ਐਸ.ਏ.ਐਸ.ਨਗਰ 12 ਅਕਤੂਬਰ 2019: ਸਿੱਖਿਆ ਵਿਭਾਗ ਪੰਜਾਬ ਵੱਲੋਂ ਖੇਤਰੀ ਸਹਿਕਾਰੀ ਸੰਸਥਾਨ ਸੈਕਟਰ- 32, ਚੰਡੀਗੜ੍ਹ ਵਿਖੇ ਐਸ.ਏ.ਐਸ.ਨਗਰ, ਫਤਹਿਗੜ੍ਹ ਸਾਹਿਬ, ਰੂਪਨਗਰ ਅਤੇ ਪਟਿਆਲਾ ਜ਼ਿਲ੍ਹਿਆਂ ਦੇ ਸਕੂਲ ਮੁਖੀਆਂ ਨੂੰ ਤਿੰਨ ਰੋਜ਼ਾ ਸਿਖਲਾਈ ਪ੍ਰਦਾਨ ਕੀਤੀ ਗਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਵੱਲੋਂ ਇੰਡੀਆ ਸਕੂਲ ਲੀਡਰਸ਼ਿਪ ਇੰਸਟੀਚਿਊਟ ਦੇ ਸਹਿਯੋਗ ਨਾਲ ਸਕੂਲ ਮੁਖੀਆਂ ਨੂੰ ਲੀਡਰਸ਼ਿਪ ਸੰਬੰਧੀ ਤਿੰਨ ਰੋਜ਼ਾ ਸਿਖਲਾਈ ਪ੍ਰਦਾਨ ਕੀਤੀ ਗਈ। ਇਸ ਸਿਖਲਾਈ ਵਰਕਸ਼ਾਪ ਦੌਰਾਨ ਉਨ੍ਹਾਂ ਨੂੰ ਵੱਖ-ਵੱਖ ਕ੍ਰਿਆਵਾਂ ਕਰਵਾਈਆਂ ਗਈਆਂ। ਉਹਨਾਂ ਨੂੰ ਵਿਦਿਆਰਥੀਆਂ ਨੂੰ ਹਰ ਪੱਖੋਂ ਸੇਧ ਦੇਣ ਲਈ ਸਿੱਖਿਅਤ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਯਤਨਸ਼ੀਲ ਰਹਿਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਵਿਸ਼ਿਆਂ ਨੂੰ ਡੂੰਘਾਈ ਨਾਲ ਸਮਝਣ ਲਈ ਵਿਭਾਗ ਵੱਲੋਂ ਈ-ਕੰਟੈਂਟ ਬਹੁਤ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ। ਇਸ ਦੀ ਵਰਤੋਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਤਾਂ ਕਿ ਵਿਦਿਆਰਥੀ ਵਿਸ਼ੇ ਨੂੰ ਪ੍ਰਭਾਵਸ਼ਾਲੀ ਤੇ ਰੌਚਕ ਤਰੀਕੇ ਨਾਲ ਸਿੱਖ ਸਕਣ।
ਇਸ ਮੌਕੇ ਜਾਣਕਾਰੀ ਦਿੰਦਿਆਂ ਮਨੋਜ ਕੁਮਾਰ ਡਿਪਟੀ ਐਸ.ਪੀ.ਡੀ. ਨੇ ਦੱਸਿਆ ਕਿ ਅਜਿਹੀਆਂ ਸਿਖਲਾਈ ਵਰਕਸ਼ਾਪਾਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਗਾਈਆਂ ਜਾਣਗੀਆਂ ਅਤੇ ਸਕੂਲ ਮੁਖੀਆਂ ਨੂੰ ਲੀਡਰਸ਼ਿਪ ਸੰਬੰਧੀ ਸਹੀ ਸੇਧ ਪ੍ਰਦਾਨ ਕੀਤੀ ਜਾਵੇਗੀ।
ਇਸ ਸਿਖਲਾਈ ਵਰਕਸ਼ਾਪ ਦੌਰਾਨ ਇੰਡੀਆ ਸਕੂਲ ਲੀਡਰਸ਼ਿਪ ਇੰਸਟੀਚਿਊਟ ਵੱਲੋਂ ਮੈਡਮ ਮਾਨਵੀ, ਮੈਡਮ ਛਵੀ ਅਤੇ ਮੈਡਮ ਕੰਵਲਜੀਤ ਕੌਰ ਨੇ ਸਿਖਲਾਈ ਪ੍ਰਦਾਨ ਕੀਤੀ।