ਸੀਰੀਅਲ ਦੇ ਪ੍ਰਸਾਰਨ ਨੂੰ ਬੰਦ ਕਰਨ ਲਈ ਖ਼ੁਦ ਕੇਬਲ ਆਪਰੇਟਰ ਦੀ ਹੋਵੇਗੀ ਜ਼ਿੰਮੇਵਾਰੀ
ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਟੀਵੀ ਸੀਰੀਅਲ 'ਰਾਮ ਸੀਆ ਕੇ ਲਵ-ਕੁਸ਼' ਦਾ ਪ੍ਰਸਾਰਣ ਨੂੰ ਬੰਦ ਕਰਨ ਸਬੰਧੀ ਸਥਾਨਕ ਕੇਬਲ ਅਪਰੇਟਰਾਂ ਨਾਲ ਵਿਸ਼ੇਸ਼ ਮੀਟਿੰਗ
ਫਿਰੋਜ਼ਪੁਰ 10 ਸਤੰਬਰ 2019: ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਸ੍ਰੀ ਚੰਦਰ ਗੈਂਦ ਅਤੇ ਐੱਸ.ਐੱਸ.ਪੀ ਵਿਵੇਕ ਸ਼ੀਲ ਸੋਨੀ ਨੇ ਜ਼ਿਲ੍ਹੇ ਦੇ ਸਮੂਹ ਕੇਬਲ ਆਪਰੇਟਰਾਂ ਨਾਲ ਕਲਰ ਟੀ ਵੀ ਚੈਨਲ 'ਤੇ ਦਿਖਾਏ ਜਾਂਦੇ 'ਰਾਮ ਸੀਆ ਕੇ ਲਵ-ਕੁਸ਼' ਦੇ ਪ੍ਰਸਾਰਣ ਨੂੰ ਰੋਕਣ ਸਬੰਧੀ ਮੀਟਿੰਗ ਕੀਤੀ ਅਤੇ ਕੇਬਲ ਆਪਰੇਟਰਾਂ ਨੂੰ ਸੀਰੀਅਲ ਦੇ ਪ੍ਰਸਾਰਨ ਨੂੰ ਬੰਦ ਕਰਨ ਸਬੰਧੀ ਜਾਰੀ ਕੀਤੇ ਗਏ ਹੁਕਮਾਂ ਦੀ ਕਾਪੀ ਵੀ ਤਕਸੀਮ ਕੀਤੀ। ਡਿਪਟੀ ਕਮਿਸ਼ਨਰ ਚੰਦਰ ਗੈਂਦ ਅਤੇ ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਉਕਤ ਲੜੀਵਾਰ ਦੇ ਪ੍ਰਸਾਰਿਤ ਹੋਣ ਨਾਲ ਕੁੱਝ ਫਿਰਕਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਣ ਬਾਰੇ ਇਨ੍ਹਾਂ ਭਾਈਚਾਰਿਆਂ ਦੇ ਆਗੂਆਂ ਵੱਲੋਂ ਜ਼ਬਰਦਸਤ ਰੋਸ ਪ੍ਰਗਟਾਇਆ ਗਿਆ ਸੀ, ਜਿਸ ਦੇ ਮੱਦੇਨਜ਼ਰ ਕਾਨੂੰਨੀ ਵਿਵਸਥਾ ਬਣਾਈ ਰੱਖਣ ਲਈ ਕੇਬਲ ਟੈਲੀਵਿਜ਼ਨ ਨੈਟਵਰਕਸ (ਰੈਗੂਲੇਸ਼ਨ) ਐਕਟ 1995 (ਐਕਟ ਨੰ. 7 ਆਫ਼ 1995) ਦੇ ਸੈਕਸ਼ਨ 19 ਤਹਿਤ ਸੀਰੀਅਲ ਦੇ ਪ੍ਰਸਾਰਣ 'ਤੇ ਇੱਕ ਮਹੀਨੇ ਲਈ ਰੋਕ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਦੇ ਚੱਲਦਿਆਂ ਅੱਜ ਕੇਬਲ ਆਪਰੇਟਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਮੂਹ ਆਪਰੇਟਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਜੇਕਰ ਦਿਨ ਜਾ ਰਾਤ ਵਿਚ ਕਿਸੇ ਵੀ ਸਮੇਂ ਇਹ ਪ੍ਰੋਗਰਾਮ ਕੇਬਲ ਉੱਪਰ ਟੈਲੀਕਾਸਟ ਹੁੰਦਾ ਹੈ ਤਾਂ ਸਬੰਧਿਤ ਕੇਬਲ ਆਪਰੇਟਰ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਸਮੇਂ ਵੀ ਇਹ ਪ੍ਰੋਗਰਾਮ ਪ੍ਰਕਾਸ਼ਿਤ ਹੁੰਦਾ ਹੈ ਉਸ ਸਮੇਂ ਪ੍ਰੋਗਰਾਮ ਦੇ ਪ੍ਰਸਾਰਣ ਨੂੰ ਬੰਦ ਕਰਨ ਦੀ ਕੇਬਲ ਆਪਰੇਟਰਾਂ ਦੀ ਖ਼ੁਦ ਦੀ ਜ਼ਿੰਮੇਵਾਰੀ ਹੋਵੇਗੀ। ਇਸ ਮੌਕੇ ਕੇਬਲ ਆਪਰੇਟਰਾਂ ਵੱਲੋਂ ਵੀ ਵਿਸ਼ਵਾਸ ਦਵਾਇਆ ਗਿਆ ਕਿ ਉਨ੍ਹਾਂ ਵੱਲੋਂ ਇਸ ਵਿਚ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਇਹ ਸੀਰੀਅਲ ਨੂੰ ਅਗਲੇ ਹੁਕਮਾਂ ਤੱਕ ਕੇਬਲ ਉੱਪਰ ਟੈਲੀਕਾਸਟ ਨਹੀਂ ਕੀਤਾ ਜਾਵੇਗਾ।