← ਪਿਛੇ ਪਰਤੋ
ਮਹਿੰਗਾਈ ਦੀ ਗੱਡੀ ਚੜ੍ਹੇ ਗੰਢਿਆਂ ਦੇ ਪਿੱਛੇ ਪਿੱਛੇ ਤੁਰਿਆ ਟਮਾਟਰ ਅਸ਼ੋਕ ਵਰਮਾ ਬਠਿੰਡਾ,6 ਨਵੰਬਰ, 2019 : ਪਿਛਲੇ ਕੁਝ ਦਿਨਾਂ ਤੋਂ 50 ਰੁਪਏ ਪ੍ਰਤੀ ਕਿੱਲੋ ਦੇ ਉੱਚੇ ਭਾਅ ਤੇ ਚੱਲ ਰਿਹਾ ਪਿਆਜ ਅੱਜ ਅਚਾਨਕ 80 ਰੁਪਏ ਦੇ ਰਿਕਾਰਡ ਅੰਕੜੇ ਤੇ ਜਾ ਪੁੱਜਿਆ ਹੈ। ਕਹਾਣੀ ਇੱਥੇ ਹੀ ਖਤਮ ਨਹੀਂ ਹੋਈ ਗੰਢਿਆਂ ਦੇ ਪਿੱਛੇ ਪਿੱਛੇ ਟਮਾਟਰ ਨੇ ਵੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਜਦੋਂਕਿ ਹਰੇ ਮਟਰ ਤਾਂ ਪਹਿਲਾਂ ਹੀ ਅੰਬਰੀ ਉਡਾਰੀਆਂ ਮਾਰ ਰਹੇ ਹਨ। ਆਮ ਆਦਮੀ ਨੂੰ ਆਸ ਸੀ ਕਿ ਦਿਵਾਲੀ ਲੰਘਣ ਉਪਰੰਤ ਮਹਿੰਗਾਈ ਤੋਂ ਰਾਹਤ ਮਿਲੇਗੀ ਪਰ ਜਿਸ ਤਰਾਂ ਦੇ ਹਾਲਾਤ ਬਣੇ ਹਨ ਉਨਾਂ ਅਨੁਸਾਰ ਸਬਜੀਆਂ ਰਸੋਈ ਬਜਟ ਹਿਲਾਉਣ ਲੱਗੀਆਂ ਹਨ। ਬਠਿੰਡਾ ਮੰਡੀ ਦੀ ਗੱਲ ਕਰੀਏ ਤਾਂ ਪਿਛਲੇ ਦੋ ਤਿੰਨ ਦਿਨਾਂ ਦੌਰਾਨ ਸਭ ਤੋਂ ਵੱਧ ਅੱਗ ਪਿਆਜ ਨੂੰ ਲੱਗੀ ਹੈ । ਹੈਰਾਨਕੁੰਨ ਹੈ ਕਿ ਸਰਦੇ ਪੁਜਦੇ ਪ੍ਰੀਵਾਰਾਂ ਨੇ ਦੋਵਾਂ ਵਸਤਾਂ ਦੀ ਵਰਤੋਂ ’ਚ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਮੱਧ ਵਰਗੀ ਮਹਿਲਾਵਾਂ ਪਿਆਜ ਤੇ ਟਾਮਟਰ ਤੋਂ ਗੁਰੇਜ਼ ਕਰਨ ਲੱਗੀਆਂ ਹਨ। ਅੱਜ ਸਬਜੀ ਮੰਡੀ ਵਿਚ ਤਾਂ ਦੁਕਾਨਦਾਰ ਵੀ ਪਿਆਜ ਤੇ ਟਮਾਟਰਾਂ ਦੇ ਅਚਾਨਕ ਮਹਿੰਗੇ ਹੋਣ ਦੀ ਚਰਚਾ ਕਰਦੇ ਨਜ਼ਰ ਆਏ। ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਬਠਿੰਡਾ ਸਬਜੀ ਮੰਡੀ ’ਚ ਪਿਆਜ ਪ੍ਰਚੂਨ ਵਿਚ 80 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਸੀ ਜਦੋਂ ਕਿ ਟਮਾਟਰ ਵਰਾਇਟੀ ਅਨੁਸਾਰ 40 ਤੋਂ 60 ਰੁਪਏ ਕਿੱਲੋ ਵਿਕ ਰਹੇ ਸਨ। ਉਂਜ ਚੰਗੀ ਕੁਆਲਿਟੀ ਦਾ ਪਿਆਜ 90 ਤੋਂ 100 ਰੁਪਏ ਦੇ ਰਿਕਾਰਡ ਅੰਕੜੇ ਤੇ ਚਲੀ ਗਿਆ ਹੈ। ਸਬਜੀ ਮੰਡੀ ਦੇ ਵਪਾਰੀ ਸੁਨੀਲ ਕੁਮਾਰ ਸੋਨੂੰ ਦਾ ਕਹਿਣਾ ਹੈ ਕਿ ਫਿਲਹਾਲ ਰਾਤ ਦੀ ਕੋਈ ਸੰਭਾਵਨਾਂ ਦਿਖਾਈ ਨਹੀਂ ਦਿੰਦੀ ਹੈ। ਉਨਾਂ ਦੱਸਿਆ ਕਿ ਐਤਕੀਂ ਲੋਕਾਂ ਨੇ ਦੇਸੀ ਅਤੇ ਰਾਜਸਥਾਨੀ ਪਿਆਜ ਸਟੋਰ ਕਰ ਲਿਆ ਸੀ ਉਨਾਂ ਲਈ ਪਿਛਲੇ ਕੁਝ ਮਹੀਨੇ ਠੀਕ ਰਹੇ ਪ੍ਰੰਤੂ ਜਿੰਨਾਂ ਨੇ ਵਕਤ ਖੁੰਝਾ ਦਿੱਤਾ ਉਨਾਂ ਨੂੰ ਹੁਣ ਕਾਫੀ ਆਰਥਿਕ ਰਗੜਾ ਲੱਗਣ ਲੱਗਿਆ ਹੈ। ਦੂਜੇ ਪਾਸੇ ਟਮਾਟਰ ਅਜਿਹੀ ਵਸਤੂ ਹੈ ਜਿਸ ਨੂੰ ਲੰਮਾਂ ਸਮਾਂ ਸੰਭਾਲ ਕੇ ਨਹੀਂ ਰੱਖਿਆ ਜਾ ਸਕਦਾ ਜਿਸ ਕਰਕੇ ਦਿੱਕਤ ਬਣੀ ਹੈ। ਇੱਕ ਦੁਕਾਨਦਾਰ ਨੇ ਦੱਸਿਆ ਕਿ ਹੁਣ ਤਾਂ ਦੇਸੀ ਟਮਾਟਰ ਆਉਣਾ ਬੰਦ ਹੋ ਰਿਹਾ ਹੈ। ਜੋ ਟਮਾਟਰ ਆ ਰਿਹਾ ਹੈ ਉਹ ਕੀਮਤ ਦੇ ਹਿਸਾਬ ਨਾਲ ਕੁਆਲਟੀ ਵਾਲਾ ਨਹੀਂ ਹੈ। ਸਬਜ਼ੀ ਮੰਡੀ ਦੇ ਆੜਤੀਆ ਨੇ ਦੱਸਿਆ ਕਿ ਅੱਜ ਪਿਆਜ ਦਾ ਉਤਪਾਦਨ ਕਰਨ ਵਾਲੇ ਇਲਾਕਿਆਂ ‘ਚ ਫ਼ਸਲ ਚੰਗੀ ਨਹੀਂ ਹੋਈ ਜਿਸ ਕਰਕੇ ਭਾਅ ਵਧੇ ਹਨ। ਉਨਾਂ ਦੱਸਿਆ ਕਿ ਪੰਜਾਬ ਅਤੇ ਰਾਜਸਥਾਨ ‘ਚ ਵੀ ਫਸਲ ਦਾ ਘੱਟ ਝਾੜ ਵੀ ਸੰਕਟ ਵਧਾਉਣ ਲਈ ਜਿੰਮੇਵਾਰ ਹੈ। ਸੂਤਰ ਆਖਦੇ ਹਨ ਕਿ ਪੰਜਾਬ ’ਚ ਸਬਜ਼ੀਆਂ ਨੂੰ ਲਗਦੀ ਚਾਰ ਫੀਸਦੀ ਮਾਰਕੀਟ ਫੀਸ ਵੀ ਮਹਿੰਗਾਈ ਲਈ ਕਸੂਰਵਾਰ ਹੈ ਜੋ ਕਿਸਾਨ ਤੋਂ ਰਿਟੇਲਰ ਤੱਕ ਦੋ ਤਿੰਨ ਵਾਰ ਲੱਗ ਜਾਂਦੀ ਹੈ। ਟਮੈਟੋ ਪਿੳੂਰੀ ਦੀ ਆਮਦ ਵੀ ਘਟੀ ਲੋਕਾਂ ਨੇ ਸਬਜੀ ’ਚ ਪਾਉਣ ਲਈ ਟਮਾਟਰ ਦੀ ਥਾਂ ‘ਟਮੈਟੋ ਪਿਊਰੀ ਦਾ ਬਦਲ ਲੱਭਿਆ ਸੀ ਜਿਸ ਦੀ ਮੰਗ ਕਾਰਨ ਆਮਦ ਘਟਣ ਲੱਗੀ ਹੈ। ਪਤਾ ਲੱਗਿਆ ਹੈ ਕਿ ਗਰੀਬ ਪ੍ਰੀਵਾਰਾਂ ਨੇ ਦਾਲਾਂ ਸਬਜੀਆਂ ਨੂੰ ਤੜਕਾ ਲਾਉਣਾ ਹੀ ਛੱਡ ਦਿੱਤਾ ਹੈ। ਲਾਈਨੋਪਾਰ ਇਲਾਕੇ ਦੀ ਮਹਿਲਾ ਰਾਜਵੀਰ ਕੌਰ ਨੇ ਕਿਹਾ ਕਿ ਉਹ ਪਿਆਜਾਂ ਅਤੇ ਟਮਾਟਰਾਂ ਤੋਂ ਬਗੈਰ ਦਾਲ ਸਬਜੀ ਬਨਾਉਣ ਲੱਗੀ ਹੈ ਜਿਸ ਨਾਲ ਪੈਸੇ ਬਚਣ ਲੱਗੇ ਹਨ ਅਤੇ ਸਵਾਦ ਵੀ ਮਾੜਾ ਨਹੀਂ ਹੈ। ਜਮਾਂਖੋਰੀ ਤੇ ਕਾਲਾਬਜਾਰੀ ਦਾ ਨਤੀਜਾ ਖੱਬੇ ਪੱਖੀ ਆਗੂ ਕਾਮਰੇਡ ਮਾਹੀਪਾਲ ਦਾ ਕਹਿਣਾ ਸੀ ਕਿ ਨਿੱਤ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ’ਚ ਤੇਜੀ ਘਾਟ ਕਾਰਨ ਨਹੀਂ ਹੁੰਦੀ ਬਲਕਿ ਇਹ ਸਭ ਜਮਾਂਖੋਰੀ ਤੇ ਕਾਲਾਬਜਾਰੀ ਦਾ ਨਤੀਜਾ ਹੈ। ਉਨਾਂ ਆਖਿਆ ਕਿ ਆਮ ਬੰਦੇ ਨੂੰ ਦੋਹੀਂ ਹੱਥੀਂ ਲੁੱਟਿਆ ਜਾ ਰਿਹਾ ਹੈ ਤੇ ਇਸ ਗੋਰਖਧੰਦੇ ’ਚ ਸਿਆਸੀ ਧਿਰਾਂ ਦੀ ਕਥਿਤ ਸ਼ਮੂਲੀਅਤ ਕਰਕੇ ਹੇਠਲੇ ਵਰਗਾਂ ਦਾ ਮਹਿੰਗਾਈ ਨੇ ਕਚੂੰਮਰ ਕੱਢ ਦਿੱਤਾ ਹੈ। ਉਨਾਂ ਆਖਿਆ ਕਿ ਮਹਿੰਗਾਈ ਦੇ ਨਾਗਵਲ ਦੀ ਮਾਰ ਹੇਠ ਆਏ ਗਰੀਬ ਲੋਕ ਤਾਂ ਦੋ ਡੰਗ ਦੀ ਰੋਟੀ ਨੂੰ ਤਰਸਣ ਲੱਗੇ ਹਨ ਪਰ ਰਾਜਨੀਤਕ ਲੋਕਾਂ ਇਸ ਤਰਫ ਧਿਆਨ ਨਹੀਂ ਦੇ ਰਹੀਆਂ ਹਨ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਦਾ ਨਤੀਜਾ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਸਰਕਾਰਾਂ ਦੀਆਂ ਕਾਰਪੋਰੇਟ ਪ੍ਰਸਤ ਨੀਤੀਆਂ ਕਾਰਨ ਮਹਿੰਗਾਈ ਵਧੀ ਹੈ ਕਿਉਂਕਿ ਧਨਾਢ ਪ੍ਰੀਵਾਰਾਂ ਦੇ ਸ਼ਾਪਿੰਗ ਮਾਲ ਹਰ ਵਸਤੂ ਵੇਚਣ ਲੱਗੇ ਹਨ। ਉਨਾਂ ਆਖਿਆ ਕਿ ਮਹਿੰਗਾਈ ਦੇ ਡੰਗ ਨੇ ਤਾਂ ਹੁਣ ਦਰਮਿਆਨੇ ਵਰਗ ਪ੍ਰਭਾਵਿਤ ਕੀਤੇ ਹਨ ਅਤੇ ਹੇਠਲੇ ਪੱਧਰ ਤੇ ਤਾਂ ਸਥਿਤੀ ’ਚ ਵੱਡਾ ਨਿਘਾਰ ਆਇਆ ਹੈ। ਉਨਾਂ ਦੱਸਿਆ ਕਿ ਲੋਕ ਚੋਣਾਂ ਮੌਕੇ ਸਿਆਸੀ ਲੋਕਾਂ ਨੇ ਆਮ ਲੋਕਾਂ ਨੂੰ ਰਾਹਤ ਦੇਣ ਦਾ ਵਾਅਦਾ ਕੀਤਾ ਸੀ ਜੋਕਿ ਮਿ੍ਰਗਤਿ੍ਰਸ਼ਣਾ ਹੀ ਸਾਬਤ ਹੋਇਆ ਹੈ।
Total Responses : 936