ਅਗਾਂਹਵਧੂ ਕਿਸਾਨ ਜਸਪਾਲ ਸਿੰਘ ਕਿਰਾਏ 'ਤੇ ਕੰਬਾਇਨ ਪਿਛੇ ਲੱਗੇ ਸੁਪਰ ਐਸ.ਐਮ.ਐਸ. ਨਾਲ ਕਰਦਾ ਹੈ ਫਸਲ ਦੀ ਕਟਾਈ
ਜਸਪਾਲ ਸਿੰਘ ਨੇ ਸਿੱਧੀ ਬਿਜਾਈ ਦੇ ਕੀਤੇ ਹਨ ਕਈ ਸਫਲ ਤਜ਼ਰਬੇ
ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਵਜੋਂ 15 ਦੁਧਾਰੂ ਪਸ਼ੂਆਂ ਨਾਲ ਡੇਅਰੀ ਫਾਰਮਿੰਗ ਦਾ ਧੰਦਾ ਵੀ ਕਰਦਾ ਹੈ ਕਿਸਾਨ ਜਸਪਾਲ ਸਿੰਘ
ਰੋਜ਼ਾਨਾਂ 01 ਕੁਇੰਟਲ 25 ਕਿਲੋ ਦੁੱਧ ਦੀ ਪੈਦਾਵਾਰ ਹੁੰਦੀ ਹੈ ਕਿਸਾਨ ਜਸਪਾਲ ਸਿੰਘ ਦੀ
ਬਸੀ ਪਠਾਣਾ (ਫ਼ਤਹਿਗੜ੍ਹ ਸਾਹਿਬ), 11 ਅਕਤੂਬਰ - ਅੱਜ ਜਦੋਂ ਕਿ ਵੱਧ ਰਹੇ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਵੱਡੀ ਪੱਧਰ 'ਤੇ ਸਰਕਾਰ ਵੱਲੋਂ ਮੁਹਿੰਮ ਆਰੰਭੀ ਗਈ ਹੈ ਉਥੇ ਹੀ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਕਈ ਅਗਾਂਹਵਧੂ ਕਿਸਾਨ ਅਜਿਹੇ ਵੀ ਹਨ ਜੋ ਕਿ ਬਿਨਾਂ ਪਰਾਲੀ ਨੂੰ ਅੱਗ ਲਗਾਏ ਸਫਲਤਾ ਪੂਰਬਕ ਖੇਤੀ ਕਰ ਰਹੇ ਹਨ ਅਤੇ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾ ਕੇ ਆਪਣਾ ਆਰਥਿਕ ਪੱਧਰ ਉਚਾ ਚੁੱਕ ਰਹੇ ਹਨ।
ਅਜਿਹਾ ਹੀ ਇੱਕ ਅਗਾਂਹਵਧੂ ਕਿਸਾਨ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਬਲਾਕ ਬਸੀ ਪਠਾਣਾ ਦੇ ਪਿੰਡ ਸਿਕੰਦਰਪੁਰ ਦਾ ਜਸਪਾਲ ਸਿੰਘ ਪੁੱਤਰ ਬਲਵੰਤ ਸਿੰਘ ਹੈ ਜੋ ਕਿ ਪਿਛਲੇ 4 ਸਾਲ ਤੋਂ ਬਿਨਾਂ ਝੌਨੇ ਦੀ ਪਰਾਲੀ ਨੂੰ ਅੱਗ ਲਗਾਏ ਲਗਭਗ 75 ਏਕੜ ਰਕਬੇ ਵਿੱਚ ਕਣਕ ਦੀ ਬਿਜਾਈ ਕਰਦਾ ਆ ਰਿਹਾ ਹੈ। ਇਸ ਕਿਸਾਨ ਕੋਲ 10 ਕਿਲ੍ਹੇ ਜਮੀਨ ਹੈ ਅਤੇ 65 ਕਿਲ੍ਹੇ ਜਮੀਨ ਇਹ ਠੇਕੇ 'ਤੇ ਲੈਂਦਾ ਹੈ। ਇਸ ਕਿਸਾਨ ਨੇ ਕਿਰਾਏ ' ਕੰਬਾਇਨ ਪਿੱਛੇ ਲੱਗੇ ਸੁਪਰ ਐਸ.ਐਮ.ਐਸ. ਸਿਸਟਮ ਨਾਲ ਆਪਣੀ ਫਸਲ ਦੀ ਕਟਾਈ ਕਰਵਾਉਂਦਾ ਹੈ। ਇਹ ਐਸ.ਐਮ.ਐਸ. ਸਿਸਟਮ ਪਰਾਲੀ ਦਾ ਕੁਤਰਾ-ਕੁਤਰਾ ਕਰਕੇ ਇਸ ਨੂੰ ਇਕਸਾਰ ਖੇਤਾਂ ਵਿੱਚ ਖਿਲਾਰ ਦਿੰਦਾ ਹੈ। ਇਸ ਤਕਨੀਕ ਨਾਲ ਨਦੀਨ ਘੱਟ ਜੰਮਦੇ ਹਨ, ਜਿਸ ਕਰਕੇ ਨਦੀਨ ਨਾਸ਼ਕਾਂ ਉਪਰ ਲਾਗਤ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਇਸ ਨਾਲ ਧਰਤੀ ਦੀ ਸਿਹਤ ਵਿੱਚ ਵੀ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਇਸ ਤਕਨੀਕ ਨਾਲ ਪਾਣੀ ਦੀ ਵੀ ਬੱਚਤ ਹੁੰਦੀ ਅਤੇ ਅਸਾਨੀ ਨਾਲ ਹੈਪੀ ਸੀਡਰ ਰਾਹੀਂ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।
ਇਹ ਸਫਲ ਕਿਸਾਨ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਤਕਨੀਕਾਂ ਨੂੰ ਆਪਣੇ ਖੇਤਾਂ ਵਿੱਚ ਅਪਣਾ ਕੇ ਦੂਸਰੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆਂ ਹੋਇਆ ਹੈ। ਇਸ ਕਿਸਾਨ ਨੇ ਕਣਕ ਅਤੇ ਝੋਨੇ ਦੀ ਸਿੱਧੀ ਬਿਜਾਈ ਦੇ ਕਈ ਸਫਲ ਤਜ਼ਰਬੇ ਕੀਤੇ ਹਨ। ਇਸ ਕਿਸਾਨ ਵੱਲੋਂ ਬਿਨਾਂ ਪਰਾਲੀ ਨੂੰ ਅੱਗ ਲਗਾਏ ਅਤੇ ਘੱਟ ਖਰਚਾ ਕਰਕੇ ਫਸਲਾਂ ਦੀ ਬਿਜਾਈ ਕੀਤੀ ਜਾਂਦੀ ਹੈ ਜਿਸ ਨਾਲ ਇਸ ਦੀ ਆਰਥਿਕਤਾ ਵੀ ਮਜਬੂਤ ਹੁੰਦੀ ਹੈ। ਇਸ ਕਿਸਾਨ ਦੇ ਦੋ ਲੜਕੇ ਹਨ ਜਿਨ੍ਹਾਂ ਵਿੱਚੋਂ ਇੱਕ ਲੜਕਾ ਫੌਜ ਵਿੱਚ ਹੈ ਅਤੇ ਦੂਸਰਾ ਕਿਸਾਨ ਹੈ ਇਸ ਲਈ ਇਹ ਕਿਸਾਨ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਨੂੰ ਬੁਲੰਦ ਕਰ ਰਿਹਾ ਹੈ।
ਸਫਲ ਕਿਸਾਨ ਜਸਪਾਲ ਸਿੰਘ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਵਜੋਂ ਡੇਅਰੀ ਫਾਰਮਿੰਗ ਦਾ ਕੰਮ ਵੀ ਕਰ ਰਿਹਾ ਹੈ। ਇਸ ਕੋਲ 15 ਦੁਧਾਰੂ ਪਸ਼ੂ ਹਨ ਜਿਨ੍ਹਾਂ ਤੋਂ ਰੋਜ਼ਾਨਾਂ ਇੱਕ ਕੁਇੰਟਲ 25 ਕਿਲੋ ਦੁੱਧ ਦੀ ਪੈਦਾਵਾਰ ਹੁੰਦੀ ਹੈ। ਇਹ ਸਾਰਾ ਦੁੱਧ ਵੇਰਕਾ ਡੇਅਰੀ ਵਿੱਚ ਵੇਚਦੇ ਹਨ। ਇਸ ਕਿਸਾਨ ਨੇ ਖੇਤੀਬਾੜੀ ਵਿਭਾਗ ਤੋਂ ਮਲਚਰ ਦੀ ਸਬਸਿਡੀ ਵੀ ਪ੍ਰਾਪਤ ਕੀਤੀ ਹੈ। ਸਫਲ ਕਿਸਾਨ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਮਿੱਟੀ ਵਿੱਚ ਮਲਚ ਕਰਨ ਲਈ ਮਲਚਰ, ਟਰੈਕਟਰ, ਰੋਟਾਵੇਟਰ, ਪਲਟਾਵਾਂ ਹੱਲ ਵਰਤਦਾ ਹੈ। ਇਸ ਤਰ੍ਹਾਂ ਕਰਨ ਨਾਲ ਪਾਣੀ ਦੀ ਬਚਤ ਹੁੰਦੀ ਹੈ ਅਤੇ ਇਸ ਤਜ਼ਰਬੇ ਨਾਲ ਕਣਕ ਦੀ ਫਸਲ ਨੂੰ ਵੀ ਲਗਭਗ ਇੱਕ ਵਾਰ ਦਾ ਪਾਣੀ ਦੂਜੇ ਖੇਤਾਂ ਨਾਲੋਂ ਘੱਟ ਲੱਗਦਾ ਹੈ ਅਤੇ ਖਾਦ ਦੀ 40 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਬਚਤ ਹੁੰਦੀ ਹੈ।
ਇਹ ਕਿਸਾਨ ਜਿਥੇ ਆਪ ਪਰਾਲੀ ਨੂੰ ਅੱਗ ਨਹੀਂ ਲਗਾਉਂਦਾ ਉਥੇ ਹੀ ਇਲਾਕੇ ਦੇ ਕਈ ਪਿੰਡਾਂ ਦੇ ਕਿਸਾਨਾਂ ਨੂੰ ਵੀ ਅਜਿਹਾ ਕਰਨ ਤੋਂ ਰੋਕਦਾ ਹੈ ਤਾਂ ਜੋ ਸਾਡਾ ਵਾਤਾਵਰਣ ਸਵੱਛ ਤੇ ਹਰਿਆ ਭਰਿਆ ਰਹਿ ਸਕੇ