ਨਵੀਂ ਦਿੱਲੀ 14 ਸਤੰਬਰ 2019: ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਪੰਥਕ ਕਾਰਜਾਂ ਅਤੇ ਧਰਮ ਪ੍ਰਚਾਰ ਦੇ ਖੇਤਰ ਵਿੱਚ ਦੂਜਿਆਂ ਸੰਸਥਾਵਾਂ ਤੋਂ ਅੱਗੇ ਹੈ।
ਦਮਦਮੀ ਟਕਸਾਲ ਦੇ ਮੁਖੀ ਦਿੱਲੀ ਕਮੇਟੀ ਦੇ ਸਹਿਯੋਗ ਨਾਲ ਗੁਰਦਵਾਰਾ ਨਾਨਕ ਪਿਆਓ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਸੁਧ ਪਾਠ ਬੋਧ ਸਮਾਗਮ ਦੀ ਸਮਾਪਤੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕ ਅੱਜ ਆਰੰਭਤਾ ਕੀਤੀ ਗਈ। ਦਮਦਮੀ ਟਕਸਾਲ ਵੱਲੋ ਇਹ ਪਾਠ ਬੋਧ ਸਮਾਗਮ 15 ਅਗਸਤ ਤੋਂ ਅੱਜ 14 ਸਤੰਬਰ ਤਕ ਚਲਿਆ। ਜਿਸ ਵਿੱਚ ਰੋਜ਼ਾਨਾ 400 ਤੋਂ ਵੱਧ ਸੰਗਤਾਂ ਨੇ ਪ੍ਰੇਮ ਭਾਵਨਾ ਤੇ ਪੂਰੀ ਸ਼ਰਧਾ ਨਾਲ ਹਿਸਾ ਲਿਆ। ਇਸ ਮੌਕੇ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਦਮਦਮੀ ਟਕਸਾਲ ਮੁਖੀ ਨੇ ਸਿੱਖ ਕੌਮ ਚ ਸ਼ੁੱਧ ਪਾਠ ਪ੍ਰਤੀ ਆਈ ਅਵੇਸਲਾਪਨ ਉਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਗੁਰਬਾਣੀ ਦਾ ਸ਼ੁੱਧ ਉਚਾਰਣ ਇਕ ਮਹਾਨ ਸੇਵਾ ਹੈ, ਇਸ ਦੇ ਤੁਲ ਕੁਝ ਭੀ ਨਹੀਂ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਆਪਣੇ ਪ੍ਰਮੁੱਖ ਪ੍ਰਯੋਜਨ ਤਹਿਤ ਗੁਰਬਾਣੀ ਸੰਥਿਆ, ਪ੍ਰਚਾਰ ਅਤੇ ਪਸਾਰ ਕਰਨ ਵਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਉਹਨਾਂ ਨੌਜਵਾਨ ਪੀੜ੍ਹੀ 'ਚ ਫੈਲ ਰਹੇ ਨਸ਼ਿਆਂ ਦੇ ਰੁਝਾਨ ਅਤੇ ਵਿਰਸੇ ਨੂੰ ਲੱਗ ਰਹੇ ਖੋਰੇ ਪ੍ਰਤੀ ਚਿੰਤਾ ਦਾ ਪ੍ਰਗਟਵਾ ਕੀਤਾ ਅਤੇ ਉਹਨਾਂ ਨੂੰ ਗੁਰਬਾਣੀ ਨਾਲ ਜੋੜਣ ਦੀ ਲੋੜ 'ਤੇ ਜ਼ੋਰ ਦਿਤਾ। ਉਨਾਂ ਕਿਹਾ ਕਿ ਗੁਰਬਾਣੀ ਸਾਡੇ ਜੀਵਨ ਦਾ ਆਧਾਰ ਹੈ, ਗੁਰਬਾਣੀ ਦੇ ਸ਼ੁੱਧ ਉਚਾਰਨ ਨਾਲ ਹੀ ਗੁਰਬਾਣੀ ਦੇ ਸਹੀ ਅਰਥਾਂ ਨੂੰ ਸਮਝਿਆ ਜਾ ਸਕਦਾ ਹੈ। ਇਸ ਕਰਕੇ ਬਾਣੀ ਸ਼ੁੱਧ ਉਚਾਰਨ ਅਤੇ ਸਮਝ ਨਾਲ ਪੜ੍ਹੀ ਜਾਣੀ ਚਾਹੀਦੀ ਹੈ।
ਦਿੱਲੀ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਬਾਦਤ ਤੋਂ ਬਿਨਾ ਸ਼ਹਾਦਤ ਨਹੀਂ ਦਿਤੀ ਜਾ ਸਕਦੀ ਅਤੇ ਇਬਾਦਤ ਸ਼ੁੱਧ ਪਾਠ ਬੋਧ ਬਿਨਾਂ ਸੰਭਵ ਨਹੀਂ।
ਇਸ ਉਦੇਸ਼ ਲਈ ਸੰਗਤ ਨੂੰ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਵਿੱਦਿਆ ਅਤੇ ਅਰਥ ਬੋਧ ਤੋਂ ਜਾਣੂ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਦਸਿਆ ਕਿ ਇਨ੍ਹਾਂ ਸਮਾਗਮਾਂ ਰਾਹੀ ਗ੍ਰੰਥੀ ਤੇ ਅਖੰਡ ਪਾਠੀ ਸਿੰਘਾਂ ਅਤੇ ਨੌਜਵਾਨ ਪੀੜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਸੰਥਿਆ ਕਰਾਈ ਗਈ ਅਤੇ ਸਿੱਖ ਰਹਿਤ ਮਰਯਾਦਾ - ਸਿਧਾਂਤ ਆਦਿ ਤੋਂ ਜਾਣੂ ਕਰਾਇਆ ਗਿਆ। ।ਉਨ੍ਹਾਂ ਦਮਦਮੀ ਟਕਸਾਲ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਦਸਿਆ ਕਿ ਇਲਾਕੇ ਦੀਆਂ ਸੰਗਤਾਂ 'ਚ ਦਮਦਮੀ ਟਕਸਾਲ ਵੱਲੋਂ ਕੀਤੇ ਜਾ ਰਹੇ ਸਮਾਗਮ ਦੀ ਬਹੁਤ ਵਡੀ ਮਹਾਨਤਾ ਦੇਖੀ ਗਈ। ਤੇ ਭਾਰੀ ਉਤਸ਼ਾਹ ਪਾਇਆ ਗਿਆ। ਦਿੱਲੀ ਕਮੇਟੀ ਦੇ ਆਗੂਆਂ ਤੇ ਸੰਗਤ ਨੇ ਦਮਦਮੀ ਟਕਸਾਲ ਵੱਲੋਂ ਕੀਤੇ ਜਾ ਰਹੇ ਪਾਠ ਬੋਧ ਸਮਾਗਮ ਦੇ ਵੱਡੇ ਉਪਰਾਲਿਆਂ, ਸਿੱਖੀ ਦੇ ਪ੍ਰਚਾਰ ਅਤੇ ਪਸਾਰ ਦੇ ਕਾਰਜਾਂ ਪ੍ਰਤੀ ਧੰਨਵਾਦ ਕੀਤਾ ਅਤੇ ਹਰ ਤਰਾਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।
ਇਸ ਮੌਕੇ ਗਿਆਨੀ ਬਚਿਤਰ ਸਿੰਘ ਹੈਡ ਗ੍ਰੰਥੀ ਗੁ: ਨਾਨਕ ਪਿਆਓ, ਅਜਾਇਬ ਸਿੰਘ ਅਭਿਆਸੀ, ਬਾਬਾ ਪਾਲ ਸਿੰਘ ਪਟਿਆਲਾ, ਬਾਬਾ ਹਰੀ ਸਿੰਘ ਭੂਰੀਵਾਲੇ, ਬਾਬਾ ਅਵਤਾਰ ਸਿੰਘ ਸ਼ਾਹ ਸਾਹਿਬ, ਬਾਬਾ ਜੀਵਾ ਸਿੰਘ, ਗਿਆਨੀ ਹਰਦੀਪ ਸਿੰਘ, ਗਿਆਨੀ ਸਾਹਿਬ ਸਿੰਘ, ਜਥੇ: ਸੁਖਦੇਵ ਸਿੰਘ ਅਨੰਦਪੁਰ, ਜਸਪਾਲ ਸਿੰਘ ਸਿੱਧੂ ਮੁੰਬਈ,ਅਮਰਬੀਰ ਸਿੰਘ ਢੋਟ, ਬੀਬੀ ਰਣਜੀਤ ਕੌਰ, ਜਤਿੰਦਰਪਾਲ ਸਿੰਘ ਗੋਲਡੀ, ਗਿਆਨੀ ਬਲਦੇਵ ਸਿੰਘ, ਹਰਵਿੰਦਰ ਸਿੰਘ ਕੇ ਪੀ, ਬਿਕਰਮ ਸਿੰਘ ਰੋਹਣੀ, ਸਰਬਜੀਤ ਵਿਰਕ, ਗਗਨਦੀਪ ਸਿੰਘ ਠੇਕੇਦਾਰ, ਸੰਰਬੀਰ ਸਿੰਘ ਸਨੀ, ਬੀਬੀ ਨਰਿੰਦਰ ਕੌਰ, ਗਿਆਨੀ ਅਮਨਦੀਪ ਸਿੰਘ, ਭਾਈ ਸਤਵੰਤ ਸਿੰਘ, ਹਾਰਸ਼ਦੀਪ ਸਿੰਘ, ਅਵਤਾਰ ਸਿੰਘ ਬੁੱਟਰ ਅਤੇ ਪ੍ਰੋ: ਸਰਚਾਂਦ ਸਿੰਘ ਵੀ ਮੌਜੂਦ ਸਨ।