ਪੱਤਰਕਾਰਾਂ ਨੂੰ ਸੰਬੋਧਨ ਕਰ ਰਿਹਾ ਹਰਜੀਤ ਕੁਮਾਰ
ਅਸ਼ੋਕ ਵਰਮਾ
ਬਠਿੰਡਾ, 05 ਨਵੰਬਰ 2019: ਸ਼ਹਿਰ ਦੇ ਇੱਕ ਪ੍ਰੀਵਾਰ ਨੇ ਦੋਸ਼ ਲਾਏ ਹਨ ਕਿ ਉਨਾਂ ਦੇ ਘਰ ’ਚ ਜਬਰੀ ਦਾਖਲ ਹੋਕੇ ਕੁੱਟਮਾਰ ਕਰਨ ਦੇ ਮਾਮਲੇ ’ਚ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਬਠਿੰਡਾ ਦੇ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਮੁਲਜਮਾਂ ਨੂੰ ਗਿ੍ਰਫਤਾਰ ਨਹੀਂ ਕਰ ਰਹੀ ਹੈ। ਬਠਿੰਡਾ ਪ੍ਰੈਸ ਕਲੱਬ ’ਚ ਆਪਣੇ ਪਿਤਾ ਅਤੇ ਹੋਰ ਪ੍ਰੀਵਾਰਕ ਮੈਂਬਰਾਂ ਨਾਲ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹਰਜੀਤ ਕੁਮਾਰ ਪੁੱਤਰ ਬਲਵੀਰ ਰਾਮ ਵਾਸੀ ਸੁਰਖਪੀਰ ਰੋਡ ਬਠਿੰਡਾ ਨੇ ਦੱਸਿਆ ਕਿ ਉਸ ਦੀ ਭੈਣ ਮਮਤਾ ਰਾਣੀ ਦਾ ਵਿਆਹ ਕਰੀਬ 9 ਸਾਲ ਪਹਿਲਾਂ ਅਮਨਦੀਪ ਪੁੱਤਰ ਰਮੇਸ਼ਵਰ ਲਾਲ ਵਾਸੀ ਲਾਲ ਸਿੰਘ ਬਸਤੀ ਨਾਲ ਹੋਇਆ ਸੀ। ਵਿਆਹ ਉਪਰੰਤ ਮਮਤਾ ਰਾਣੀ ਦੇ ਦੋ ਬੱਚੇ ਹੋਏ ਸਨ ਜਿੰਨਾਂ ਚੋਂ 7 ਸਾਲ ਦੀ ਲੜਕੀ ਅਤੇ 3 ਸਾਲ ਦਾ ਲੜਕਾ ਹੈ।
ਉਨਾਂ ਦੱਸਿਆ ਕਿ 31 ਅਗਸਤ 2018 ਨੂੰ ਮਮਤਾ ਦਾ ਜਨਮ ਦਿਨ ਸੀ ਤਾਂ ਉਸ ਦੇ ਜੀਜੇ ਅਮਨਦੀਪ ਤੇ ਉਸ ਦੇ ਪ੍ਰੀਵਾਰ ਨੇ ਮਿਲਕੇ ਉਸ ਦੀ ਭੈਣ ਨੂੰ ਕਥਿਤ ਤੌਰ ਤੇ ਕਤਲ ਕਰ ਦਿੱਤਾ ਅਤੇ ਖੁਦਕਸ਼ੀ ਸਾਬਤ ਕਰਨ ਲਈ ਉਸ ਦੀ ਚੁੰਨੀ ਪੱਖੇ ਨਾਲ ਟੰਗ ਦਿੱਤੀ। ਹਰਜੀਤ ਨੇ ਦੱਸਿਆ ਕਿ ਜਦੋਂ ਉਹ ਆਪਣੇ ਪ੍ਰੀਵਾਰ ਅਤੇ ਰਿਸ਼ਤੇਦਾਰਾਂ ਨਾਲ ਮੌਕੇ ਤੇ ਪੁੱਜੇ ਤਾਂ ਦੇਖਿਆ ਕਿ ਮਮਤਾ ਦੇ ਗਲੇ ਤੇ ਕੋਈ ਨਿਸ਼ਾਨ ਵਗੈਰਾ ਨਹੀਂ ਸੀ ਪਰ ਚਿਹਰੇ ਅਤੇ ਲੱਤਾਂ ਤੇ ਸੱਟਾਂ ਦੇ ਨਿਸ਼ਾਨ ਸਨ। ਉਨਾਂ ਦੱਸਿਆ ਕਿ ਮਮਤਾ ਦੀ ਹਾਲਤ ਤੋਂ ਪਤਾ ਲੱਗਦਾ ਸੀ ਕਿ ਉਸ ਦੀ ਹੱਤਿਆ ਕੀਤੀ ਗਈ ਹੈ। ਹਰਜੀਤ ਨੇ ਦੱਸਿਆ ਕਿ ਉਦੋਂ ਥਾਣਾ ਕੈਨਾਲ ਕਲੋਨੀ ਪੁਲਿਸ ਨੇ ਮਿਤੀ 1ਸਤੰਬਰ 2018 ਨੂੰ ਅਮਨਦੀਪ ਅਤੇ ਉਸ ਦੀ ਪ੍ਰੇਮਿਕਾ ਖਿਲਾਫ ਖੁਦਕਸ਼ੀ ਲਈ ਉਕਸਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਸੀ ਜਦੋਂਕਿ ਉਹ ਕਤਲ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਸਨ।
ਉਨਾਂ ਦੱਸਿਆ ਕਿ ਪੁਲਿਸ ਨੇ ਅਮਨਦੀਪ ਨੂੰ ਗਿ੍ਰਫਤਾਰ ਕਰਕੇ ਜੇਲ ’ਚ ਭੇਜ ਦਿੱਤਾ ਸੀ ਜਿੱਥੋਂ ਉਸ ਨੇ ਕੇਸ ਵਾਪਿਸ ਲੈਣ ਦੀਆਂ ਧਮਕੀਆਂ ਦਿੱਤੀਆਂ ਜਿਸ ਬਾਰੇ ਉਨਾਂ ਨੇ ਸ਼ਕਾਇਤ ਵੀ ਦਰਜ ਕਰਵਾਈ ਸੀ। ਉਨਾਂ ਦੱਸਿਆ ਕਿ ਅਮਨਦੀਪ ਸਿੰਘ ਨੇ ਮਮਤਾ ਵਾਲੇ ਮਾਮਲੇ’ਚ ਜਮਾਨਤ ਤੇ ਬਾਹਰ ਆਉਣ ਮਗਰੋਂ ਲੰਘੀ 5 ਅਕਤੂਬਰ ਨੂੰ ਆਪਣੇ ਇੱਕ ਸਾਥੀ ਨਾਲ ਉਨਾਂ ਦੇ ਘਰ ਜਬਰੀ ਦਾਖਲ ਹੋਕੇ ਹਮਲਾ ਕਰ ਦਿੱਤਾ ਜਿਸ ਸਬੰਧ ’ਚ ਕੈਨਾਲ ਕਲੋਨੀ ਥਾਣੇ ’ਚ ਅਮਨਦੀਪ ਖਿਲਾਫ ਮੁਕੱਦਮਾ ਦਰਜ ਕਰ ਲਿਆ ਪ੍ਰੰਤੂ ਉਸ ਨੂੰ ਗਿ੍ਰਫਤਾਰ ਨਹੀਂ ਕੀਤਾ ਜਿਸ ਕਰਕੇ ਉਹ ਹੁਣ ਵੀ ਉਨਾਂ ਨੂੰ ਧਮਕੀਆਂ ਦੇ ਰਿਹਾ ਹੈ। ਉਨਾਂ ਖੁਲਾਸਾ ਕੀਤਾ ਕਿ ਅਮਨਦੀਪ ਦੀ ਰਿਸ਼ਤੇਦਾਰ ਪੁਲਿਸ ਮੁਲਾਜਮ ਹੈਜਿਸ ਨੇ ਪੁਲਿਸ ਤੇ ਦਬਾਅ ਪਾ ਕੇ ਉਨਾਂ ਦੀ ਭੈਣ ਦੀ ਮੌਤ ਦੇ ਮਾਮਲੇ ਨੂੰ ਖੁਦਕਸ਼ੀ ਵਾਲੇ ਪਾਸੇ ਮੋੜ ਦਿੱਤਾ ਹੈ। ਉਨਾਂ ਦੱਸਿਆ ਕਿ ਉਹ ਇਸ ਸਬੰਧ ’ਚ ਐਸਐਸਪੀ ਡਾ ਨਾਨਕ ਸਿੰਘ ਨੂੰ ਸ਼ਕਾਇਤ ਵੀ ਦੇ ਚੁੱਕੇ ਹਨ ਫਿਰ ਵੀ ਅਮਨਦੀਪ ਨੂੰ ਗਿ੍ਰਫਤਾਰ ਨਹੀਂ ਕੀਤਾ ਗਿਆ ਹੈ। ਉਨਾਂ ਡੀਜੀਪੀ ਪੰਜਾਬ ਤੋਂ ਇਸ ਮਾਮਲੇ ’ਚ ਇਨਸਾਫ ਦੀ ਮੰਗ ਕੀਤੀ।
ਮਨਦੀਪ ਦੀ ਤਲਾਸ਼ ਲਈ ਯਤਨ ਜਾਰੀ:ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ ਨਾਨਕ ਸਿੰਘ ਦਾ ਕਹਿਣਾ ਸੀ ਕਿ ਮੁਲਜਮ ਅਮਨਦੀਪ ਦੀ ਤਲਾਸ਼ ਲਈ ਪੁਲਿਸ ਨੇ ਛਾਪੇ ਮਾਰੇ ਸਨ ਪਰ ਉਹ ਭਗੌੜਾ ਹੋ ਗਿਆ ਹੈ। ਉਨਾਂ ਦੱਸਿਆ ਕਿ ਪੁਲਿਸ ਅਮਨਦੀਪ ਨੂੰ ਤਲਾਸ਼ਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਐਸਐਸਪੀ ਨੇਦੱਸਿਆ ਕਿ ਮਮਤਾ ਮਾਮਲੇ ’ਚ ਚਲਾਨ ਪੇਸ਼ ਕਰ ਦਿੱਤਾ ਗਿਆ ਹੈ ਤੇ ਜੇਕਰ ਪ੍ਰੀਵਾਰ ਨੂੰ ਕੋਈ ਸ਼ਕਾਇਤ ਹੈ ਤਾਂ ਅਦਾਲਤ ਅੱਗੇ ਆਪਣਾ ਪੱਖ ਰੱਖ ਸਕਦਾ ਹੈ।