ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ, ਬੱਚਤ ਭਵਨ ਵਿਖੇ ਆਪਣੀ ਪਲੇਠੀ ਮੀਡੀਆ ਮਿਲਣੀ ਨੂੰ ਸੰਬੋਧਨ ਕਰਦੇ ਹੋਏ।
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 06 ਨਵੰਬਰ: ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹੇ ਵਿੱਚ ਹੁਣ ਤੱਕ ਪਰਾਲੀ ਸਾੜਨ ਸਬੰਧੀ 66 ਕਿਸਾਨਾਂ ਖਿਲਾਫ 57 ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਹਨ ਤੇ 56 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਖੁਦ ਜਾਗਰੂਕ ਹੋਣਾ ਚਾਹੀਦਾ ਹੈ ਕਿਉਂਕਿ ਪਰਾਲੀ ਨੂੰ ਅੱਗ ਲਗਾਉਣ ਦਾ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਨੂੰ ਹੀ ਝੱਲਣਾ ਪੈਂਦਾ ਹੈ। ਇਹ ਗੱਲ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਬੱਚਤ ਭਵਨ ਵਿਖੇ ਜ਼ਿਲ੍ਹੇ ਦੇ ਮੀਡੀਆ ਕਰਮੀਆਂ ਨਾਲ ਆਪਣੀ ਪਲੇਠੀ ਮਿਲਣੀ ਦੌਰਾਨ ਆਖੀ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਕਾਰਨ ਵਾਤਾਵਰਨ ਲਗਾਤਾਰ ਦੂਸ਼ਿਤ ਹੁੰਦਾ ਜਾ ਰਿਹਾ ਹੈ, ਜੇਕਰ ਇਸ ਨੂੰ ਠੱਲ੍ਹ ਪਾਉਣ ਲਈ ਅਜੇ ਵੀ ਕੁਝ ਨਾ ਕੀਤਾ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਵੀ ਮੁਆਫ ਨਹੀਂ ਕਰਨਗੀਆਂ।
ਉਨ੍ਹਾਂ ਕਿਹਾ ਕਿ ਮੀਡੀਆ ਸਮਾਜ ਵਿੱਚ ਵਾਪਰੀਆਂ ਚੰਗੀਆਂ ਤੇ ਮਾੜੀਆਂ ਘਟਨਾਵਾਂ ਨੂੰ ਲੋਕਾਂ ਸਾਹਮਣੇ ਲਿਆਉਣ ਵਿੱਚ ਅਹਿਮ ਯੋਗਦਾਨ ਪਾਉਂਦਾ ਹੈ। ਇਸ ਲਈ ਮੀਡੀਆ ਨੂੰ ਚਾਹੀਦੀ ਹੈ ਕਿ ਉਹ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਦੇ ਖਾਤਮੇ ਵਿੱਚ ਉਸਾਰੂ ਯੋਗਦਾਨ ਪਾਵੇ ਤਾਂ ਸਾਡਾ ਸਮਾਜ ਕੁਰੀਤੀਆਂ ਰਹਿਤ ਸਮਾਜ ਬਣ ਸਕੇ। ਉਨ੍ਹਾਂ ਕਿਹਾ ਕਿ ਮੀਡੀਆ ਨੂੰ ਹਮੇਸ਼ਾਂ ਨਿਰਪੱਖ ਹੋ ਕੇ ਰਿਪੋਰਟਿੰਗ ਕਰਨੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚ ਸਕੇ।
ਸ਼੍ਰੀਮਤੀ ਗਿੱਲ ਨੇ ਇਸ ਮੌਕੇ ਮੀਡੀਆ ਕਰਮੀਆਂ ਤੋਂ ਜ਼ਿਲ੍ਹੇ ਵਿਚਲੀਆਂ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਮੀਡੀਆ ਕਰਮੀਆਂ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਜਾਂਦੀ ਸੜਕ ਉਤੇ ਲਾਈਟਾਂ ਦੀ ਘਾਟ, ਸੜਕਾਂ 'ਤੇ ਨਾਜਾਇਜ਼ ਕਬਜ਼ੇ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਪਾਰਕਿੰਗ, ਆਵਾਰਾ ਪਸ਼ੂਆਂ, ਟਰੈਫਿਕ ਸਮੇਤ ਵੱਖ ਵੱਖ ਸਮੱਸਿਆਵਾਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦੀਆਂ ਤੇ ਡਿਪਟੀ ਕਮਿਸ਼ਨਰ ਵੱਲੋਂ ਇਹ ਸਮੱਸਿਆਵਾਂ ਕ੍ਰਮਵਾਰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
ਸ਼੍ਰੀਮਤੀ ਗਿੱਲ ਨੇ ਮੀਡੀਆ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਹਰ ਯੋਗਲਾਭਪਾਤਰੀ ਇਨ੍ਹਾਂ ਸਕੀਮਾਂ ਦਾ ਲਾਭ ਲੈ ਸਕੇ।