ਲੋਕਾਂ ਤੋਂ ਫੰਡ ਮੰਗਦੇ ਹੋਏ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ।
ਜੀ ਐਸ ਪੰਨੂ
ਪਟਿਆਲਾ, 03 ਦਸੰਬਰ 2019: ਸਿਹਤ ਵਿਭਾਗ ਪੰਜਾਬ ਵਿੱਚ ਮਲਟੀਪਰਪਜ਼ ਹੈਲਥ ਵਰਕਰਾਂ ਦੀ ਨਵੀਂ ਭਰਤੀ ਦੀ ਮੰਗ ਨੂੰ ਲੈ ਕੇ 2 ਦਸੰਬਰ ਨੂੰ ਸਥਾਨਕ ਬਾਰਾਂਦਰੀ ਵਿਖੇ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ ਲਗਾ ਬੈਠੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਨੇ ਧਰਨੇ ਦੇ ਦੂਜੇ ਦਿਨ ਰਾਹਗੀਰ ਲੋਕਾਂ ਪਾਸੋਂ ਸੰਘਰਸ਼ ਸਹਾਇਤਾ ਇਕੱਠੀ ਕੀਤੀ।
ਯੂਨੀਅਨ ਪ੍ਰਧਾਨ ਤਰਲੋਚਨ ਸਿੰਘ ਅਤੇ ਆਗੂ ਸੁਖਵਿੰਦਰ ਸਿੰਘ ਨੇ ਕਿਹਾ ਕਿ ਯੂਨੀਅਨ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਉਪਰ ਗੌਰ ਕਰਦਿਆਂ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੂੰ ਮੰਗਾਂ ਦਸਦਿਆਂ ਕਿਹਾ ਕਿ ਪਿਛਲੀ ਸਰਕਾਰ ਸਮੇਂ ਜਾਰੀ ਅਤੇ ਮੁਕੰਮਲ ਹੋ ਚੁੱਕੀ ਭਰਤੀ ਦੇ ਇਸ਼ਤਿਹਾਰ ਵਿੱਚ ਭ੍ਰਿਸ਼ਟ ਤਰੀਕੇ ਨਾਲ ਹੋ ਰਹੇ ਵਾਧੇ ਦੀ ਪ੍ਰਕਿਰਿਆ ਨੂੰ ਤੁਰੰਤ ਕਾਬੂ ਕੀਤਾ ਜਾਵੇ। ਸਰਕਾਰੀ ਹਸਪਤਾਲਾਂ 'ਚ ਖਾਲੀ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ ਸਾਰੀ ਅਸਾਮੀਆਂ ਰੈਗੂਲਰ ਅਤੇ ਉਮਰ ਹੱਦ ਵਿੱਚ ਰਾਜਸਥਨ, ਹਿਮਾਚਲ, ਹਰਿਆਣਾ ਵਾਂਗ ਪੰਜ ਸਾਲ ਛੋਟ ਦੇ ਭਰੀਆਂ ਜਾਣ।
ਆਬਾਦੀ ਮੁਤਾਬਿਕ ਹੋਰ ਪੈਦਾ ਹੋਣ ਵਾਲੀਆਂ ਸਿਹਤ ਵਰਕਰ ਦੀਆਂ ਅਸਾਮੀਆਂ ਨੂੰ ਮਨਜੂਰੀ ਦਿੱਤੀ ਜਾਵੇ।ਭਰਤੀ ਪ੍ਰਕਿਰਿਆ ਨੂੰ ਨਿਰਧਾਰਿਤ ਦਿਨਾਂ ਵਿਚ ਪੂਰਾ ਕੀਤਾ ਜਾਵੇ। ਨਿੱਜੀਕਰਨ ਦੀ ਨੀਤੀ ਬੰਦ ਕੀਤੀ ਜਾਵੇ। ਸਰਕਾਰੀ ਹਸਪਤਾਲਾਂ ਵਿੱਚ ਲੋੜੀਦੀਆਂ ਸਿਹਤ ਸਹੂਲਤਾਂ ਮੁਹੱਈਆ ਕੀਤੀਆਂ ਜਾਣ।
ਜਾਰੀ ਹੋਣ ਵਾਲੇ ਇਸ਼ਤਿਹਾਰ ਨੂੰ ਕਾਨੂੰਨੀ ਨੁਕਤੇ ਵਿਚਾਰ ਕੇ ਅਤੇ ਕੱਟ ਆਫ ਰੱਖ ਕੇ ਜਾਰੀ ਕੀਤਾ ਜਾਵੇ ਤਾਂ ਜੋਂ ਮਸਲਾ ਅਦਾਲਤਾਂ ਵਿੱਚ ਨਾ ਲਟਕੇ।
ਉਨ੍ਹਾਂ ਅਨੇਕਾਂ ਵਾਰ ਭਰੋਸਾ ਵੀ ਦਿੱਤਾ ਹੈ ਕਿ ਮਹਿਕਮੇ ਵਿੱਚ ਖਾਲੀ ਪਈਆਂ ਸਾਰੀਆਂ ਅਸਾਮੀਆਂ ਉਪਰ ਉਮਰ ਹੱਦ ਵਿੱਚ ਪੰਜ ਸਾਲ ਦੀ ਛੋਟ ਦੇ ਭਰਤੀ ਕੀਤੀ ਜਾਵੇਗੀ।
ਪਰ ਹੁਣ ਜਦਕਿ ਸਾਲ ਖਤਮ ਹੋਣ ਕਿਨਾਰੇ ਹੈ ਅਤੇ ਭਰਤੀ ਸੰਬੰਧੀ ਇਸ਼ਤਹਾਰ ਜਾਰੀ ਕਰਨ ਵਿੱਚ ਦੇਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਜਲਦ ਮੰਗਾਂ ਨਾ ਮੰਨੀਆਂ ਤਾਂ 8 ਦਸੰਬਰ ਨੂੰ ਮੋਤੀ ਮਹਿਲ ਵੱਲ ਮਾਰਚ ਕੀਤਾ ਜਾਵੇਗਾ ।
ਇਸ ਮੌਕੇ ਸੁਖਦੇਵ ਸਿੰਘ, ਸਵਰਨ ਸਿੰਘ, ਅਮਨ ਕਾਂਬੋਜ਼, ਹਰਵਿੰਦਰ ਪਟਿਆਲਾ, ਪੱਪੂ ਬਾਲਿਆਂਵਾਲੀ, ਅਮਰੀਕ ਬਠਿੰਡਾ, ਸੁਖਪਾਲ ਧੀਂਗੜ, ਜਗਜੀਤ ਬਠਿੰਡੇ, ਕੁਲਦੀਪ ਕਮਾਲੂ ਅਤੇ ਲਖਵੀਰ ਸਿੰਘ ਆਦਿ ਹਾਜ਼ਰ ਸਨ।