ਐਸ.ਏ.ਐੱਸ ਨਗਰ 5 ਦਸਬੰਰ ,2019: ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਦੇ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਦੀ ਬਿਹਤਰੀ ਲਈ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਦੀ ਯੋਗ ਅਗਵਾਈ ਸਦਕਾ ਸਿੱਖਿਆ ਵਿਭਾਗ ਵੱਲੋਂ ਦੋ ਸਾਲ ਪਹਿਲਾਂ ਬਾਲ ਦਿਵਸ ਮੌਕੇ ਪ੍ਰੀ ਪ੍ਰਾਇਮਰੀ ਜਮਾਤਾਂ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ ਸੀ। ਜਿਸ ਸਦਕਾ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ ਜਿੱਥੇ ਇਹ ਜਮਾਤਾਂ ਸਫ਼ਲਤਾਪੂਰਵਕ ਚੱਲ ਰਹੀਆਂ ਹਨ। ਵਿਭਾਗ ਵੱਲੋਂ ਪ੍ਰੀ ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਦਾ ਉਦੇਸ਼ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਨੂੰ ਗੁਣਾਤਮਿਕ ਮੁੱਢਲੀ ਸਿੱਖਿਆ ਪ੍ਰਦਾਨ ਕਰਨਾ ਅਤੇ ਉਨ੍ਹਾਂ ਦਾ ਸਰਵਪੱਖੀ ਵਿਕਾਸ ਕਰਨਾ ਹੈ। ਸਿੱਖਿਆ ਵਿਭਾਗ ਵੱਲੋਂ ਇਹਨਾਂ ਜਮਾਤਾਂ ਦੇ ਵਿਕਾਸ ਲਈ ਸਮੇਂ-ਸਮੇਂ ਤੇ ਨਿਵੇਕਲੇ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਸਰਕਾਰ ਵੱਲੋਂ ਪ੍ਰੀ ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਸਰੀਰਕ ਵਿਕਾਸ ਲਈ ਖੇਡਾਂ ਦਾ ਸਮਾਨ ਖਰੀਦਣ ਲਈ ਗ੍ਰਾਂਟ ਜਾਰੀ ਕੀਤੀ ਗਈ ਹੈ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੰਬੰਧੀ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੁਆਰਾ ਜਾਰੀ ਪੱਤਰ ਅਨੁਸਾਰ ਪ੍ਰਤੀ ਸਕੂਲ 19 ਹਜ਼ਾਰ ਰੁਪਏ ,ਜਿਸ ਤਹਿਤ ਪੰਜਾਬ ਦੇ 12218 ਸਕੂਲਾਂ ਲਈ ਕੁੱਲ ਤੇਈ ਕਰੋੜ ਇੱਕੀ ਲੱਖ ਬਿਆਲੀ ਹਜ਼ਾਰ ਰੁਪਏ ਦੀ ਰਾਸ਼ੀ ਪ੍ਰੀ ਪ੍ਰਾਇਮਰੀ ਜਮਾਤਾਂ ਲਈ ਖੇਡਾਂ ਦੇ ਸਮਾਨ ਦੀ ਖ਼ਰੀਦ ਲਈ ਗ੍ਰਾਂਟ ਦੇ ਰੂਪ ਵਿੱਚ ਜਾਰੀ ਕੀਤੀ ਹੈ। ਇਸ ਗ੍ਰਾਂਟ ਅਧੀਨ ਖਰੀਦੇ ਜਾਣ ਵਾਲੇ ਸਮਾਨ ਸਬੰਧੀ ਵਿਭਾਗ ਵੱਲੋਂ ਕੁੱਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ , ਪੱਤਰ ਅਨੁਸਾਰ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ( ਐ. ਸਿੱ) ਇਸ ਗ੍ਰਾਂਟ ਨੂੰ ਸਕੂਲ ਪੱਧਰ ਤੇ ਤੁਰੰਤ ਜਾਰੀ ਕਰਨਾ ਯਕੀਨੀ ਬਣਾਉਣ ਅਤੇ ਸਕੂਲ ਮੁਖੀ ਇਸ ਗ੍ਰਾਂਟ ਨੂੰ ਨਿਯਮਾਂ ਅਨੁਸਾਰ ਖਰਚ ਕਰਨਾ ਯਕੀਨੀ ਬਣਾਉਣਗੇ।
ਪੱਤਰ ਅਨੁਸਾਰ ਇਹ ਗ੍ਰਾਂਟ ਕੇਵਲ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੇ ਸਰੀਰਕ ਵਿਕਾਸ ਲਈ ਖੇਡਾਂ ਦੇ ਸਮਾਨ ਜਿਵੇਂ ਸਲਾਈਡ, ਸਲਿੰਗ, ਬੈਲੰਸ ਬੀ., ਸੀ-ਸਾਅ ਅਤੇ ਟਾਇਰਾਂ ਦੇ ਅਕਾਰ ਆਦਿ ਦੀ ਖ਼ਰੀਦ ਲਈ ਹੀ ਖਰਚ ਕੀਤੀ ਜਾਵੇ। ਇਸ ਸਬੰਧੀ ਇਹ ਵੀ ਕਿਹਾ ਗਿਆ ਹੈ ਕਿ ਇਹਨਾਂ ਵਸਤੂਆਂ ਵਿੱਚੋਂ ਉਹਨਾਂ ਵਸਤੂਆਂ ਦੀ ਹੀ ਖ਼ਰੀਦ ਕੀਤੀ ਜਾਵੇ ਜੋ ਪਹਿਲਾ ਤੋਂ ਸਕੂਲ ਵਿੱਚ ਉਪਲੱਬਧ ਨਾ ਹੋਵੇ। ਗ੍ਰਾਂਟ ਅਧੀਨ ਖਰੀਦਿਆ ਗਿਆ ਸਮਾਨ ਕੁਆਲਿਟੀ ਵਜੋਂ 3-6 ਸਾਲ ਦੇ ਬੱਚੇ ਦੀ ਵਰਤੋਂ ਲਈ ਅਨੁਕੂਲ ਅਤੇ ਸੁਰੱਖਿਅਤ ਹੋਵੇ।ਸਕੂਲ ਵਲੋਂ ਇਹ ਗ੍ਰਾਂਟ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਖਰਚ ਕੀਤੀ ਜਾਵੇਗੀ ।