ਕਿਸਾਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਪੰਜਾਬ ਤੇ ਕੇਂਦਰ ਸਰਕਾਰ ਨੂੰ ਲਿਖਿਆ ਜਾਵੇਗਾ-ਕੁਮਾਰ ਸੌਰਭ ਰਾਜ
ਦੇਵਾਂ ਨੰਦ ਸ਼ਰਮਾ ਫਰੀਦਕੋਟ 10 ਅਕਤੂਬਰ 2019: ਅੱਜ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਵੱਲੋਂ ਜਿਲ੍ਹੇ ਦੇ ਵੱਖ ਵੱਖ ਕਿਸਾਨ ਜੱਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ।
ਡਿਪਟੀ ਕਮਿਸ਼ਨਰ ਨੇ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੂੰ ਯਕੀਨ ਦਵਾਇਆ ਉਨ੍ਹਾਂ ਵੱਲੋਂ ਵੱਖ ਵੱਖ ਫਸਲਾਂ ਦੇ ਸਮਰਥਨ ਮੁੱਲਾਂ, ਝੋਨੇ ਦੀ ਖਰੀਦ, ਅਵਾਰਾ ਪਸ਼ੂਆਂ ਦੀ ਸਮੱਸਿਆ, ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣ , ਕਿਸਾਨਾਂ ਦੇ ਰਹਿੰਦੇ ਕਰਜ਼ੇ ਮੁਆਫ ਕਰਵਾਉਣ, ਵਾਢੀ ਦੇ ਸੀਜ਼ਨ ਦੌਰਾਨ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ, ਪਰਾਲੀ ਪ੍ਰਬੰਧਨ ਲਈ ਆਰਥਿਕ ਮਦਦ ਸਮੇਤ ਹੋਰ ਵੱਖ ਵੱਖ ਮੁਸ਼ਕਿਲਾਂ ਸਬੰਧੀ ਪੰਜਾਬ ਸਰਕਾਰ ਨੂੰ ਲਿਖਤੀ ਰੂਪ ਵਿੱਚ ਸੂਚਿਤ ਕਰਨਗੇ ਤਾਂ ਜੋ ਸਰਕਾਰ ਕਿਸਾਨਾਂ ਦੀਆਂ ਉਪਰੋਕਤ ਮੁਸ਼ਕਿਲਾਂ ਅਤੇ ਲੋੜਾਂ ਸਬੰਧੀ ਹਮਦਰਦੀ ਨਾਲ ਮਦਦ ਕਰੇ ।ਉਨ੍ਹਾਂ ਕਿਹਾ ਕਿ ਸਥਾਨਕ ਪੱਧਰ ਦੀਆਂ ਮੁਸ਼ਕਿਲਾਂ ਨੂੰ ਵੀ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਸਾਨ ਜੱਥੇਬੰਦੀਆਂ ਨੂੰ ਯਕੀਨ ਦਵਾਇਆ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਝੋਨੇ ਦੀ ਖਰੀਦ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਖਰੀਦ ਜਾਂ ਅਦਾਇਗੀ ਸਬੰਧੀ ਕਿਸੇ ਤਰ੍ਹਾਂ ਦੀ ਵੀ ਮੁਸ਼ਕਿਲ ਆਉਂਦੀ ਹੈ ਤਾਂ ਉਹ ਸਬੰਧਤ ਐਸ.ਡੀ.ਐਮ, ਤਹਿਸੀਲਦਾਰ ਜਾਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਤੋਂ ਇਲਾਵਾ ਉਨ੍ਹਾਂ ਨਾਲ ਵੀ ਸੰਪਰਕ ਕਰ ਸਕਦੇ ਹਨ । ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਕਿਸਾਨਾਂ ਦੇ ਹਰ ਮੁਸ਼ਕਿਲ ਦੇ ਹੱਲ ਲਈ ਪੂਰੀ ਤਰ੍ਹਾਂ ਯਤਨਸ਼ੀਲ ਰਹੇਗਾ।
ਇਸ ਮੀਟਿੰਗ ਵਿੱਚ ਕਿਸਾਨਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਐਸ.ਡੀ.ਐਮ. ਫਰੀਦਕੋਟ ਸ: ਪਰਮਦੀਪ ਸਿੰਘ, ਸ: ਭੁਪਿੰਦਰ ਸਿੰਘ ਐਸ.ਪੀ.(ਐਚ), ਪ੍ਰੋਜੈਕਟ ਡਾਇਰੈਕਟਰ ਆਤਮਾ ਡਾ. ਅਮਨਦੀਪ ਕੇਸ਼ਵ, ਡੀ.ਆਈ.ਓ. ਸ੍ਰੀ ਅਨਿਲ ਕਟਿਆਰ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਗੋਤਮ ਪ੍ਰਸ਼ਾਦ, ਜਿਲ੍ਹਾ ਮਾਲ ਅਫਸਰ ਸ: ਅਵਤਾਰ ਸਿੰਘਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।