ਗੁਰਨਾਮ ਸਿੱਧੂ
ਫਿਰੋਜ਼ਪੁਰ 13 ਨਵੰਬਰ 2019 : ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਇਸ ਧਰਤੀ ਤੇ ਕੁਦਰਤ ਸਦਾ ਮਿਹਰਬਾਨ ਰਹੀ ਹੈ, ਪਰ ਮੌਜ਼ੂਦਾ ਸਮੇਂ ਦੇ ਦੌਰਾਨ ਵਾਤਾਵਰਨ ਦੇ ਵਿਚ ਭਾਰੀ ਵਿਗਾੜ ਪੈਦਾ ਹੋਇਆ ਹੈ ਜਿਸ ਕਰਕੇ ਪੌਣ-ਪਾਣੀ,ਮਿੱਟੀ, ਹਵਾ ਅਤੇ ਸਾਡੇ ਕੁਦਰਤੀ ਸਾਧਨ ਗੰਧਲੇ ਹੋ ਰਹੇ ਹਨ। ਇਸ ਸੰਬੰਧੀ ਨਵੀਂ ਪੀੜ੍ਹੀ ਨੂੰ ਕੁਦਰਤ ਨਾਲ ਜੋੜਨ ਦੀ ਕੋਸ਼ਿਸ਼ ਤਹਿਤ ਸ਼੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਮਿਡਲ ਸਕੂਲ ਕੱਬਰਵੱਛਾ ਦੇ ਸਟਾਫ਼ ਨੇ ਮੁੱਖ ਅਧਿਆਪਕ ਪਰਮਜੀਤ ਸਿੰਘ ਅਤੇ ਪੰਜਾਬੀ ਮਾਸਟਰ ਜਗਤਾਰ ਸੋਖੀ ਦੀ ਅਗਵਾਈ ਵਿਚ ਬੀੜ ਸੁਸਾਇਟੀ ਦੇ ਸਹਿਯੋਗ ਨਾਲ਼ ਇਕ ਬਹੁਤ ਹੀ ਵੱਖਰਾ ਤੇ ਉਸਾਰੂ ਉਪਰਾਲਾ ਕੀਤਾ, ਜਿਸ ਤਹਿਤ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਦੂਸ਼ਣ ਮੁਕਤ ਤਿਉਹਾਰ ਮਨਾਉਂਦਿਆਂ ਬੂਟੇ ਲਾਉਣ ਦੇ ਕਾਰਜ ਕੀਤੇ ਤੇ ਇਨਾਮ ਵਜੋਂ ਉਨ੍ਹਾਂ ਨੂੰ ਬੀੜ ਸਿੱਖਾਂਵਾਲ਼ਾ ਦਾ ਵਿਦਿਆਕ ਟੂਰ ਲਵਾਇਆ ਗਿਆ। ਇਸ ਬਾਰੇ ਬੀੜ ਸੁਸਾਇਟੀ ਦੇ ਸੇਵਾਦਾਰ ਗੁਰਪ੍ਰੀਤ ਸਿੰਘ ਸਰਾਂ ਨੇ ਦੱਸਿਆ ਪ੍ਰੋ ਨਿੱਤਨੇਮ ਸਿੰਘ, ਪ੍ਰੋ ਮੋਹਨ ਸਿੰਘ, ਗੁਰਾਂਦਿੱਤਾ ਸਿੰਘ ਸੰਧੂ, ਵਿਜੇ ਦੇਵਗਨ ਅਤੇ ਮਾਸਟਰ ਅਵਤਾਰ ਸਿੰਘ ਦੁਆਰਾ ਕੁਦਰਤ ਦੀ ਕਾਰਜਸ਼ਾਲਾ ਦੌਰਾਨ ਬੱਚਿਆਂ ਨੂੰ ਪੌਦਿਆਂ, ਪੰਛੀਆਂ ਅਤੇ ਕੁਦਰਤ ਦੀਆਂ ਨਯਾਬ ਨਿਆਮਤਾਂ ਨਾਲ਼ ਜਾਣ ਪਛਾਣ ਕਰਵਾਈ ਗਈ। ਬੀੜ ਸੁਸਾਇਟੀ ਦੀ ਮਾਹਿਰਾਂ ਦੀ ਟੀਮ ਵੱਲੋਂ ਬੱਚਿਆਂ ਨੂੰ ਬੂਟੇ ਲਾਉਣ ਲਈ ਪ੍ਰੇਰਿਤ ਕੀਤਾ ਗਿਆ ਤੇ ਬਰਡ ਵਾਚਿੰਗ ਲਈ ਜਾਗਰੂਕ ਕੀਤਾ। ਇਸ ਦੌਰਾਨ ਬੱਚਿਆਂ ਵੱਲੋਂ ਜੰਗਲ ਵਿੱਚੋਂ ਖ਼ੁਦ ਹੀ ਬਾਲਣ ਇਕੱਠਾ ਕਰਕੇ ਆਪਣਾ ਭੋਜਨ ਆਪ ਤਿਆਰ ਕੀਤਾ ਗਿਆ। ਜੰਗਲੀ ਜੀਵਾਂ ਦੇ ਹੱਕਾਂ ਪ੍ਰਤੀ ਉਸਾਰੂ ਲੈਕਚਰ ਵੀ ਦਿੱਤੇ ਗਏ। ਇਸ ਮੌਕੇ ਬੀੜ ਸੁਸਾਇਟੀ ਦੇ ਮੁਢਲੇ ਮੈਂਬਰ ਗੁਰਸੇਵਕ ਸਿੰਘ ਦੇ ਜਨਮਦਿਨ ਮੌਕੇ ਉਨ੍ਹਾਂ ਦੇ ਪਿਤਾ ਅਵਤਾਰ ਸਿੰਘ ਵੱਲੋਂ ਨਿੰਮ, ਬੋਹੜ ਅਤੇ ਪਿੱਪਲ ਦੀ ਤ੍ਰਿਵੈਣੀ ਵੀ ਲਾਈ ਗਈ, ਉਨਾ ਨੇ ਬੱਚਿਆਂ ਨੂੰ ਰੰਗੋਲੀ ਤਿਆਰ ਕਰਨ ਦੀ ਸਿਖਲਾਈ ਵੀ ਦਿੱਤੀ। ਸਕੂਲ ਦੇ ਮੁੱਖ ਅਧਿਆਪਕ ਪਰਮਜੀਤ ਸਿੰਘ ਬਰਾੜ ਅਤੇ ਪੰਜਾਬੀ ਅਧਿਆਪਕ ਜਗਤਾਰ ਸਿੰਘ ਸੋਖੀ ਵੱਲੋਂ ਬੱਚਿਆਂ ਦਾ ਵਾਤਾਵਰਨ ਬਚਾਓ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਵੱਖਰੇ ਕਿਸਮ ਦੇ ਵਿੱਦਿਅਕ ਟੂਰ ਦੌਰਾਨ ਬੱਚੇ ਬਹੁਤ ਹੀ ਖੁਸ਼ੀ ਖੁਸ਼ੀ ਨਵੀਆਂ ਗੱਲਾਂ ਸਿੱਖਦੇ ਨਜ਼ਰ ਆਏ। ਵਿਦਿਅਕ ਸੈਰ ਦੌਰਾਨ ਬਿੰਦਰ ਸਿੰਘ ਸਿੱਖਾਂਵਾਲ਼ਾ, ਜਸਪ੍ਰੀਤ ਸਿੰਘ ਪ੍ਰੀਤ, ਰਾਜਾ ਸੰਧੂ, ਹਨੀ, ਮਾਸਟਰ ਛਿੰਦਰ ਕੱਕੜ, ਮਨਦੀਪ ਸਿੰਘ ਨਿੱਪੀ ਬਰਾੜ, ਮਿਲਵਰਤਨ ਸਿੰਘ ਮਾਨ, ਗੁਰਬਿੰਦਰ ਸਿੰਘ ਸਿੱਖਾਂਵਾਲਾ, ਜਰਨੈਲ ਸਿੰਘ, ਗੁਰਮੀਤ ਸਿੰਘ, ਚਰਨਜੀਤ ਸਿੰਘ, ਮੈਡਮ ਪਰਮਿੰਦਰ ਕੌਰ, ਪਰਮਜੀਤ ਕੌਰ, ਸੋਨੂੰ ਕੋਟਲਾ ਅਤੇ ਪਿਆਰਾ ਸਿੰਘ ਬੱਬੂ ਨੇ ਉਸਾਰੂ ਭੂਮਿਕਾ ਨਿਭਾਈ।