ਲੁਧਿਆਣਾ, ਸਤੰਬਰ 17, 2019 - ਲੋਕਾਂ ਨੂੰ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਦੀ ਵਚਨਬੱਧਤਾ 'ਤੇ ਪਹਿਰਾ ਦਿੰਦਿਆਂ ਸ੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਕੱਟੜਾ ਸਥਿਤ ਸ੍ਰੀ ਮਾਤਾ ਵੈਸ਼ਨੋ ਦੇਵੀ ਨਰਾਇਣਾ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਸਹਿਯੋਗ ਨਾਲ ਲੁਧਿਆਣਾ ਅਧਾਰਿਤ ਫਾਉਂਡੇਸ਼ਨ 'ਹੈਵ ਅ ਹਾਰਟ ਫਾਉਂਡੇਸ਼ਨ' ਨਾਲ ਭਾਈਵਾਲੀ ਕਰਨ ਦਾ ਐਲਾਨ ਕੀਤਾ ਹੈ। ਇਸ ਭਾਈਵਾਲੀ ਅਧੀਨ 0-16 ਸਾਲ ਉਮਰ ਵਰਗ ਦੇ ਗਰੀਬ ਬੱਚਿਆਂ ਦੇ ਦਿਲ ਨਾਲ ਸੰਬੰਧਤ ਆਪਰੇਸ਼ਨਾਂ ਨੂੰ ਸਪਾਂਸਰ ਕੀਤਾ ਜਾਵੇਗਾ।
ਫਾਉਂਡੇਸ਼ਨ ਦੇ ਪ੍ਰਧਾਨ ਸ੍ਰੀ ਬਲਬੀਰ ਕੁਮਾਰ ਨੇ ਜੰਮੂ ਅਤੇ ਕਸ਼ਮੀਰ ਦੇ ਰਾਜਪਾਲ ਸ੍ਰੀ ਸਤਿਆਪਾਲ ਮਲਿਕ ਨਾਲ ਜੰਮੂ ਸਥਿਤ ਰਾਜ ਭਵਨ ਵਿਖੇ ਮੁਲਾਕਾਤ ਕੀਤੀ ਅਤੇ ਇਸ ਮਹੱਤਵਪੂਰਨ ਪ੍ਰੋਜੈਕਟ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸ਼ਰਾਈਨ ਬੋਰਡ ਦੇ ਸੀ. ਈ. ਓ. ਸ੍ਰ. ਸਿਮਰਨਦੀਪ ਸਿੰਘ ਅਤੇ ਹਸਪਤਾਲ ਦੇ ਫੈਸੀਲਿਟੀ ਡਾਇਰੈਕਟਰ ਸ੍ਰੀ ਕੇ. ਐੱਸ. ਦੱਤਾਤਰੀਆ ਵੀ ਹਾਜ਼ਰ ਸਨ।
ਦੱਸਣਯੋਗ ਹੈ ਕਿ ਫਾਉਂਡੇਸ਼ਨ 2013 ਤੋਂ ਲਗਾਤਾਰ ਅਜਿਹੇ ਮਰੀਜ਼ਾਂ ਦਾ ਇਲਾਜ ਸਪਾਂਸਰ ਕਰ ਰਹੀ ਹੈ। ਹੁਣ ਤੱਕ 192 ਬੱਚਿਆਂ ਦਾ ਇਲਾਜ ਕਰਵਾਇਆ ਜਾ ਚੁੱਕਾ ਹੈ। ਫਾਉਂਡੇਸ਼ਨ ਵੱਲੋਂ ਲੁਧਿਆਣਾ ਅਤੇ ਬੰਗਲੁਰੂ ਸਥਿਤ ਹੋਰ ਸਿਹਤ ਸੰਸਥਾਵਾਂ ਨਾਲ ਵੀ ਅਜਿਹੀ ਭਾਈਵਾਲੀ ਕੀਤੀ ਹੋਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਮੌਜੂਦਾ ਸਮੇਂ ਇਕੱਲੇ ਜੰਮੂ ਅਤੇ ਕਸ਼ਮੀਰ ਨਾਲ ਸੰਬੰਧਤ 60 ਮਰੀਜ਼ ਪਿਛਲੇ 1-2 ਸਾਲਾਂ ਤੋਂ ਪੀ. ਜੀ. ਆਈ. ਜਾਂ ਏਮਜ਼ ਵਰਗੇ ਹਸਪਤਾਲਾਂ ਵਿੱਚ ਇਲਾਜ ਦੀ ਉਡੀਕ ਕਰ ਰਹੇ ਹਨ। ਇਸ ਉਪਰਾਲੇ ਨਾਲ ਅਜਿਹੇ ਮਰੀਜ਼ਾਂ ਨੂੰ ਭਾਰੀ ਲਾਭ ਮਿਲੇਗਾ।
ਇਸ ਮੌਕੇ ਰਾਜਪਾਲ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਮੀਦ ਜਤਾਈ ਕਿ ਇਸ ਨਾਲ ਸੈਂਕੜੇ ਯੋਗ ਲਾਭਪਾਤਰੀਆਂ ਨੂੰ ਇਲਾਜ ਵਿੱਚ ਸਹਾਇਤਾ ਮਿਲੇਗੀ। ਰਾਜਪਾਲ ਨੇ ਫਾਉਂਡੇਸ਼ਨ, ਸ਼ਰਾਈਨ ਬੋਰਡ ਅਤੇ ਹਸਪਤਾਲ ਦੇ ਸਾਂਝੇ ਯਤਨਾਂ ਦਾ ਭਰਪੂਰ ਸਵਾਗਤ ਕੀਤਾ। ਉਨ•ਾਂ ਫਾਉਂਡੇਸ਼ਨ ਨੂੰ ਇਸ ਕੰਮ ਲਈ ਹਰ ਸੰਭਵ ਸਹਿਯੋਗ ਕਰਨ ਦਾ ਭਰੋਸਾ ਦਿੱਤਾ।