘ ਭੰਡਾਰੀ, ਕਾਰਜਕਾਰੀ ਇੰਜੀਨੀਅਰ ਸ. ਦਵਿੰਦਰ ਸਿੰਘ ਅਤੇ ਹੋਰ ਅਧਿਕਾਰੀ/ਕਰਮਚਾਰੀ ਸ਼ਾਮਿਲ ਸਨ।