ਪਟਿਆਲਾ, 14 ਅਕਤੂਬਰ 2019: ਹਰਿਆਣਾ 'ਚ ਵਿਧਾਨ ਸਭਾ ਚੋਣਾਂ ਦੌਰਾਨ ਡਿਊਟੀ ਨਿਭਾਉਣ ਲਈ ਪੰਜਾਬ ਹੋਮ ਗਾਰਡ ਦੇ ਜਵਾਨਾਂ ਦੀ ਇੱਕ ਕੰਪਨੀ ਪਟਿਆਲਾ ਤੋਂ ਰਵਾਨਾ ਹੋਈ। ਇਸ ਕੰਪਨੀ ਨੂੰ ਹੋਮ ਗਾਰਡ ਦੇ ਜ਼ਿਲ੍ਹਾ ਕਮਾਂਡੈਂਟ ਸ. ਗੁਰਲਵਦੀਪ ਸਿੰਘ ਨੇ ਰਵਾਨਾ ਕਰਦਿਆਂ ਦੱਸਿਆ ਕਿ ਮੁੱਖ ਦਫ਼ਤਰ, ਪੰਜਾਬ ਹੋਮ ਗਾਰਡ ਤੇ ਸਿਵਲ ਡਿਫੈਂਸ ਚੰਡੀਗੜ੍ਹ ਵੱਲੋਂ ਹੋਮ ਗਾਰਡ ਦੀਆਂ ਪੰਜਾਬ ਭਰ ਵਿੱਚੋਂ 10 ਕੰਪਨੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਡਿਊਟੀ ਕਰਨ ਲਈ ਨਾਮਜਦ ਕੀਤੀਆਂ ਗਈਆਂ ਹਨ।
ਜ਼ਿਲ੍ਹਾ ਕਮਾਂਡੈਂਟ ਨੇ ਦੱਸਿਆ ਕਿ ਕੰਪਨੀ ਕਮਾਂਡਰ ਬਲਵਿੰਦਰ ਸਿੰਘ ਦੀ ਕਮਾਂਡ ਹੇਠ ਪਲਟੂਨ ਕਮਾਂਡਰ ਕਰਮਜੀਤ ਸਿੰਘ, ਮੋਹਨਦੀਪ ਸਿੰਘ ਤੇ ਗੁਰਪਰਮਿੰਦਰ ਸਿੰਘ ਦੀ ਦੇਖ ਰੇਖ ਹੇਠ ਇਹ ਕੰਪਨੀ ਆਧੁਨਿਕ ਹਥਿਆਰਾਂ ਨਾਲ ਲੈਸ ਹੋਕੇ ਹਰਿਆਣਾ ਦੇ ਜ਼ਿਲਾ ਪਲਵਲ ਲਈ ਰਵਾਨਾ ਹੋਈ। ਇਸ ਕੰਪਨੀ 'ਚ 104 ਜਵਾਨ ਸ਼ਾਮਲ ਹਨ, ਜੋ ਕਿ ਪੀ.ਆਰ.ਟੀ.ਸੀ. ਜਹਾਨ ਖੇਲਾਂ ਤੋਂ ਆਧੁਨਿਕ ਹਥਿਆਰਾਂ ਦੀ ਸਿਖਲਾਈ ਯਾਫ਼ਤਾ ਹਨ।
ਸ. ਗੁਰਲਵਦੀਪ ਸਿੰਘ ਨੇ ਦੱਸਿਆ ਕਿ ਚੋਣ ਡਿਊਟੀ ਜਾਣ ਵਾਲੇ ਸਾਰੇ ਜਵਾਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਬਿਨ੍ਹਾਂ ਪੱਖਪਾਤ ਅਤੇ ਬਿਨ੍ਹਾਂ ਕਿਸੇ ਨਸ਼ੇ ਦੀ ਵਰਤੋਂ ਚੋਣ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਇਹ ਸਾਰੇ ਜਵਾਨ ਮੁੱਖ ਦਫ਼ਤਰ ਪਟਿਆਲਾ ਵਿਖੇ ਵੀ ਸਿਖਲਾਈ ਕੈਂਪ ਲਗਾ ਕੇ ਹਥਿਆਰਾਂ ਦੇ ਨਾਲ-ਨਾਲ ਮੁਢਲੀ ਸਹਾਇਤਾ, ਅੱਗ ਬੁਝਾਊ ਤਕਨੀਕਾਂ, ਹੜ੍ਹ ਕੰਟਰੋਲ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਨਿਪੁੰਨ ਕੀਤੇ ਗਏ ਹਨ।