ਪੰਥ ਪ੍ਰਸਿੱਧ ਰਾਗੀ ਅਤੇ ਢਾਡੀ ਜਥਿਆਂ ਨੇ ਕੀਤੀ ਸ਼ਿਰਕਤ
ਗੁਰਨਾਮ ਸਿੱਧੂ
ਫਿਰੋਜ਼ਪੁਰ 16 ਨਵੰਬਰ 2019 : ਸ਼੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਖਾਤਰ ਆਪਣਾ ਬਲੀਦਾਨ ਦੇ ਕੇ ਸੰਸਾਰ ਭਰ ਵਿਚ ਆਪਣੀ ਸ਼ਹੀਦੀ ਦੀ ਅਨੌਖੀ ਮਿਸਾਲ ਪੈਦਾ ਕਰਨ ਵਾਲੇ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਬੰਧਕ ਕਮੇਟੀ ਗੁਰਦੁਆਰਾ ਭਾਈ ਹਾਕਮ ਸਿੰਘ ਮੱਖੂ ਗੇਟ ਫਿਰੋਜ਼ਪੁਰ ਸ਼ਹਿਰ ਅਤੇ ਇਲਾਕੇ ਭਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪਿਛਲੇ ਤਕਰੀਬਨ 15 ਦਿਨਾਂ ਤੋਂ ਸ੍ਰੀ ਅਖੰਡ ਪਾਠਾਂ ਦੀ ਲੜੀ, ਪ੍ਰਭਾਤ ਫੇਰੀਆਂ ਅਤੇ ਨਗਰ ਕੀਰਤਨ ਸਜਾਉਣ ਉਪਰੰਤ ਅੱਜ ਇਸ ਸ਼ਹੀਦੀ ਦਿਹਾੜੇ ਦਾ ਮੁੱਖ ਸਮਾਗਮ ਮੱਖੂ ਗੇਟ ਦੇ ਖੁੱਲੇ ਪੰਡਾਲ ਵਿਚ ਹੋਇਆ। ਜਿਸ ਵਿਚ ਜਿਥੇ ਭਾਈ ਬਲਵਿੰਦਰ ਸਿੰਘ ਜੀ ਲੋਪੋ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਭਾਈ ਅਰਜਨ ਸਿੰਘ ਨਾਨਕਸਰ ਵਾਲੇ, ਭਾਈ ਸਲਵਿੰਦਰ ਸਿੰਘ ਅਤੇ ਭਾਈ ਕੁਲਦੀਪ ਸਿੰਘ ਨੇ ਜਿਥੇ ਆਪਣੇ ਮਨੋਹਰ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ, ਉਥੇ ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਖੜਕ ਸਿੰਘ ਜੀ ਪਠਾਨਕੋਟ ਵਾਲਿਆਂ ਨੇ ਢਾਡੀ ਵਾਰਾਂ ਰਾਹੀਂ ਬਾਬਾ ਦੀਪ ਸਿੰਘ ਜੀ ਦੀ ਜੀਵਨੀ ਅਤੇ ਸ਼ਹਾਦਤ ਤੇ ਚਾਨਣਾ ਪਾਇਆ। ਸਟੇਜ ਸਕੱਤਰ ਦੀ ਸੇਵਾ ਭਾਈ ਜਸਪਾਲ ਸਿੰਘ ਤੇ ਬਾਖੂਬੀ ਨਿਭਾਈ। ਇਸ ਸਮੇਂ ਗੁਰੂ ਕਾ ਲੰਗਰ, ਚਾਹ ਅਤੇ ਹੋਰ ਕਈ ਤਰ੍ਹਾਂ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਪਹੁੰਚੀਆਂ ਸਖਸ਼ੀਅਤਾਂ ਵਿਚ ਪ੍ਰਧਾਨ ਕਰਨੈਲ ਸਿੰਘ ਸੰਧੂ, ਕਿੱਕਰ ਸਿੰਘ ਸੰਧੂ, ਭਾਈ ਜਸਪਾਲ ਸਿੰਘ, ਬਾਬਾ ਮੁਖਤਿਆਰ ਸਿੰਘ, ਸੁਰਜੀਤ ਸਿੰਘ, ਨਿਰਮਲ ਸਿੰਘ ਦੁਲਚੀਕੇ, ਗੁਰਚਰਨ ਸਿੰਘ ਬਾਵਾ, ਅਨੂਪ ਸਿੰਘ, ਗੁਰਨਾਮ ਸਿੰਘ, ਸੁਖਬੀਰ ਸਿੰਘ ਸੰਧੂ, ਪ੍ਰਗਟ ਸਿੰਘ, ਰਾਹੁਲ ਨਰੂਲਾ, ਗੁਰਮੀਤ ਸਿੰਘ, ਤੇਜਾ ਸਿੰਘ ਕੰਬੋਜ਼, ਬਲਵਿੰਦਰ ਸਿੰਘ ਸੰਧੂ, ਸੁਖਮਨ ਸਿੰਘ, ਸਾਹਿਲ ਸਮੇਤ ਕਈ ਹੋਰ ਆਗੂ ਵੀ ਹਾਜ਼ਰ ਸਨ।