ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਸ. ਕੁਲਜੀਤ ਸਿੰਘ ਨਾਗਰਾ ਅਤੇੇ ਮੈਂਬਰ ਲੋਕ ਸਭਾ ਡਾ. ਅਮਰ ਸਿੰਘ, ਪਿੰਡ ਚਨਾਰਥਲ ਵਿਖੇ ਕਰਵਾਏ ਖੇਡ ਮੇਲੇ ਦੇ ਅੰਤਿਮ ਦਿਨ ਜੇਤੂ ਟੀਮਾਂ ਨੂੰ ਇਨਾਮ ਵੰਡਦੇ ਹੋਏ
ਚਨਾਰਥਲ ਕਲਾਂ ਨੂੰ ਸਬ ਤਹਿਸੀਲ ਬਣਾਉਣ ਦੇ ਨਾਲ-ਨਾਲ ਕਰੋੜਾਂ ਰੁਪਏ ਵਿਕਾਸ ਕੰਮਾਂ 'ਤੇ ਖਰਚ ਕੀਤੇ
ਪਿੰਡ ਵਿੱਚ ਧਾਰਮਿਕ ਤੇ ਸਮਾਜਿਕ ਸਮਾਗਮਾਂ ਲਈ 90 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹੈ ਆਧੁਨਿਕ ਸ਼ੈਡ
ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਕੁਲਜੀਤ ਸਿੰਘ ਨਾਗਰਾ ਅਤੇ ਮੈਂਬਰ ਲੋਕ ਸਭਾ ਡਾ. ਅਮਰ ਸਿੰਘ ਨੇ ਚਨਾਰਥਲ ਕਲਾਂ 'ਚ ਕਰਵਾਏ ਤਿੰਨ ਰੋਜ਼ਾ ਖੇਡ ਮੇਲੇ ਦੇ ਜੇਤੂਆਂ ਨੂੰ ਵੰਡੇ ਇਨਾਮ
ਇੱਕ ਪਿੰਡ ਓਪਨ ਕਬੱਡੀ ਵਿੱਚ ਦਿੜਬਾ ਪਿੰਡ ਨੇ ਪਹਿਲਾ ਸਥਾਨ ਹਾਸਲ ਕਰਕੇ 51 ਹਜ਼ਾਰ ਰੁਪਏ ਦਾ ਜਿੱਤਿਆ ਇਨਾਮ
ਦੇਰ ਰਾਤ ਤੱਕ ਲੋਕਾਂ ਨੇ ਖੇਡ ਮੇਲੇ ਦਾ ਮਾਣਿਆਂ ਆਨੰਦ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 10 ਅਕਤੂਬਰ: ਫ਼ਤਹਿਗੜ੍ਹ ਸਾਹਿਬ ਹਲਕੇ ਦਾ ਵਿਕਾਸ ਕੇਵਲ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਹੋਇਆ ਜਦਕਿ ਲਗਾਤਾਰ 10 ਸਾਲ ਰਾਜ ਕਰਨ ਵਾਲੀ ਅਕਾਲੀ ਦਲ ਦੀ ਸਰਕਾਰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪਿੰਡ ਨੂੰ ਜਾਂਦੀ ਮੁੱਖ ਸੜਕ ਦੀ ਮੁਰੰਮਤ ਵੀ ਨਾ ਕਰਵਾ ਸਕੀ ਜਦੋਂ ਕਿ ਮੌਜੂਦਾ ਸਰਕਾਰ ਰੁੜਕੀ ਤੋ ਚਨਾਰਥਲ ਕਲਾਂ ਤੇ ਟੌਹੜਾ ਤੋਂ ਤਰਖੇੜੀ ਤੱਕ ਦੀ ਸੜਕ ਦੀ ਮੁਰੰਮਤ 'ਤੇ 09 ਕਰੋੜ ਰੁਪਏ ਖਰਚ ਕਰ ਰਹੀ ਹੈ ਅਤੇ ਸਰਕਾਰ ਨੇ ਚਨਾਰਥਲ ਕਲਾਂ ਨੂੰ ਸਬ ਤਹਿਸੀਲ ਬਣਾਉਣ ਦੇ ਨਾਲ-ਨਾਲ ਇਸ ਪਿੰਡ ਦੇ ਵਿਕਾਸ ਕਾਰਜਾਂ 'ਤੇ ਕਰੋੜਾਂ ਰੁਪਏ ਖਰਚ ਕੀਤੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਤੇ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਯੂਥ ਸਪੋਰਟਸ ਕਲੱਬ ਵੱਲੋਂ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਗਏ ਤਿੰਨ ਰੋਜ਼ਾ ਖੇਡ ਮੇਲੇ ਦੇ ਅੰਤਿਮ ਦਿਨ ਲੋਕ ਸਭਾ ਮੈਂਬਰ ਹਲਕਾ ਫ਼ਤਹਿਗੜ੍ਹ ਸਾਹਿਬ ਡਾ. ਅਮਰ ਸਿੰਘ ਦੇ ਨਾਲ ਜੇਤੂ ਟੀਮਾਂ ਨੂੰ ਇਨਾਮ ਵੰਡਣ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਸ. ਨਾਗਰਾ ਨੇ ਦੱਸਿਆ ਕਿ ਪਿੰਡ ਚਨਾਰਥਲ ਕਲਾਂ ਵਿਖੇ ਪਿੰਡ ਵਾਸੀਆਂ ਦੀ ਸਹੂਲਤ ਲਈ ਧਾਰਮਿਕ ਅਤੇ ਸਮਾਜਿਕ ਸਮਾਗਮ ਕਰਵਾਉਣ ਲਈ 90 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਸ਼ੈਡ ਬਣਾਇਆ ਜਾ ਰਿਹਾ ਹੈ ਅਤੇ ਪਿੰਡ ਦੇ ਟੋਭੇ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਸੀਚੇਵਾਲ ਮਾਡਲ ਪ੍ਰੋਜੈਕਟ ਲਗਾਇਆ ਜਾ ਰਿਹਾ ਹੈ ਜਿਸ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਤਾਂ ਜੋ ਸੀਵਰੇਜ ਦੇ ਪਾਣੀ ਨੂੰ ਸਾਫ ਕਰਕੇ ਕਿਸਾਨ ਫਸਲਾਂ ਦੀ ਸਿੰਚਾਈ ਲਈ ਵਰਤ ਸਕਣ। ਉਨ੍ਹਾਂ ਦੱਸਿਆ ਕਿ ਪਿੰਡ ਦੀਆਂ ਫਿਰਨੀਆਂ ਅਤੇ ਅੰਦਰੂਨੀ ਸੜਕਾਂ ਦੀ ਵਿਸ਼ੇਸ਼ ਮੁਰੰਮਤ ਦਾ ਕੰਮ ਵੀ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਅਤੇ ਪਿੰਡ ਵਿੱਚ 1.5 ਕਿਲੋਮੀਟਰ ਦੀਆਂ ਗਲੀਆਂ 'ਤੇ ਇੰਟਰਲਾਕਿੰਗ ਟਾਈਲਾਂ ਲਗਵਾਈਆਂ ਗਈਆਂ ਹਨ। ਗੰਦੇ ਪਾਣੀ ਦੀ ਨਿਕਾਸੀ ਲਈ ਸੋਲਰ ਮੋਟਰ ਲਗਵਾਈ ਗਈ ਹੈ। ਉਨ੍ਹਾਂ ਹੋਰ ਦੱਸਿਆ ਕਿ ਇਸ ਇਲਾਕੇ ਦੀਆਂ ਸਾਰੀਆਂ ਲਿੰਕ ਸੜਕਾਂ ਜਿਨ੍ਹਾਂ ਦੀ ਪਿਛਲੇ 15 ਸਾਲਾਂ ਤੋਂ ਮੁਰੰਮਤ ਨਹੀਂ ਸੀ ਹੋਈ ਉਨ੍ਹਾਂ ਦੀ ਮੁਰੰਮਤ ਕਰਵਾਈ ਗਈ ਹੈ। ਉਨ੍ਹਾਂ ਇਸ ਮੌਕੇ ਖੇਡ ਮੇਲਾ ਕਰਵਾਉਣ ਲਈ ਯੂਥ ਸਪੋਰਟਸ ਕਲੱਬ ਚਨਾਰਥਲ ਕਲਾਂ ਦੀ ਸ਼ਲਾਘਾ ਕੀਤੀ ਅਤੇ ਕਲੱਬ ਨੂੰ ਇੱਕ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ ਅਤੇ ਪਿੰਡ ਵਾਸੀਆਂ ਵੱਲੋਂ ਦਿੱਤੇ ਮੰਗ ਪੱਤਰ ਵਿੱਚ ਸ਼ਾਮਲ ਸਾਰੀਆਂ ਮੰਗਾਂ ਮੰਨਣ ਦਾ ਵਿਸ਼ਵਾਸ਼ ਦਿਵਾਇਆ।
ਇਸ ਮੌਕੇ ਮੈਂਬਰ ਲੋਕ ਸਭਾ ਡਾ. ਅਮਰ ਸਿੰਘ ਨੇ ਬੋਲਦਿਆਂ ਕਿਹਾ ਕਿ ਹਲਕੇ ਦਾ ਸੰਸਦੀ ਮੈਂਬਰ ਹੋਣ ਦੇ ਨਾਤੇ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾਉਣਾ ਮੇਰੀ ਪਹਿਲੀ ਤਰਜ਼ੀਹ ਹੈ ਅਤੇ ਵਿਕਾਸ ਕਾਰਜਾਂ ਲਈ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਇਲਾਕੇ ਦੇ ਲੋਕਾਂ ਵੱਲੋਂ ਚੋਣਾਂ ਦੌਰਾਨ ਉਨ੍ਹਾਂ ਦੇ ਹੱਕ ਵਿੱਚ ਦਿੱਤੇ ਫਤਵੇ ਲਈ ਵੀ ਲੋਕਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਮੈਂਬਰ ਲੋਕ ਸਭਾ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਲੱਗ ਕੇ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਖੇਡਾਂ ਵਿੱਚ ਬੁਲੰਦੀਆਂ ਛੂਹ ਕੇ ਦੇਸ਼ ਅਤੇ ਪਿੰਡ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਚਨਾਰਥਲ ਦੇ ਨੌਜਵਾਨ ਯੂਥ ਕਲੱਬ ਨੇ ਇਹ ਖੇਡਾਂ ਕਰਵਾਈਆਂ ਹਨ ਇਸ ਤੋਂ ਹੋਰਨਾਂ ਯੂਥ ਕਲੱਬਾਂ ਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਕਲੱਬ ਨੂੰ ਖੇਡ ਮੇਲਾ ਕਰਵਾਉਣ 'ਤੇ ਮੁਬਾਰਕਬਾਦ ਵੀ ਦਿੱਤੀ।
ਖੇਡ ਮੇਲੇ ਦੇ ਪ੍ਰਬੰਧਕ ਤੇ ਸ. ਕੁਲਜੀਤ ਸਿੰਘ ਨਾਗਰਾ ਦੇ ਮੀਡੀਆ ਇੰਚਾਰਜ ਪਰਮਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਇਸ ਤਿੰਨ ਰੋਜ਼ਾ ਖੇਡ ਮੇਲੇ ਵਿੱਚ ਕਬੱਡੀ ਸਮੇਤ ਹੋਰਨਾਂ ਖੇਡਾਂ ਦੀਆਂ 100 ਤੋਂ ਵੱਧ ਟੀਮਾਂ ਨੇ ਭਾਗ ਲਿਆ 70 ਕਿਲੋ ਭਾਰ ਵਰਗ ਵਿੱਚ ਬੁਲੇਵਾਲ ਕਬੱਡੀ ਦੀ ਟੀਮ ਨੇ ਪਹਿਲਾ ਤੇ ਅੱਚਲ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ ਇੱਕ ਪਿੰਡ ਓਪਨ ਵਿੱਚ ਦਿੜਬਾ ਪਿੰਡ ਨੇ ਦਿੜਬਾ ਮੰਡੀ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ 51,000/-ਰੁਪਏ ਤੇ ਉਪ ਜੇਤੂ ਟੀਮ ਨੇ 41,000/- ਰੁਪਏ ਦੀ ਇਨਾਮੀ ਰਾਸ਼ੀ ਜਿੱਤੀ। ਵਾਲੀਬਾਲ ਵਿੱਚ ਮਨਜੂਰਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ ਤੇ ਲਸੋਈ ਨੇ ਦੂਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਡਾ. ਸੰਜੀਵ ਕੁਮਾਰ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੂਦ, ਸੁਖਰਾਜ ਸਿੰਘ ਰਾਜਾ, ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬਾਵਾ, ਪਿੰਡ ਦੇ ਸਰਪੰਚ ਜਗਦੀਪ ਸਿੰਘ ਨੰਬਰਦਾਰ, ਸਹਿਕਾਰੀ ਸਭਾ ਦੇ ਪ੍ਰਧਾਨ ਇੰਦਰਪਾਲ ਸਿੰਘ, ਟਿਵਾਣਾ ਆਇਲ ਮਿਲ ਦੇ ਐਮ.ਡੀ. ਮਨਦੀਪ ਸਿੰਘ ਟਿਵਾਣਾ, ਜ਼ਿਲ੍ਹਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਅਤਾਪੁਰ, ਮੈਂਬਰ ਬਲਾਕ ਸੰਮਤੀ ਲਖਵਿੰਦਰ ਸਿੰਘ ਲੱਖੀ, ਕਲੱਬ ਦੇ ਚੇਅਰਮੈਨ ਕਾਕਾ ਅੰਗਦ ਸਿੰਘ ਟਿਵਾਣਾ, ਕਲੱਬ ਦੇ ਮੀਤ ਪ੍ਰਧਾਨ ਮਨਦੀਪ ਸਿੰਘ ਨੀਟਾ, ਖਜਾਨਚੀ ਕ੍ਰਿਸ਼ਨ ਲਾਲ, ਯੂਥ ਪ੍ਰਧਾਨ ਪਰਮਿੰਦਰ ਸਿੰਘ ਨੋਨੀ, ਠੇਕੇਦਾਰ ਪਰਮਜੀਤ ਸਿੰਘ, ਠੇਕੇਦਾਰ ਅਵਤਾਰ ਸਿੰਘ, ਗੁਰਸੇਵਕ ਸਿੰਘ ਸੋਨੀ, ਕਰਮਜੀਤ ਸਿੰਘ, ਰਣਜੀਤ ਸਿੰਘ (ਸਾਰੇ ਪੰਚ), ਗੁਰਕ੍ਰਿਪਾਲ ਸਿੰਘ ਕੁੱਕੂ, ਐਡਵੋਕੇਟ ਮਨਪ੍ਰੀਤ ਸਿੰਘ, ਹਰਿੰਦਰ ਸਿੰਘ ਸੂਬੇਦਾਰ, ਮਾਸਟਰ ਕੁਲਵੰਤ ਸਿੰਘ, ਸਵਰਨਦੀਪ ਸਿੰਘ ਠੇਕੇਦਾਰ, ਜਸਵਿੰਦਰ ਸਿੰਘ ਕੰਗ, ਸਿੰਮੂ ਟਿਵਾਣਾ, ਇੰਕੂ ਗਿੱਲ, ਲਾਡੀ ਟਿਵਾਣਾ, ਦਿਲਬਾਗ ਸਿੰਘ, ਹਰਮਨ ਟਿਵਾਣਾ, ਗੁਰਤੇਜ ਸਿੰਘ, ਕਰਨਵੀਰ ਸਿੰਘ, ਰਾਜ ਬਾਬੂ, ਮਾਸਟਰ ਰੁਪਿੰਦਰ ਸਿੰਘ, ਗਗਨਦੀਪ ਸਿੰਘ, ਕੁਲਵੰਤ ਸਿੰਘ ਬਿੱਰੂ, ਅਮਰਜੀਤ ਸਿੰਘ, ਜਗਬੀਰ ਸਿੰਘ, ਭਿੰਦਰ ਟਿਵਾਣਾ, ਰਸ਼ਪਾਲ ਸਿੰਘ, ਮਾਸਟਰ ਚਰਨਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਸਰਪੰਚ, ਪੰਚ, ਕਾਂਗਰਸੀ ਆਹੁਦੇਦਾਰ ਤੇ ਖੇਡ ਪ੍ਰੇਮੀ ਹਾਜਰ ਸਨ।