ਨਵਾਂ ਸ਼ਹਿਰ, 19 ਅਕਤੂਬਰ 2019 : ਸ਼੍ਰੀ ਗੁਰੂ ਰਾਮ ਦਾਸ ਸੇਵਾ ਸੁਸਾਇਟੀ ਨਵਾਂ ਸ਼ਹਿਰ ਵਲੋਂ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਕਰਵਾਏ ਗਏ ਤਿੰਨ ਰੋਜਾ ਮਹਾਨ ਕੀਰਤਨ ਦਰਬਾਰ ਦੇ ਦੂਜੇ ਦਿਨ ਜੇ.ਐਸ.ਐਫ.ਐਚ.ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਚੰਡੀਗੜ੍ਹ ਰੋਡ, ਨਵਾਂ ਸ਼ਹਿਰ ਵਿਖੇ ਹਜਾਰਾਂ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਕਥਾ-ਕੀਰਤਨ ਦੇ ਪ੍ਰਵਾਹ ਦਾ ਭਰਪੂਰ ਆਨੰਦ ਮਾਣਿਆ । ਇਸ ਮਹਾਨ ਕੀਰਤਨ ਦਰਬਾਰ ਦੀ ਆਰੰਭਤਾ ਦੇ ਪਹਿਲੇ ਦਿਨ ਜਿੱਥੇ ਭਾਈ ਕੁਲਵੀਰ ਸਿੰਘ ਜੀ ਫਾਜਿਲਕਾ ਵਾਲਿਆਂ ਦੇ ਪ੍ਰਸਿੱਧ ਕੀਰਤਨੀ ਜਥੇ, ਭਾਈ ਰਵਿੰਦਰ ਸਿੰਘ ਜੀ ਹਜੂਰੀ ਰਾਗੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਵਾਲਿਆਂ, ਪ੍ਰਸਿੱਧ ਕਥਾ ਵਾਚਕ ਭਾਈ ਹਰਪ੍ਰੀਤ ਸਿੰਘ ਜੀ ਮਖੂ ਅਤੇ ਜਗਾਧਰੀ ਵਾਲੀਆਂ ਬੀਬੀਆਂ ਦੇ ਮੀਰੀ ਪੀਰੀ ਇੰਟਰਨੈਸ਼ਨਲ ਜਥੇ ਨੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਬੰਧੀ ਕਥਾ-ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ, ਉੱਥੇ ਦੂਜੇ ਦਿਨ ਦੇ ਇਨ੍ਹਾਂ ਸ਼ਤਾਬਦੀ ਸਮਾਗਮਾਂ ਵਿੱਚ ਗਿਆਨੀ ਰਘਵੀਰ ਸਿੰਘ ਜੀ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ, ਪ੍ਰਸਿੱਧ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਜੀ, ਭਾਈ ਸੰਦੀਪ ਸਿੰਘ ਜੀ ਹਜੂਰੀ ਰਾਗੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਵਾਲਿਆਂ, ਭਾਈ ਸੁਰਿੰਦਰ ਸਿੰਘ ਜੀ ਜੋਧਪੁਰੀ ਸਾਬਕਾ ਹਜੂਰੀ ਰਾਗੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਵਾਲਿਆਂ ਅਤੇ ਭਾਈ ਗੁਰਸ਼ਰਨ ਸਿੰਘ ਜੀ ਲੁਧਿਆਣਾ ਵਾਲਿਆਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਯਾਤਰਾ ਸਬੰਧੀ ਵਿਸਥਾਰ ਪੂਰਵਕ ਵਿਚਾਰ-ਚਰਚਾ ਅਤੇ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ਵੱਖ-ਵੱਖ ਪੰਥਕ ਸ਼ਖਸ਼ੀਅਤਾਂ ਨੂੰ ਪੰਜ ਪਿਆਰਿਆਂ ਵਲੋਂ ਸ਼੍ਰੀ ਗੁਰੂ ਰਾਮ ਦਾਸ ਸੇਵਾ ਸੁਸਾਇਟੀ ਦੀ ਤਰਫੋਂ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ । । ਇਸ ਤੋਂ ਇਲਾਵਾ ਇਨ੍ਹਾਂ ਸਮਾਗਮਾਂ ਦੌਰਾਨ ਸ਼ਹੀਦ ਭਗਤ ਸਿੰਘ ਨਗਰ ਜਿਲ੍ਹੇ ਦੇ 20 ਲੋੜਵੰਦ ਪਰਿਵਾਰਾਂ ਨੂੰ ਸਿਲਾਈ ਮਸ਼ੀਨਾਂ, 4 ਲੋੜਵੰਦਾਂ ਨੂੰ ਟ੍ਰਾਈ-ਸਾਈਕਲ , 80 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਅਤੇ 26 ਲੋੜਵੰਦ ਵਿਦਿਆਰਥੀਆਂ ਨੂੰ ਫੀਸਾਂ ਦੇ ਚੈੱਕ ਵੰਡੇ ਗਏ ਅਤੇ ਤੇਰਾ ਤੇਰਾ ਸਟਾਲ ਤੋਂ ਲੋੜਵੰਦਾਂ ਨੂੰ ਘਰੇਲੂ ਵਰਤੋਂ ਯੋਗ ਕੱਪੜੇ ਅਤੇ ਹੋਰ ਸਾਮਾਨ ਭੇਂਟ ਕੀਤਾ ਗਿਆ । ਇਸ ਮੌਕੇ ਆਈਵੀ ਹਸਪਤਾਲ ਨਵਾਂ ਸ਼ਹਿਰ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪ ਅਤੇ ਦਵਾਈਆਂ, ਬੀ.ਡੀ.ਸੀ.ਨਵਾਂ ਸ਼ਹਿਰ ਦੇ ਸਹਿਯੋਗ ਨਾਲ ਖੂਨਦਾਨ ਅਤੇ ਖੂਨ ਜਾਂਚ ਕੈਂਪ, ਸ਼੍ਰੀ ਰਾਜਨ ਅਰੋੜਾ ਦੀ ਅਗਵਾਈ ਵਿੱਚ ਸਮਾਜਿਕ ਜਥੇਬੰਦੀਆਂ ਵਲੋਂ ਵਾਤਾਵਰਣ ਸੰਭਾਲ ਸਟਾਲ ਅਤੇ ਆਯੁਰਵੈਦਿਕ ਕੈਂਪ ਤੋਂ ਇਲਾਵਾ ਸ਼੍ਰੀ ਗੁਰੂ ਰਾਮ ਦਾਸ ਸੇਵਾ ਸੁਸਾਇਟੀ ਵਲੋਂ ਸਵਾਗਤੀ ਕਮੇਟੀ ਸਟਾਲ, ਪੁੱਛ-ਗਿੱਛ ਕਾਊਂਟਰ, ਸਮਾਜ ਭਲਾਈ ਸੇਵਾਵਾਂ ਸਟਾਲ, ਧਾਰਮਿਕ ਸਾਹਿਤ ਸਟਾਲ, ਹੱਟ ਬਾਬੇ ਨਾਨਕ ਦਾ ਸਟਾਲ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਵਲੋਂ ਇਨਸਾਫ ਸਭਨਾਂ ਲਈ ਆਦਿ ਸਟਾਲ ਲਗਾਏ ਗਏ । ਨਗਰ ਕੌਂਸਲ ਨਵਾਂ ਸ਼ਹਿਰ ਵਲੋਂ ਪ੍ਰਧਾਨ ਸ਼੍ਰੀ ਲਲਿਤ ਮੋਹਨ ਪਾਠਕ ਦੀ ਅਗਵਾਈ ਵਿੱਚ ਪੂਰੇ ਸ਼ਹਿਰ ਵਿੱਚ ਲਾਈਟਾਂ ਲਗਾ ਕੇ ਦੀਪਮਾਲਾ ਕੀਤੀ ਗਈ ਅਤੇ ਪੂਰੇ ਸ਼ਹਿਰ ਨੂੰ ਸਜਾਇਆ ਗਿਆ । ਇਸ ਮੌਕੇ ਇਨ੍ਹਾਂ ਸਮਾਗਮਾਂ ਦੇ ਮੁੱਖ ਪ੍ਰਬੰਧਕ ਸ. ਸੁਰਜੀਤ ਸਿੰਘ ਨੇ ਦੱਸਿਆ ਕਿ 20 ਅਕਤੂਬਰ ਨੂੰ ਸਿੱਖ ਹਿਸਟਰੀ ਐਂਡ ਰਿਲੀਜੀਅਸ ਐਜੂਕੇਸ਼ਨ ( ਸ਼ੇਅਰ ) (ਯੂ.ਕੇ.) ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਅਪ੍ਰੇਸ਼ਨ ਕੈਂਪ ਆਯੋਜਿਤ ਕੀਤਾ ਜਾਵੇਗਾ ਅਤੇ ਗੁਰਦੁਆਰਾ ਸਾਹਿਬ ਗੁਰੂ ਅੰਗਦ ਨਗਰ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ । ਸਮਾਗਮ ਦੇ ਦੌਰਾਨ ਟਰਾਂਪੋਰਟਰ ਵੀਰਾਂ, ਸਕੂਲ ਮੈਨੇਜਮੈਂਟਾਂ ਅਤੇ ਹੋਰ ਸੰਸਥਾਵਾਂ ਵਲੋਂ ਸੰਗਤਾਂ ਨੂੰ ਸਮਾਗਮਾਂ ਵਿੱਚ ਲਿਆਉਣ ਦੀ ਮੁਫਤ ਸੇਵਾ ਵੀ ਕੀਤੀ ਗਈ । ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।