ਜ਼ਿਲ੍ਹੇ ਦੇ 28 ਕਰਮਚਾਰੀਆਂ ਨੇ ਕਾਲੇ ਦਿਨਾਂ ਦੌਰਾਨ ਸ਼ਾਂਤੀ ਬਹਾਲੀ ਲਈ ਦਿੱਤਾ ਬਲੀਦਾਨ
ਸ਼ਹੀਦਾਂ ’ਚ ਨਵਾਂਸ਼ਹਿਰ ਸਬ ਡਵੀਜ਼ਨ ਦੇ 8 ਕਰਮਚਾਰੀ ਸ਼ਾਮਿਲ
ਨਵਾਂਸ਼ਹਿਰ, 19 ਅਕਤੂਬਰ 2019: ਜ਼ਿਲ੍ਹਾ ਪੁਲਿਸ ਵੱਲੋਂ ਪੁਲਿਸ ਸ਼ਹੀਦ ਯਾਦਗਾਰੀ ਸੋਗ ਪ੍ਰੇਡ 21 ਅਕਤੂਬਰ ਨੂੰ ਐਸ.ਐਸ.ਪੀ. ਅਲਕਾ ਮੀਨਾ ਦੀ ਅਗਵਾਈ ’ਚ ਆਈ.ਟੀ.ਆਈ. ਗਰਾਊਂਡ ਨਵਾਂਸ਼ਹਿਰ ਵਿਖੇ ਸਵੇਰੇ 7:30 ਕੀਤੀ ਜਾਵੇਗੀ, ਜਿਸ ਦੌਰਾਨ ਸਮੁੱਚੇ ਦੇਸ਼ ਵਿੱਚ ਅੰਦਰੂਨੀ ਏਕਤਾ ਅਤੇ ਅਖੰਡਤਾ ਦੀ ਕਾਇਮੀ ਲਈ ਜਾਨਾਂ ਵਾਰਨ ਵਾਲੇ ਅਰਧ ਸੈਨਿਕ ਬਲਾਂ, ਪੁਲਿਸ ਬਲਾਂ ਤੇ ਸੁਰੱਖਿਆ ਬਲਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।
ਐਸ.ਪੀ. (ਐਚ) ਬਲਵਿੰਦਰ ਸਿੰਘ ਭੀਖੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ 28 ਬਹਾਦਰ ਪੁਲਿਸ ਤੇ ਹੋਮਗਾਰਡ ਜੁਆਨਾਂ ਨੇ ਪੰਜਾਬ ਦੇ ਮਾੜੇ ਦਿਨਾਂ ਦੌਰਾਨ ਦੇਸ਼ ਵਿਰੋਧੀ ਤਾਕਤਾਂ ਦੇ ਮਨਸੂਬਿਆਂ ਨੂੰ ਅਸਫ਼ਲ ਕਰਨ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸ਼ਹੀਦਾਂ ’ਚ ਨਵਾਂਸ਼ਹਿਰ ਸਬ ਡਵੀਜ਼ਨ ਦੇ 8, ਬੰਗਾ ਸਬ ਡਵੀਜ਼ਨ ਦੇ 6 ਤੇ ਬਲਾਚੌਰ ਸਬ ਡਵੀਜ਼ਨ ਦੇ 14 ਪੁਲਿਸ ਜੁਆਨ/ਹੋਮ ਗਾਰਡ ਜੁਆਨ ਸ਼ਾਮਿਲ ਹਨ, ਜਿਨ੍ਹਾਂ ਦੇ ਪਰਿਵਾਰਿਕ ਮੈਂਬਰ ਵੀ ਆਪਣੇ ਇਨ੍ਹਾਂ ਸ਼ਹੀਦ ਪਰਿਵਾਰਿਕ ਮੈਂਬਰਾਂ ਨੂੰ ਜ਼ਿਲ੍ਹਾ ਪੁਲਿਸ, ਸਿਵਲ ਤੇ ਹੋਰ ਅਧਿਕਾਰੀਆਂ ਤੇ ਅਹਿਮ ਸਖਸ਼ੀਅਤਾਂ ਨਾਲ ਯਾਦ ਕਰਨਗੇ।
ਡੀ.ਐਸ.ਪੀ. ਨਵਾਂਸ਼ਹਿਰ ਹਰਨੀਲ ਸਿੰਘ ਨੇ ਨਵਾਂਸ਼ਹਿਰ ਸਬ ਡਵੀਜ਼ਨ ਦੇ ਸ਼ਹੀਦ ਜੁਆਨਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਨ੍ਹਾਂ ’ਚ ਸ਼ਹੀਦ ਐਸ.ਆਈ. ਹਰਦਿਆਲ ਸਿੰਘ (232/ਜਲੰਧਰ) ਵਾਸੀ ਪਿੰਡ ਚੱਕਦਾਨਾ 29-03-1936 ਨੂੰ ਜਨਮੇ ਤੇ 10-05-1956 ਨੂੰ ਪੁਲਿਸ ’ਚ ਭਰਤੀ ਹੋਏ ਸਨ। ਉਹ 22-05-1984 ਨੂੰ ਪਿੰਡ ਰਾਏਪੁਰ ਰਾਈਆਂ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਵਿਖੇ ਅਤਿਵਾਦੀਆਂ ਨਾਲ ਮੁਕਾਬਲੇ ਵਿੱਚ ਸ਼ਹੀਦ ਹੋ ਗਏ ਸਨ। ਸ਼ਹੀਦ ਸਬ-ਇੰਸਪੈਕਟਰ ਗਿਆਨ ਚੰਦ (ਨੰ. 476/ਜੇ ਵਾਸੀ ਮੁਹੱਲਾ ਦੀਵਾਨੀਆ, ਰਾਹੋਂ) ਜੋ 02-02-1949 ਨੂੰ ਜਨਮੇ ਸਨ, 06-02-1967 ਨੂੰ ਪੁਲਿਸ ’ਚ ਭਰਤੀ ਹੋਏ ਸਨ। ਉਹ 06-07-1990 ਨੂੰ ਬਟਾਲਾ ਕੋਲ ਅੱਤਵਾਦੀਆਂ ਵੱਲੋਂ ਬੱਸ ਵਿੱਚ ਕੀਤੀ ਫਾਇਰਿੰਗ ਕਾਰਨ ਸ਼ਹੀਦ ਹੋ ਗਏ ਸਨ।
ਸਕੋਹਪੁਰ ’ਚ 22-02-1957 ਨੂੰ ਜਨਮੇ ਸ਼ਹੀਦ ਸਿਪਾਹੀ ਕੇਵਲ ਕਿ੍ਰਸ਼ਨ (ਨੰ. 1855/ਜਲੰਧਰ) 11-05-1977 ਨੂੰ ਪੁਲਿਸ ’ਚ ਭਰਤੀ ਹੋਏ। ਉਹ 12-04-1992 ਨੂੰ ਪਿੰਡ ਲਾਂਬੜਾ ਜ਼ਿਲ੍ਹਾ ਜਲੰਧਰ ਵਿਖੇ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਸ਼ਹੀਦ ਹੋ ਗਏ ਸਨ। ਬੀਰੋਵਾਲ ’ਚ 30-05-1968 ਨੂੰ ਜਨਮੇ ਸ਼ਹੀਦ ਸਿਪਾਹੀ ਸਦਾ ਰਾਮ (ਨੰ. 2873/ਜਲੰਧਰ) 07-11-1989 ਨੂੰ ਪੁਲਿਸ ’ਚ ਭਰਤੀ ਹੋਏ ਸਨ। ਉਹ ਮਿਤੀ 26-04-1992 ਨੂੰ ਪਿੰਡ ਸਰਹਾਲ ਕਾਜੀਆਂ ਵਿਖੇ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਸ਼ਹੀਦ ਹੋ ਗਏ ਸਨ।
ਇਸੇ ਤਰ੍ਹਾਂ ਜੱਬੋਵਾਲ ਦੇ ਸ਼ਹੀਦ ਮੁੱਖ ਸਿਪਾਹੀ ਕਰਮ ਚੰਦ (ਨੰ. 1762/ਜਲੰਧਰ) ਦਾ ਜਨਮ 01-10-1936 ਨੂੰ ਹੋਇਆ। ਉਹ ਮਿਤੀ 01-10-1955 ਨੂੰ ਭਰਤੀ ਹੋਏ ਸਨ। ਉਹ ਮਿਤੀ 06-05-1991 ਨੂੰ ਗੰਨਾ ਮਿੱਲ ਨਵਾਂਸ਼ਹਿਰ ਵਿਖੇ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਸ਼ਹੀਦ ਹੋ ਗਏ ਸਨ। ਸਲੋਹ ਦੇ ਰਹਿਣ ਵਾਲੇ ਸ਼ਹੀਦ ਸਿਪਾਹੀ ਜਸਵੀਰ ਰਾਮ (ਨੰ. 1286/ਰੋਪੜ) ਦਾ ਜਨਮ ਮਿਤੀ 12-02-1969 ਨੂੰ ਹੋਇਆ। ਉਹ ਮਿਤੀ 09-11-1989 ਨੂੰ ਪੁਲਿਸ ’ਚ ਭਰਤੀ ਹੋਏ। ਉਹ 15-01-1992 ਪਿੰਡ ਸ਼ੇਰਪੁਰ, ਜ਼ਿਲ੍ਹਾ ਸੰਗਰੂਰ ਵਿਖੇ ਅਤਿਵਾਦੀਆਂ ਵੱਲੋਂ ਕੀਤੇ ਹਮਲੇ ਵਿੱਚ ਸ਼ਹੀਦ ਹੋ ਗਏ ਸਨ।
ਬੁਰਜ ਟਹਿਲ ਦਾਸ ਦੇ ਪੰਜਾਬ ਹੋਮ ਗਾਰਡ ਜੁਆਨ ਧਿਆਨ ਸਿੰਘ (ਨੰ. 14637) ਨੂੰ 26-09-1992 ਨੂੰ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਕੇ ਅਤਿਵਾਦੀਆਂ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਇਸੇ ਤਰ੍ਹਾਂ ਪੰਜਾਬ ਹੋਮਗਾਰਡ ਜੁਆਨ ਸੋਮਨਾਥ (ਨੰ. 27936) ਵਾਸੀ ਉਟਾਲ ਤਹਿਸੀਲ ਨਵਾਂਸ਼ਹਿਰ ਦਾ ਜਨਮ ਮਿਤੀ 28-05-1969 ਨੂੰ ਹੋਇਆ। ਉਹ 05-10-1990 ਨੂੰ ਉਸ ਸਮੇਂ ਦੇ ਐਮ.ਐਲ.ਏ. ਬਲਵੰਤ ਸਿੰਘ ਸਰਹਾਲ ਕਾਜੀਆਂ ਉੱਤੇ ਹੋਏ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋ ਗਏ ਸਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸ਼ਹੀਦ ਹੋਏ ਪੁਲਿਸ ਤੇ ਹੋਮ ਗਾਰਡ ਜੁਆਨ ਜ਼ਿਲ੍ਹਾ ਪੁਲਿਸ ਦੀ ਬਹਾਦਰੀ ਦੀ ਗੌਰਵਾਮਈ ਗਾਥਾ ਦਾ ਇਤਿਹਾਸ ਹਨ ਅਤੇ ਜ਼ਿਲ੍ਹਾ ਪੁਲਿਸ ਉਨ੍ਹਾਂ ਦੀ ਕੁਰਬਾਨੀ ਨੂੰ ਹਮੇਸ਼ਾਂ ਯਾਦ ਰੱਖੇਗੀ।