23 ਦਸੰਬਰ ਤੱਕ ਰਿਪੋਰਟ ਕਾਰਡ ਭਰੇ ਜਾਣਗੇ
ਐੱਸ.ਏ.ਐੱਸ. ਨਗਰ 5 ਦਸੰਬਰ ,2019: ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਦੇ ਬੱਚਿਆਂ ਦਾ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਗਤੀਵਿਧੀ ਅਧਾਰਤ ਮੁਲਾਂਕਣ 9 ਦਸੰਬਰ ਤੋਂ 19 ਦਸੰਬਰ ਤੱਕ ਚੱਲੇਗਾ| ਇਸ ਲਈ ਸਿੱਖਿਆ ਵਿਭਾਗ ਵੱਲੋਂ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀ ਅਗਵਾਈ ਵਿੱਚ ਮੁਲਾਂਕਣ ਰਿਪੋਰਟ ਕਾਰਡ ਵੀ ਤਿਆਰ ਕਰਵਾਕੇ ਸਕੂਲਾਂ ਵਿੱਚ ਭੇਜੇ ਗਏ ਹਨ|
ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਕਿਹਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤ ਦੇ ਬੱਚਿਆਂ ਨੂੰ ਖੇਡ ਅਧਾਰਤ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਅਤੇ ਪ੍ਰੀ-ਪ੍ਰਾਇਮਰੀ ਦੇ ਬੱਚੇ ਬਹੁਤ ਹੀ ਵਧੀਆ ਢੰਗ ਨਾਲ ਇਹਨਾਂ ਕਿਰਿਆਵਾਂ ਨੂੰ ਕਰਦੇ ਹਨ| ਮਾਪਿਆਂ ਨੂੰ ਬੱਚਿਆਂ ਦੇ ਸਰੀਰਕ, ਕਿਰਿਆਤਮਕ, ਸਮਾਜਿਕ, ਭਾਵਨਾਤਮਕ, ਬੌਧਿਕ, ਭਾਸ਼ਾਈ ਅਤੇ ਗਣਿਤਕ ਵਿਕਾਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ| ਜਿਸ ਲਈ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਅਧਿਆਪਕਾਂ ਦੀ ਮਿਹਨਤ ਨਾਲ ਤਿਆਰ ਕੀਤੇ ਗਏ ਗਤੀਵਿਧੀ ਅਧਾਰਤ ਮੁਲਾਂਕਣ ਟੂਲ ਨੂੰ ਵਰਤ ਕੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਦੀ ਮੰਗ ਨੂੰ ਪੂਰਾ ਕੀਤਾ ਜਾ ਰਿਹਾ ਹੈ|
ਇਸ ਸਬੰਧੀ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਇੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੀ-ਪ੍ਰਾਇਰਮੀ ਬੱਚਿਆ ਦਾ ਪਹਿਲਾ ਮੁਲਾਂਕਣ ਹੋ ਚੁੱਕਾ ਹੈ ਅਤੇ ਰਿਪੋਰਟ ਕਾਰਡ ਭਰੇ ਹੋਏ ਹਨ| ਦੂਜਾ ਮੁਲਾਂਕਣ 9 ਦਸੰਬਰ ਤੋਂ 19 ਦਸੰਬਰ ਤੱਕ ਹੋਵੇਗਾ| ਇਸ ਮੁਲਾਂਕਣ ਵਿੱਚ ਬੱਚੇ ਦੁਆਰਾ ਕੀਤੀ ਜਾਣ ਵਾਲੀ ਗਤੀਵਿਧੀ ਸਮੇਂ ਅਧਿਆਪਕ ਨੂੰ ਦਿੱਤੀ ਗਈ ਸਿਖਲਾਈ ਅਨੁਸਾਰ ਅਵਲੋਕਨ ਕੀਤਾ ਜਾਵੇਗਾ| ਇਹਵੀ ਹਦਾਇਤ ਕੀਤੀ ਗਈ ਹੈ ਕਿ ਬੱਚੇ ਤੋਂ ਗਤੀਵਿਧੀ ਵਾਰ-ਵਾਰ ਵੀ ਕਰਵਾਈ ਜਾ ਸਕਦੀ ਹੈ ਕਿਉਂਕਿ ਬੱਚੇ ਛੋਟੇ ਹੁੰਦੇ ਹਨ| ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਦੀ ਅਗਵਾਈ ਵਿੱਚ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੂਜੇ ਮੁਲਾਂਕਣ ਦੀ ਪ੍ਰਕਿਰਿਆ ਪੂਰੀ ਕਰਵਾਉਣ ਲਈ ਜਿੰਮੇਵਾਰ ਹੋਣਗੇ|
ਇਸ ਸਬੰਧੀ ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੁਲਾਂਕਣ ਅਧਿਆਪਕ ਵੱਲੋਂ ਕੀਤਾ ਜਾਣਾ ਹੈ ਅਤੇ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਟੀਮ ਦੇ ਮੈਂਬਰ ਇਹ ਸੁਨਿਸ਼ਚਿਤ ਕਰਨਗੇ ਕਿ ਪ੍ਰੀ-ਪ੍ਰਾਇਮਰੀ ਬੱਚਿਆਂ ਦੀ ਗਤੀਵਿਧੀ ਦਾ ਅਵਲੋਕਨ ਸਹੀ ਢੰਗ ਨਾਲ ਕੀਤਾ ਜਾ ਰਿਹਾ ਹੈ| ਮੁਲਾਂਕਣ ਦਾ ਡਾਟਾ ਸਕੂਲ ਅਧਿਆਪਕ ਵੱਲੋਂ ਉਸੇ ਹੀ ਦਿਨ ਸਬੰਧਿਤ ਕਲਸਟਰ ਮਾਸਟਰ ਟਰੇਨਰ ਰਾਹੀਂ ਬਲਾਕ ਮਾਸਟਰ ਟਰੇਨਰ ਕੋਲ ਭੇਜਿਆ ਜਾਵੇਗਾ ਤਾਂ ਜੋ ਸਮੇਂ ਸਿਰ ਡਾਟਾ ਪੋਰਟਲ 'ਤੇ ਦਰਜ ਕੀਤਾ ਜਾ ਸਕੇ|