ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ, ਸ਼ੇਰਗੜ੍ਹ ਬਾੜਾ, ਕਲੱਰ ਮਾਜਰਾ, ਮੈਣ ਮਾਜਰੀ ਅਤੇ ਨੰਦਪੁਰ ਕਲੌੜ ਦੇ ਕਿਸਾਨਾਂ ਨਾਲ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਜਾਇਜਾ ਲੈਂਦੇ ਹੋਏ।
ਪਿਛਲੇ ਦਿਨੀਂ ਸੀਵਰੇਜ ਦੇ ਗੰਦੇ ਪਾਣੀ ਵਾਲੀ ਥਾਂ ਦਾ ਫ਼ਤਹਿਗੜ੍ਹ ਸਾਹਿਬ, ਐਸ.ਏ.ਐਸ. ਨਗਰ ਅਤੇ ਪਟਿਆਲਾ ਜ਼ਿਲ੍ਹੇ ਦੇ ਸਬੰਧਤ ਅਧਿਕਾਰੀਆਂ ਨੇ ਮਸਲੇ ਦੇ ਹੱਲ ਲਈ ਲਿਆ ਸੀ ਜਾਇਜਾ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 12 ਦਸੰਬਰ: ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਅਤੇ ਡਿਪਟੀ ਕਮਿਸ਼ਨਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼੍ਰੀ ਗਿਰੀਸ਼ ਦਿਆਲਨ ਦੇ ਆਪਸੀ ਤਾਲਮੇਲ ਸਦਕਾ ਖਰੜ ਤੋਂ ਆ ਰਿਹਾ ਸੀਵਰੇਜ ਦਾ ਗੰਦੇ ਪਾਣੀ ਜੋ ਕਿ ਕਿਸਾਨਾਂ ਅਤੇ ਲੋਕਾਂ ਲਈ ਮੁਸੀਬਤ ਬਣਿਆਂ ਹੋਇਆ ਸੀ ਉਸ ਦਾ ਸਾਰਥਿਕ ਹੱਲ ਕਰ ਲਿਆ ਗਿਆ ਹੈ ਅਤੇ ਹੁਣ ਸੀਵਰੇਜ ਦਾ ਗੰਦਾ ਪਾਣੀ ਕਿਸਾਨਾਂ ਦੀਆਂ ਫਸਲਾਂ ਵਿੱਚੋਂ ਨਿਕਲਣਾ ਸ਼ੁਰੂ ਹੋ ਗਿਆ ਹੈ ਅਤੇ ਹੁਣ ਕਿਸੇ ਬਿਮਾਰੀ ਫੈਲਣ ਦਾ ਖਦਸਾ ਵੀ ਖਤਮ ਹੋ ਗਿਆ ਅਤੇ ਲੋਕਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਬਸੀ ਪਠਾਣਾ ਦੇ ਐਸ.ਡੀ.ਐਮ. ਸ਼੍ਰੀ ਪਵਿੱਤਰ ਸਿੰਘ ਨੇ ਦੱਸਿਆ ਕਿ ਖਰੜ ਤੋਂ ਸੀਵਰੇਜ ਦਾ ਗੰਦਾ ਪਾਣੀ ਜੋ ਕਿ ਜੈਂਤੀ ਕੀ ਰਾਓ ਰਾਹੀਂ ਸ਼ੇਰਗੜ੍ਹ ਬਾੜਾ, ਕਲੱਰ ਮਾਜਰਾ, ਮੈਣ ਮਾਜਰੀ, ਨੰਦਪੁਰ ਕਲੌੜ ਦੇ ਕਿਸਾਨਾਂ ਦੀ ਕਰੀਬ 300 ਏਕੜ ਕਣਕ ਦੀ ਫਸਲ ਖਰਾਬ ਕਰ ਰਿਹਾ ਸੀ ਅਤੇ ਸ਼ੇਰਗੜ੍ਹ ਤੇ ਕਲੱਰ ਮਾਜਰਾ ਵਿਚਕਾਰ 25 ਏਕੜ ਜਮੀਨ ਨੇ ਝੀਲ ਦਾ ਰੂਪ ਧਾਰਿਆ ਹੋਇਆ ਸੀ ਜਿਸ ਕਾਰਨ ਵਾਤਾਵਰਣ ਪ੍ਰਦੂਸ਼ਤ ਹੋਣ ਦੇ ਨਾਲ ਬਦਬੂ ਵੀ ਫੈਲ ਰਹੀ ਸੀ ਅਤੇ ਇੱਥੇ ਕੋਈ ਨਾ ਕੋਈ ਬਿਮਾਰੀ ਫੈਲਣ ਦਾ ਖਦਸਾ ਬਣਿਆਂ ਹੋਇਆ ਸੀ। ਉਨ੍ਹਾਂ ਦੱਸਿਆ ਕਿ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਗੰਭੀਰਤਾ ਨਾਲ ਲੈਂਦਿਆਂ ਅਤੇ ਇਸ ਇਲਾਕੇ ਦੇ ਕਿਸਾਨਾਂ ਅਤੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਪਿਛਲੇ ਦਿਨੀਂ ਇਸ ਇਲਾਕੇ ਦਾ ਦੌਰਾ ਕੀਤਾ ਸੀ ਅਤੇ ਲੋਕਾਂ ਨੂੰ ਸੀਵਰੇਜ ਦੇ ਗੰਦੇ ਪਾਣੀ ਦੇ ਮਸਲੇ ਦਾ ਹੱਲ ਕਰਨ ਦਾ ਪੂਰਨ ਭਰੋਸਾ ਦਿੱਤਾ ਸੀ।
ਸ਼੍ਰੀ ਪਵਿੱਤਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਮੁਤਾਬਕ ਉਨ੍ਹਾਂ ਵੱਲੋਂ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਪਟਿਆਲਾ ਅਤੇ ਫ਼ਤਹਿਗੜ੍ਹ ਸਾਹਿਬ ਦੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਗੰਦੇ ਪਾਣੀ ਦੀ ਨਿਕਾਸੀ ਲਈ ਵਿਸ਼ੇਸ ਤੌਰ 'ਤੇ ਜਾਇਜਾ ਲਿਆ ਗਿਆ ਅਤੇ ਇਸ ਮਸਲੇ ਦੇ ਹੱਲ ਲਈ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਸੋਤਲ ਕੋਲ ਐਸ.ਵਾਈ.ਐਲ. ਨਹਿਰ ਉਪਰ ਲੋਕਾਂ ਵੱਲੋਂ ਨਜਾਇਜ਼ ਬੰਨ ਬਣਾਇਆ ਹੋਇਆ ਸੀ ਅਤੇ ਬੰਦ ਪਈ ਐਸ.ਵਾਈ.ਐਲ. ਨਹਿਰ ਵਿੱਚ ਸੀਵਰੇਜ ਦਾ ਗੰਦਾ ਪਾਣੀ ਪਿਛਲੇ 25 ਸਾਲਾਂ ਤੋਂ ਪੈ ਰਿਹਾ ਸੀ ਜਿਸ ਕਰਕੇ ਪਾਣੀ ਓਵਰ ਫਲੋ ਹੋ ਕੇ ਜੈਂਤੀ ਕੀ ਰਾਓ ਵਿੱਚ ਜਾ ਰਿਹਾ ਸੀ। ਨਜਾਇਜ਼ ਬੰਨ੍ਹ ਨੂੰ ਪੋਕਲੇਨ ਮਸ਼ੀਨ ਦੀ ਮਦਦ ਨਾਲ ਤੋੜਿਆ ਗਿਆ ਅਤੇ ਹੁਣ ਇਸ ਗੰਦੇ ਪਾਣੀ ਨੂੰ ਬਰਸਾਤੀ ਚੋਅ ਵਿੱਚ ਪਾਇਆ ਗਿਆ ਹੈ ਅਤੇ ਕਿਸਾਨਾਂ ਦੀਆਂ ਫਸਲਾਂ ਵਿੱਚੋਂ ਗੰਦਾ ਪਾਣੀ ਉਤਰਨਾ ਸ਼ੁਰੂ ਹੋ ਗਿਆ ਹੈ ਅਤੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਮੌਕੇ ਡੀ.ਆਰ.ਓ. ਐਸ.ਏ.ਐਸ. ਨਗਰ ਗੁਰਜਿੰਦਰ ਸਿੰਘ ਬੈਨੀਪਾਲ, ਕਾਰਜ ਸਾਧਕ ਅਫਸਰ ਖਰੜ ਸ਼੍ਰੀ ਕੁਲਬੀਰ ਸਿੰਘ ਬਰਾੜ, ਤਹਿਸੀਲਦਾਰ ਖਰੜ ਮਨਦੀਪ ਸਿੰਘ ਢਿੱਲੋਂ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ ।