ਅੰਤਰ ਰਾਸ਼ਟਰੀ ਦਿਵਿਆਂਗ ਦਿਵਸ ਮੌਕੇ ਦਿਵਿਆਂਗ ਵਿਅਕਤੀਆਂ ਦਾ ਕੀਤਾ ਸਨਮਾਨ
ਮਾਨਸਾ, 04 ਦਸੰਬਰ 2019: ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਅੰਤਰ ਰਾਸ਼ਟਰੀ ਦਿਵਿਆਂਗ ਦਿਵਸ ਅੱਜ ਸਥਾਨਕ ਨਾਨਕ ਮੱਲ ਧਰਮਸ਼ਾਲਾ ਵਿਖੇ ਮਨਾਇਆ ਗਿਆ, ਜਿੱਥੇ ਮੌਜੂਦਾ ਵਾਧੂ ਚਾਰਜ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਰਾਜਦੀਪ ਸਿੰਘ ਬਰਾੜ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ।
ਇਸ ਮੌਕੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਵੱਲੋਂ 1992 ਵਿਚ ਦਿਵਿਆਂਗ ਵਿਅਕਤੀਆਂ ਨੂੰ ਬਰਾਬਰਤਾ ਦਾ ਅਧਿਕਾਰ ਅਤੇ ਸਨਮਾਨ ਦੇਣ ਦੇ ਮੰਤਵ ਨਾਲ ਅੰਤਰ ਰਾਸ਼ਟਰੀ ਦਿਵਿਆਂਗ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ। 1995 ਵਿਚ ਬਰਾਬਰਤਾ ਦਾ ਅਧਿਕਾਰ ਐਕਟ ਲਾਗੂ ਕੀਤਾ ਗਿਆ ਜਿਸ ਤਹਿਤ ਸਰਕਾਰੀ ਨੌਕਰੀਆਂ ਵਿਚ ਵੀ ਦਿਵਿਆਂਗ ਵਿਅਕਤੀਆਂ ਨੂੰ 3 ਫ਼ੀਸਦੀ ਰਾਖਵਾਂ ਕੋਟਾ ਦਿੱਤਾ ਗਿਆ ਸੀ ਜੋ ਕਿ ਬਾਅਦ ਵਿਚ ਵਧਾ ਕੇ 5 ਫ਼ੀਸਦੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੈਨਸ਼ਨ ਸਕੀਮ, ਸਪੈਸ਼ਲ ਸਕੂਲ ਅਤੇ ਸਰਕਾਰੀ ਅਦਾਰਿਆਂ ਵਿਚ ਦਿਵਿਆਂਗ ਵਿਅਕਤੀਆਂ ਲਈ ਰੈਂਪ ਬਣਾਉਣ ਦੀ ਸਹੂਲਤ ਦਿੱਤੀ ਗਈ ਹੈ। ਚੋਣ ਕਮਿਸ਼ਨ ਵੱਲੋਂ ਹਰ ਪੋਲਿੰਗ ਬੂਥ ਤੇ ਵੀ ਰੈਂਪ ਦਾ ਇੰਤਜ਼ਾਮ ਕੀਤਾ ਗਿਆ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਦਿਵਿਆਂਗ ਵਿਅਕਤੀ ਕਿਸੇ ਤਰਾਂ ਦੇ ਤਰਸ ਦੇ ਪਾਤਰ ਨਹੀਂ, ਬਲਕਿ ਸਾਡੇ ਸਹਾਰੇ ਅਤੇ ਸਤਿਕਾਰ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਨੂੰ ਹਰ ਅਦਾਰੇ ਵਿਚ ਪਹਿਲ ਦੇ ਆਧਾਰ ਤੇ ਕੰਮ ਕਰ ਕੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਦਿਵਿਆਂਗ ਵਿਅਕਤੀ ਨੂੰ ਕਿਸੇ ਤਰਾਂ ਦੀ ਸਮੱਸਿਆ ਪੇਸ਼ ਆਊਂਦੀ ਹੈ ਜਾਂ ਕਿਸੇ ਅਦਾਰੇ ਵਿਚ ਦਿਵਿਆਂਗ ਵਿਅਕਤੀਆਂ ਲਈ ਕਿਸੇ ਸਹੂਲਤ ਦੀ ਕਮੀ ਨਜ਼ਰ ਆਊਂਦੀ ਹੈ ਤਾਂ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਜਾਵੇ।
ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਨੇ ਕਿਹਾ ਕਿ ਦਿਵਿਆਂਗ ਵਿਅਕਤੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਲਾਭ ਉਠਾਉਣ ਲਈ ਅਪੰਗਤਾ ਸਰਟੀਫਿਕੇਟ ਲਾਜ਼ਮੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਵੇਂ ਅਪੰਗਤਾ ਯੂ.ਡੀ.ਆਈ.ਡੀ. ਕਾਰਡ ਬਣਾਏ ਜਾ ਰਹੇ ਹਨ ਜਿਸ ਲਈ ਹਰ ਹਫ਼ਤੇ ਮੰਗਲਵਾਰ ਅਤੇ ਵੀਰਵਾਰ ਸਿਵਲ ਹਸਪਤਾਲ ਵਿਖੇ ਜਾ ਕੇ ਅਪੰਗਤਾ ਕਾਰਡ ਬਣਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦਿਵਿਆਂਗ ਦਿਵਸ ਮੌਕੇ ਸਪੈਸ਼ਲ ਕੈਂਪ ਵੀ ਲਗਾਇਆ ਗਿਆ ਹੈ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਲਵਲੀਨ ਬੜਿੰਗ ਨੇ ਸਮੂਹ ਹਾਜਰੀਨ ਦਾ ਸਵਾਗਤ ਕਰਦਿਆਂ ਕਿਹਾ ਕਿ ਦਿਵਿਆਂਗ ਵਿਅਕਤੀਆਂ ਦਾ ਸਹਿਯੋਗ ਕਰਨਾ ਸਾਡਾ ਨੈਤਿਕ ਫਰਜ਼ ਹੈ। ਉਨ੍ਹਾਂ ਕਿਹਾ ਕਿ ਦਿਵਿਆਂਗ ਵਿਅਕਤੀਆਂ ਲਈ ਸਰਕਾਰ ਵੱਲੋਂ ਸਮੇਂ ਸਮੇਂ ਤੇ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਜਿੰਨ੍ਹਾਂ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਉਣਾ ਵੀ ਸਾਡਾ ਫਰਜ਼ ਬਣਦਾ ਹੈ। ਉਨ੍ਹਾਂ ਇਸ ਮੌਕੇ ਆਏ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਆਮ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਜ਼ਿਲ੍ਹਾ ਸਪੈਸ਼ਲ ਰਿਸੋਰਸ ਸੈਂਟਰ ਦੇ ਗੂੰਗੇ ਅਤੇ ਬੋਲੇ ਬੱਚਿਆਂ ਦੁਆਰਾ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੋ ਬੱਚੇ ਬੋਲ ਅਤੇ ਸੁਣ ਨਹੀਂ ਸਕਦੇ ਉਨ੍ਹਾਂ ਦੁਆਰਾ ਸੰਗੀਤ ਦੀ ਧੁਨ ਜਿਸ ਨੂੰ ਉਹ ਸੁਣ ਵੀ ਨਹੀਂ ਸਕਦੇ, ‘ਤੇ ਪੇਸ਼ਕਾਰੀ ਕਰਨੀ ਬਹੁਤ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਪਿਛਲੇ ਰਿਕਾਰਡ ਫਰੋਲ ਲਏ ਜਾਣ ਤਾਂ ਦਿਵਿਆਂਗ ਬੱਚਿਆਂ ਦੀਆਂ ਦੂਜੇ ਬੱਚਿਆਂ ਨਾਲੋਂ ਵੱਧ ਪ੍ਰਾਪਤੀਆਂ ਹਨ, ਬਸ ਉਨ੍ਹਾਂ ਨੂੰ ਯੌਗ ਮੌਕੇ ਪ੍ਰਦਾਨ ਕਰਨ ਦੀ ਲੋੜ ਹੈ।
ਸਮਾਗਮ ਦੇ ਅਖ਼ੀਰ ਵਿਚ ਦਿਵਿਆਂਗ ਵਿਅਕਤੀਆਂ ਨੂੰ ਲੋਈਆਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ। ਮੰਚ ਸੰਚਾਲਨ ਦੀ ਭੂਮਿਕਾ ਸ੍ਰੀ ਰਾਜਿੰਦਰ ਕੁਮਾਰ ਨੇ ਨਿਭਾਈ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ, ਐਸ.ਐਮ.ਓ ਸ੍ਰੀ ਅਸ਼ੋਕ ਕੁਮਾਰ, ਜ਼ਿਲ੍ਹਾ ਸਪੈਸ਼ਲ ਐਜੂਕੇਟਰ ਸ੍ਰੀ ਰਾਕੇਸ਼ ਕੁਮਾਰ ਮੌਜੂਦ ਸਨ।