ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੂੰ ਗੁਰਦੁਆਰਾ ਸ੍ਰੀ ਥੇਹ ਸਾਹਿਬ ਵਿਖੇ ਸਿਰੋਪਾਓ ਦੀ ਬਖ਼ਸ਼ਿਸ਼ ਕੀਤੇ ਜਾਣ ਦਾ ਦ੍ਰਿਸ਼। ਉਨ੍ਹਾਂ ਨਾਲ ਮੁੱਖ ਮੰਤਰੀ ਦੇ ਸਲਾਹਕਾਰ ਤੇ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਅਤੇ ਵਿਧਾਇਕ ਸ. ਗੁਰਪ੍ਰੀਤ ਸਿੰਘ ਜੀ.ਪੀ. ਵੀ ਦਿਖਾਈ ਦੇ ਰਹੇ ਹਨ।
ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਕਰਵਾਇਆ ਸਮਾਗਮ
ਪਿੰਡ ਵਿਖੇ ਨਵੀਂ ਡਿਸਪੈਂਸਰੀ ਬਨਾਉਣ ਦਾ ਐਲਾਨ
ਪਿੰਡ ਈਸਰਹੇਲ ਵਿਖੇ ਗੁਰੂ ਕਾ ਬਾਗ ਅਤੇ ਥੇਹ ਸਾਹਿਬ ਤੇ ਇਤਿਹਾਸਕ ਕਰੀਰ ਨੂੰ ਸੰਭਾਲਣ ਦਾ ਪ੍ਰੋਜੈਕਟ ਸੰਗਤ ਨੂੰ ਸਮਰਪਿਤ
ਪੰਜਾਬ ਸਰਕਾਰ ਤੇ ਪਿੰਡ ਦੇ ਲੋਕਾਂ ਵੱਲੋਂ ਕਿਸੇ ਹੋਰ ਸੰਸਥਾ ਦੇ ਸਹਿਯੋਗ ਤੋਂ ਬਿਨਾਂ ਪਿੰਡ ਅਤੇ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਕਰਵਾਇਆ ਜਾ ਰਿਹਾ ਹੈ ਵਿਕਾਸ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 14 ਨਵੰਬਰ : ਗੁਰੂ ਨਾਨਕ ਪਾਤਸ਼ਾਹ ਦੇ ਮਨੁੱਖਤਾ ਦੇ ਭਲੇ ਦੇ ਸੰਦੇਸ਼ ਨੂੰ ਮੁੱਖ ਰੱਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲੋਕਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਸੂਬੇ ਦੇ 50 ਲੱਖ ਪਰਿਵਾਰਾਂ ਨੂੰ ਇਸ ਯੋਜਨਾ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ ਅਤੇ ਹੁਣ ਤੱਕ ਇਸ ਯੋਜਨਾ ਤਹਿਤ 50 ਹਜ਼ਾਰ ਤੋਂ ਵੱਧ ਮਰੀਜ਼ 55 ਕਰੋੜ ਰੁਪਏ ਦਾ ਇਲਾਜ ਮੁਫਤ ਕਰਵਾ ਚੁੱਕੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਤੇ ਕਿਰਤ ਮੰਤਰੀ, ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਗੁਰੂ ਨਾਨਕ ਪਾਤਸ਼ਾਹ ਦੀ ਚਰਨਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਥੇਹ ਸਾਹਿਬ, ਪਿੰਡ ਈਸਰਹੇਲ ਵਿਖੇ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਗੁਰੂ ਨਾਨਕ ਜੀ ਦੀ ਚਰਨ ਛੋਹ ਪ੍ਰਾਪਤ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵਿਸ਼ੇਸ਼ ਯੋਜਨਾ ਤਹਿਤ ਕੰਮ ਕਰ ਰਹੀ ਹੈ ਤੇ ਇਸੇ ਕੜੀ ਤਹਿਤ ਪਿੰਡ ਈਸਰਹੇਲ ਦੇ ਵਿਕਾਸ ਲਈ 03 ਕਰੋੜ 84 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਮੌਕੇ ਸਿਹਤ ਮੰਤਰੀ ਨੇ ਗੁਰਦੁਆਰਾ ਸ੍ਰੀ ਥੇਹ ਸਾਹਿਬ ਨੇੜੇ ਲਾਏ ਗਏ 'ਗੁਰੂ ਕਾ ਬਾਗ', ਇਤਿਹਾਸਕ ਕਰੀਰ ਤੇ ਥੇਹ ਨੂੰ ਸਾਂਭਣ ਦਾ ਪ੍ਰੋਜੈਕਟ ਸੰਗਤ ਨੂੰ ਸਮਰਪਿਤ ਕੀਤਾ ਅਤੇ ਇਕ ਡਿਸਪੈਂਸਰੀ ਬਨਾਉਣ ਦਾ ਐਲਾਨ ਕਰਨ ਦੇ ਨਾਲ ਨਾਲ ਚੱਲ ਰਹੀ ਡਿਸਪੈਂਸਰੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ। ਗੁਰੂ ਕਾ ਬਾਗ ਵਿਖੇ 2.5 ਏਕੜ ਵਿੱਚ ਅੰਬਾਂ ਦੀਆਂ 35 ਕਿਸਮਾਂ ਦੇ 5-5 ਬੂਟੇ ਲਾਏ ਗਏ ਹਨ ਅਤੇ ਨਾਲ ਹੀ ਜਿਹੜੇ ਦਰੱਖਤਾਂ ਦਾ ਜ਼ਿਕਰ ਗੁਰਬਾਣੀ ਵਿੱਚ ਆਉਂਦਾ ਹੈ ਉਨ੍ਹਾਂ ਦੇ ਬੂਟੇ ਵੀ ਲਾਏ ਗਏ ਹਨ ਅਤੇ ਬੂਟਿਆਂ ਸਬੰਧੀ ਜਾਣਕਾਰੀ ਦਿੰਦੀਆਂ ਫੱਟੀਆਂ ਵੀ ਲਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਯਕੀਨੀ ਬਣਾਇਆ ਗਿਆ ਹੈ ਕਿ ਕਿਸੇ ਵੀ ਸਿਹਤ ਸਬੰਧੀ ਅਦਾਰੇ ਵਿੱਚ ਦਵਾਈਆਂ ਦੀ ਕਮੀ ਨਾ ਆਵੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰ ਕੇ ਸਮਾਜ ਵਿੱਚੋਂ ਕੁਰੀਤੀਆਂ ਦਾ ਖਾਤਮਾ ਕੀਤਾ ਜਾ ਸਕਦਾ ਹੈ।
ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਤੇ ਸਥਾਨਕ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਿੰਡਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਖਰਚ ਰਹੀ ਹੈ ਅਤੇ ਗੁਰਦੁਆਰਾ ਸ੍ਰੀ ਥੇਹ ਸਾਹਿਬ ਵਿਖੇ ਬਣਾਏ 'ਗੁਰੂ ਕਾ ਬਾਗ', ਅਤੇ ਇਤਿਹਾਸਕ ਕਰੀਰ ਤੇ ਥੇਹ ਨੂੰ ਸੰਭਾਲਣ ਦਾ ਪ੍ਰੋਜੈਕਟ ਨਿਰੋਲ ਰੂਪ ਵਿੱਚ ਪੰਜਾਬ ਸਰਕਾਰ ਅਤੇ ਪਿੰਡ ਦੀ ਸੰਗਤ ਵੱਲੋਂ ਸਿਰੇ ਚੜ੍ਹਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪਿੰਡ ਨੇ ਦੋ ਵੱਖ ਵੱਖ ਸ਼ਮਸ਼ਾਨਘਾਟਾਂ ਨੂੰ ਇਕ ਕੀਤਾ ਹੈ, ਜੋ ਕਿ ਸ਼ਲਾਘਾਯੋਗ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਥੇਹ ਸਾਹਿਬ ਨੂੰ ਫਤਹਿਗੜ੍ਹ ਸਾਹਿਬ-ਚੰਡੀਗੜ੍ਹ ਸੜਕ ਤੋਂ ਆਉਣ ਵਾਲੀ ਸੜਕ 'ਤੇ 02.50 ਲੱਖ ਰੁਪਏ ਦੀ ਲਾਗਤ ਨਾਲ ਸੈਂਸਰਾਂ ਨਾਲ ਲੈਸ 25 ਅਤਿ ਆਧੁਨਿਕ ਸੋਲਰ ਲਾਈਟਾਂ ਲਗਾਈਆਂ ਗਈਆਂ ਹਨ।
ਪਿੰਡ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤਹਿਤ ਪਾਰਕ 'ਤੇ 04.50 ਲੱਖ ਰੁਪਏ, ਜਿੰਮ 'ਤੇ 05.50 ਲੱਖ ਰੁਪਏ, ਖੇਡ ਮੈਦਾਨ 'ਤੇ 04 ਲੱਖ ਰੁਪਏ, ਸ਼ਮਸ਼ਾਨਘਾਟ 'ਤੇ ਕਰੀਬ 04 ਲੱਖ ਰੁਪਏ, ਬੱਸ ਸ਼ੈਲਟਰ 'ਤੇ 01.47 ਲੱਖ ਰੁਪਏ, ਸਕੂਲ ਦੀ ਅਪਗਰੇਡੇਸ਼ਨ 'ਤੇ 04.10 ਲੱਖ ਰੁਪਏ, ਧਰਮਸ਼ਾਲਾ ਦੀ ਕਾਇਆ ਕਲਪ 'ਤੇ 10.72 ਲੱਖ ਰੁਪਏ, ਸੱਥ ਦੇ ਵਿਕਾਸ ਲਈ 01.50 ਲੱਖ ਰੁਪਏ, ਪਿੰਡ ਦੇ ਸੀਵਰੇਜ ਸਿਸਟਮ 'ਤੇ 35.89 ਲੱਖ ਰੁਪਏ ਅਤੇ ਟੋਭੇ ਅਤੇ ਉਸ ਦੀ ਆਲੇ ਦੁਆਲੇ ਦੀ ਥਾਂ ਦੀ ਕਾਇਆ ਕਲਪ 'ਤੇ 30.66 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਤਹਿਤ ਸਾਰੇ ਪਿੰਡ ਵਿੱਚ ਸੀਵਰੇਜ ਪਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਈਸਰਹੇਲ ਦੇ ਵਾਸੀ ਭਾਗਸ਼ਾਲੀ ਹਨ ਕਿ ਉਨ੍ਹਾਂ ਨੂੰ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਰਹਿਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਲਾਂਘਾ ਖੁੱਲ੍ਹਣਾ ਇੱਕ ਇਤਿਹਾਸਕ ਫੈਸਲਾ ਹੈ, ਜਿਸ ਨਾਲ ਕਰੋੜਾਂ ਨਾਨਕ ਨਾਮ ਲੇਵਾ ਸੰਗਤ ਦੀ ਚਿਰਾਂ ਦੀ ਮੰਗ ਪੂਰੀ ਹੋਈ ਹੈ।
ਇਸ ਮੌਕੇ ਫ਼ਤਹਿਗੜ੍ਹ ਸਾਹਿਬ ਤੋਂ ਮੈਂਬਰ ਲੋਕ ਸਭਾ ਡਾ. ਅਮਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਅਪਣਾ ਕੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਬਰਾਬਰਤਾ ਦਾ ਸੰਦੇਸ਼ ਦਿੱਤਾ ਅਤੇ ਊਚ ਨੀਚ ਦੇ ਭੇਦ ਭਾਵ ਨੂੰ ਖਤਮ ਕੀਤਾ। ਇਸ ਮੌਕੇ ਉਨ੍ਹਾਂ ਨੇ ਗੁਰਦੁਆਰਾ ਸ੍ਰੀ ਥੇਹ ਸਾਹਿਬ ਨੇੜੇ ਲਾਈ ਪ੍ਰਦਰਸ਼ਨੀ ਦੀ ਸ਼ੁਰੂਆਤ ਕਰਵਾਈ ਅਤੇ ਗੁਰਦੁਆਰਾ ਸਾਹਿਬ ਦੇ ਨਾਲ ਸਥਾਪਤ ਕੀਤਾ 'ੴ ' ਦਾ ਨਿਸ਼ਾਨ ਸੰਗਤ ਨੂੰ ਸਮਰਪਿਤ ਕੀਤਾ। ਇਸ ਮੌਕੇ ਉਨ੍ਹਾਂ ਵੱਖ ਵੱਖ ਸੰਸਥਾਵਾਂ ਵੱਲੋਂ ਲਾਏ ਖੂਨਦਾਨ ਕੈਂਪ, ਮੁਫਤ ਮੈਡੀਕਲ ਕੈਂਪ ਅਤੇ ਫਿਜ਼ੀਓਥੈਰੇਪੀ ਕੈਂਪ ਦਾ ਜਾਇਜ਼ਾ ਲਿਆ ਅਤੇ ਨੌਵਜਾਨਾਂ ਨੂੰ ਵੱਧ ਚੜ੍ਹ ਕੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ।
ਇਸ ਮੌਕੇ ਵਿਧਾਇਕ ਬਸੀ ਪਠਾਣਾ ਸ਼੍ਰੀ ਗੁਰਪ੍ਰੀਤ ਸਿੰਘ ਜੀ.ਪੀ., ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ, ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਦੀ ਧਰਮਪਤਨੀ ਸ਼੍ਰੀਮਤੀ ਮਨਦੀਪ ਕੌਰ ਨਾਗਰਾ, ਸ. ਸਿੱਧੂ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਸੰਸਦ ਮੈਂਬਰ ਡਾ. ਅਮਰ ਸਿੰਘ ਦੇ ਪੁੱਤਰ ਕਾਮਿਲ ਅਮਰ ਸਿੰਘ, ਐਸ.ਪੀ. (ਜਾਂਚ) ਸ. ਹਰਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਜਗਵਿੰਦਰਜੀਤ ਸਿੰਘ ਸੰਧੂ, ਐਸ.ਡੀ.ਐਮ. ਡਾ. ਸੰਜੀਵ ਕੁਮਾਰ, ਡੀ.ਡੀ.ਪੀ.ਓ. ਅਮਰੀਕ ਸਿੰਘ ਸਿੱਧੂ, ਕਾਰਜਕਾਰੀ ਇੰਜਨੀਅਰ ਪੰਚਾਇਤੀ ਰਾਜ ਸ਼੍ਰੀ ਜਸਵੀਰ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ਼੍ਰੀਮਤੀ ਜੋਬਨਦੀਪ ਕੌਰ, ਸਿਵਲ ਸਰਜਨ ਡਾ. ਐਨ.ਕੇ. ਅਗਰਵਾਲ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਸੁਭਾਸ਼ ਸੂਦ, ਡੀ.ਐਸ.ਪੀ. ਸ੍ਰੀ ਹਰਦੀਪ ਸਿੰਘ ਬਡੂੰਗਰ, ਡੀ.ਐਸ.ਪੀ. ਧਰਮਪਾਲ ਸਿੰਘ, ਤਹਿਸੀਲਦਾਰ ਫ਼ਤਹਿਗੜ੍ਹ ਸਾਹਿਬ ਸ਼੍ਰੀ ਗੁਰਜਿੰਦਰ ਸਿੰਘ, ਕਾਂਗਰਸ ਦੇ ਜ਼ਿਲ੍ਹਾ ਪ੍ਰੈਸ ਇੰਚਾਰਜ ਸ. ਪਰਮਵੀਰ ਸਿੰਘ ਟਿਵਾਣਾ, ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਗੇਜਾ ਰਾਮ, ਪਿੰਡ ਈਸਰਹੇਲ ਦੀ ਸਰਪੰਚ ਪਰਮਜੀਤ ਕੌਰ, ਬਲਜਿੰਦਰ ਕੌਰ, ਧਰਮਜੀਤ ਕੌਰ, ਗੁਰਸੇਵਕ ਸਿੰਘ, ਸਤਨਾਮ ਸਿੰਘ, ਬਚਿੱਤਰ ਸਿੰਘ (ਸਾਰੇ ਪੰਚ), ਸਾਬਕਾ ਸਰਪੰਚ ਡਾ. ਲਖਬੀਰ ਸਿੰਘ, ਇੰਸਪੈਕਟਰ ਤੀਰਥ ਸਿੰਘ, ਨੰਬਰਦਾਰ ਹਰਬੰਸ ਸਿੰਘ, ਦਰਬਾਰਾ ਸਿੰਘ ਸਮੇਤ ਵੱਖ ਵੱਖ ਪਿੰਡਾਂ ਦੇ ਪੰਚਾਂ ਸਰਪੰਚਾਂ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।