ਕੈਂਪ ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ
ਨਵਾਂਸ਼ਹਿਰ, 17 ਸਤੰਬਰ,2019: ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਫ਼ਸਲੀ ਵਿਭਿੰਨਤਾ ਸਕੀਮ (ਮੱਕੀ) ਅਧੀਨ ਪਿੰਡ ਮਜਾਰਾ ਕਲਾਂ ਵਿਖੇ ਲਾਏ ਗਏ ਕਿਸਾਨ ਜਾਗਰੂਕਤਾ ਕੈਂਪ ਦੌਰਾਨ ਮੱਕੀ ਨੂੰ ਝੋਨੇ ਦੇ ਬਦਲ ਵਜੋਂ ਸੁਝਾਇਆ ਗਿਆ। ਕੈਂਪ ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਵੀ ਕੀਤੀ ਗਈ।
ਡਾ. ਸ਼ੁਸੀਲ ਕੁਮਾਰ, ਖੇਤੀਬਾੜੀ ਅਫ਼ਸਰ, ਨਵਾਂਸ਼ਹਿਰ ਨੇ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਨਾਉਣ ਦੀ ਸਲਾਹ ਦਿੰਦਿਆਂ ਝੋਨੇ ਦੀ ਫ਼ਸਲ ਦੀ ਥਾਂ ’ਤੇ ਮੱਕੀ ਦੀ ਫ਼ਸਲ ਲਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਮੱਕੀ ਦੀ ਫ਼ਸਲ ਘੱਟ ਪਾਣੀ ਲੈਂਦੀ ਹੋਣ ਕਾਰਨ ਕੁਦਰਤੀ ਸੋਮਿਆਂ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।
ਇਸ ਮੌਕੇ ਉਨ੍ਹਾਂ ਨੇ ਬਾਸਮਤੀ ਦੀ ਫ਼ਸਲ ’ਤੇ 9 ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ, ਕਿਉਂਜੋ ਇਸ ਸਮੇਂ ਵਰਤੀਆਂ ਦਵਾਈਆਂ ਦਾ ਦਾਣਿਆਂ ਉੱਤੇ ਅਸਰ ਰਹਿ ਜਾਂਦਾ ਹੈ, ਜਿਸ ਕਾਰਨ ਬਾਸਮਤੀ ਦੀ ਕੁਆਲਟੀ ਅਤੇ ਵਪਾਰ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਸਿੱਟੇ ਵਜੋਂ ਅੰਤਰਰਾਸ਼ਟਰੀ ਮੰਡੀ ਵਿੱਚ ਬਾਸਮਤੀ ਚੌਲ ਪ੍ਰਵਾਨ ਨਹੀਂ ਹੁੰਦੇ। ਉਨ੍ਹਾਂ ਨੇ ਕਿਸਾਨਾਂ ਨੂੰ ਮੁੱਖ ਫ਼ਸਲਾਂ ਦੀ ਕਾਸ਼ਤ ਦੇ ਨਾਲ-ਨਾਲ ਦਾਲਾਂ ਅਤੇ ਤੇਲਬੀਜ ਦੀਆਂ ਫ਼ਸਲਾਂ ਉਗਾਉਣ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਤਾਂ ਜੋ ਵਾਤਾਵਰਨ ਅਤੇ ਮਨੁੱਖਤਾ ਨੂੰ ਇਸ ਦੇ ਬੁਰੇ ਪ੍ਰਭਾਵ ਤੋਂ ਬਚਾਇਆ ਜਾ ਸਕੇ।
ਡਾ. ਕੁਲਵਿੰਦਰ ਕੌਰ, ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਸਾਨਾਂ ਨੂੰ ਮਿੱਟੀ ਪਰਖ਼ ਦੀ ਮਹੱਤਤਾ ਅਤੇ ਸੈਂਪਲ ਲੈਣ ਦੇ ਤਰੀਕੇ ਬਾਰ ਜਾਣਕਾਰੀ ਦਿੰਦਿਆਂ ਮਿੱਟੀ ਪਰਖ਼ ਦੇ ਅਧਾਰ ’ਤੇ ਹੀ ਖਾਦਾਂ ਪਾਉਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇ ਕਿਸਾਨਾਂ ਨੇ ਹਾੜ੍ਹੀ ਦੀ ਫ਼ਸਲ ਨੂੰ ਸ਼ਿਫਾਰਿਸ ਅਨੁਸਾਰ ਡੀ.ਏ.ਪੀ ਖਾਦ ਪਾਈ ਹੈ ਤਾਂ ਸਾਉਣੀ ਦੀ ਫ਼ਸਲ ਨੂੰ ਪਾਉਣ ਦੀ ਜ਼ਰੂਰਤ ਨਹੀਂ ਹੈ।
ਡਾ.ਜਗਦੀਸ਼ ਕਾਹਮਾ, ਬਾਗ਼ਬਾਨੀ ਵਿਕਾਸ ਅਫ਼ਸਰ ਨੇ ਕਿਸਾਨਾਂ ਨੂੰ ਬਾਗ਼ਬਾਨੀ ਵਿਭਾਗ ਦੀਆਂ ਸਕੀਮਾਂ ਅਤੇ ਘਰੇਲੂ ਬਗੀਚੀ ਬਾਰੇ ਜਾਣਕਾਰੀ ਦਿੱਤੀ। ਸ੍ਰੀਮਤੀ ਨੀਨਾ ਕੰਵਰ ਡੀ.ਪੀ.ਡੀ ਨੇ ਕਿਸਾਨਾਂ ਨੂੰ ਆਤਮਾ ਸਕੀਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਕੁਲਜਿੰਦਰ ਕੁਮਾਰ ਅਤੇ ਜਸਵਿੰਦਰ ਕੌਰ (ਏ.ਟੀ.ਐਮ), ਲਾਲ ਚੰਦ (ਐਸ.ਐਲ.ਏ), ਰਾਮ ਲੁਭਾਇਆ, ਗੁਰਮੇਲ ਸਿੰਘ, ਤਾਰਾ ਸਿੰਘ, ਸੁਰਿੰਦਰ ਸਿੰਘ, ਜਗਦੇਵ ਸਿੰਘ, ਹਰਵਿੰਦਰ ਸਿੰਘ, ਜਸ਼ਨ ਸਿੰਘ ਅਤੇ ਹਰਨੇਕ ਸਿੰਘ ਆਦਿ ਸ਼ਾਮਿਲ ਸਨ।