ਗੁਰਨਾਮ ਸਿੱਧੂ
ਫਿਰੋਜ਼ਪੁਰ 09 ਨਵੰਬਰ 2019 : ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਭਾਗ ਵੱਲੋਂ ਫਿਰੋਜ਼ਪੁਰ ਵਿਖੇ ਸੀਨੀਅਰ ਸਿਟੀਜ਼ਨ ਕੌਂਸਲ ਜ਼ਿਲ੍ਹਾ ਫਿਰੋਜ਼ਪੁਰ ਦੇ ਸਹਿਯੋਗ ਨਾਲ ਬਾਗਬਾਨ ਵਿਖੇ ਸੀਨੀਅਰ ਸਿਟੀਜ਼ਨ ਡੇ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਰਵਿੰਦਰ ਸਿੰਘ ਪੀਸੀਐੱਸ ਅਡੀਸ਼ਨਲ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਬਤੌਰ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਡੀ ਸ਼ਰਮਾ ਨੇ ਦੱਸਿਆ ਕਿ ਕੌਂਸਲ ਬਜ਼ੁਰਗਾਂ ਦੇ ਭਲੇ ਲਈ ਦਿਨ ਰਾਤ ਕੰਮ ਕਰ ਰਹੀ ਹੈ। ਕੋਂਸਲ ਵੱਲੋਂ ਬਾਗਬਾਨ ਵਿਖੇ ਬਜ਼ੁਰਗਾਂ ਲਈ ਲਾਇਬ੍ਰੇਰੀ, ਦੁੱਖ ਨਿਵਾਰਨ ਸੈੱਲ, ਬਜ਼ੁਰਗਾਂ ਲਈ ਡੇ-ਕੇਅਰ ਸੈਂਟਰ ਚਲਾਇਆ ਜਾ ਰਿਹਾ ਹੈ। ਉਹ ਬਜ਼ੁਰਗਾਂ ਲਈ ਸਮੇਂ-ਸਮੇਂ ਤੇ ਮੈਡੀਕਲ ਕੈਂਪ ਲਗਾਉਂਦੀ ਹੈ। ਉਨ੍ਹਾਂ ਦੱਸਿਆ ਕਿ ਕੌਂਸਲ ਬਜ਼ੁਰਗਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਅਤੇ ਸਨਮਾਨ ਦੇਣ ਲਈ ਕੰਮ ਕਰ ਰਹੀ ਹੈ। ਅੱਜ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਭਾਗ ਫਿਰੋਜ਼ਪੁਰ ਵੱਲੋਂ ਬਾਗਬਾਨ ਵਿਚ ਸੀਨੀਅਰ ਸਿਟੀਜਨ ਡੇ ਧੂਮਧਾਮ ਨਾਲ ਮਨਾਇਆ ਗਿਆ। ਪ੍ਰਧਾਨ ਨੇ ਦੱਸਿਆ ਕਿ ਕੌਂਸਲ ਬਜ਼ੁਰਗਾਂ ਲਈ ਬਣਾਏ ਗਏ ਮੈਂਟੀਨੈਂਸ ਅਤੇ ਵੈਲਫੇਅਰ ਆਫ ਪੇਰੈਂਟਸ ਐਂਡ ਸੀਨੀਅਰ ਸਿਟੀਜਨ ਐਕਟ 2007 ਨੂੰ ਅਮਲੀ ਜਾਮਾ ਪਹਿਨਾਉਣ ਲਈ ਯਤਨਸ਼ੀਲ ਹੈ। ਸੀਨੀਅਰ ਸਿਟੀਜ਼ਨ ਕੌਂਸਲ ਫਿਰੋਜ਼ਪੁਰ ਵਿਚ ਬਜ਼ੁਰਗਾਂ ਦੇ ਸਨਮਾਨ ਲਈ ਬਹੁਤ ਕੰਮ ਕਰ ਰਹੀ ਹੈ, ਕਿਉਂਕਿ ਬਜ਼ੁਰਗ ਸਾਡੇ ਸਮਾਜ ਦਾ ਇਕ ਸਨਮਾਨਯੋਗ ਵਰਗ ਹੈ। ਬਜ਼ੁਰਗਾਂ ਦਾ ਸਤਿਕਾਰ ਕਰਨਾ ਸਾਰੇ ਨਾਗਰਿਕਾਂ ਦਾ ਫਰਜ਼ ਬਣ ਜਾਂਦਾ ਹੈ। ਇਸ ਮੌਕੇ ਤੇ ਮੁਖ ਮਹਿਮਾਨ ਰਵਿੰਦਰ ਸਿੰਘ ਏਡੀਸੀ ਫਿਰੋਜ਼ਪੁਰ ਨੇ ਬੋਲਦੇ ਹੋਏ ਕਿਹਾ ਸਾਨੂੰ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਕੋਂਸਲ ਵੱਲੋਂ ਬਜ਼ੁਰਗਾਂ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕੌਂਸਲ ਦੋ ਪੀੜ੍ਹੀਆਂ ਵਿਚਲੇ ਪਾੜ੍ਹੇ ਨੂੰ ਘਟਾਉਣ ਲਈ ਜੋ ਉਪਰਾਲੇ ਕਰ ਰਹੀ ਹੈ ਸ਼ਲਾਘਾਯੋਗ ਹੈ। ਇਸ ਮੌਕੇ ਸਰਦੀ ਦੀ ਆਮਦ ਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਭਾਗ ਵੱਲੋਂ ਫਿਰੋਜ਼ਪੁਰ ਵੱਲੋਂ ਗਰੀਬ ਤੇ ਲੋੜਵੰਦ ਬਜ਼ੁਰਗਾਂ ਨੂੰ ਕੰਬਲ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਬੋਲਦੇ ਹੋਏ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਫਿਰੋਜ਼ਪੁਰ ਗੁਰਦਰਸ਼ਨ ਸਿੰਘ ਨੇ ਕਿਹਾ ਕਿ ਉਹ ਬਜ਼ੁਰਗਾਂ ਦਾ ਦਿਲ ਤੋਂ ਸਤਿਕਾਰ ਕਰਦੇ ਹਨ ਤੇ ਬਜ਼ੁਰਗਾਂ ਦੇ ਹਰ ਕੰਮ ਲਈ ਉਨ੍ਹਾਂ ਦੇ ਦਫਤਰ ਦੇ ਦਰਵਾਜ਼ੇ ਹਮੇਸ਼ਾ ਖੱਲੇ ਹਨ। ਇਸ ਮੌਕੇ ਤੇ ਮੁਖ ਮਹਿਮਾਨ ਰਵਿੰਦਰ ਸਿੰਘ ਏਡੀਸੀ ਫਿਰੋਜ਼ਪੁਰ, ਗੁਰਦਰਸ਼ਨ ਸਿੰਘ ਜ਼ਿਲ੍ਹਾ ਸਮਾਜਿਕ ਸੁਰੱਖਆ ਅਫਸਰ ਫਿਰੋਜ਼ਪੁਰ, ਸ਼੍ਰੀਮਤੀ ਤੇਜਿੰਦਰ ਕੌਰ ਸੁਪਰਡੈਂਟ ਅਤੇ ਪੀਡੀ ਸ਼ਰਮਾ ਪ੍ਰਧਾਨ ਸੀਨੀਅਰ ਸਿਟੀਜਨ ਕੌਂਸਲ ਨੇ ਮਿਲਕੇ ਸਮੂਹ ਹਾਜ਼ਰ ਬਜ਼ੁਰਗਾਂ ਨੂੰ ਸਨਮਾਨ ਸਹਿਤ ਕੰਬਲ ਵੰਡੇ। ਸਮਾਰੋਹ ਦੇ ਅੰਤ ਵਿਚ ਮੁੱਖ ਮਹਿਮਾਨ ਰਵਿੰਦਰ ਸਿੰਘ ਏਡੀਸੀ ਨੂੰ ਇਕ ਦੋਸ਼ਾਲਾ ਅਤੇ ਸਨਮਾਨ ਚਿੰਨ ਭੇਂਟ ਕੀਤਾ। ਗੁਰਦਰਸ਼ਨ ਸਿੰਘ ਡੀਐੱਸਐੱਸਓ, ਤੇ ਪੀਡੀ ਸ਼ਰਮਾ ਪ੍ਰਧਾਨ ਨੂੰ ਦੋਸ਼ਾਲੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਨੋਦ ਕੁਮਾਰ ਗਰੋਵਰ, ਹਰੀ ਚੰਦ, ਸੀਐੱਲ ਅਰੋੜਾ, ਸ਼ਿਵ ਰਾਜ ਮਲਹੋਤਰਾ, ਮੁਕੇਸ਼ ਲੂਥਰਾ, ਪ੍ਰਦੀਪ ਕੁਮਾਰ, ਰਾਕੇਸ਼ ਸ਼ਰਮਾ, ਪੁਸ਼ਪਿੰਦਰ ਸਿੰਘ, ਰਾਮ ਸਿੰਘ ਬਿੰਦਰਾ ਅਤੇ ਬਹੁਤ ਵੱਡੀ ਗਿਣਤੀ ਵਿਚ ਹਾਜ਼ਰ ਹੋਏ।