ਜੀ ਐੱਸ ਪੰਨੂ
ਪਟਿਆਲਾ, 15ਦਸੰਬਰ 2019 ਲਾਈਟ ਐਂਡ ਸਾਊਂਡ ਸ਼ੋਅ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫ਼ਲਸਫ਼ੇ ਨੂੰ ਬਾਖ਼ੂਬੀ ਦਰਸਾਉਂਦਿਆਂ ਦਰਸ਼ਕਾਂ ਦੇ ਦਿਲਾਂ ਨੂੰ ਇਲਾਹੀ ਛੋਹ ਦਿੱਤੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੀ ਯਾਦ ਵਿਚ ਇਹ ਸ਼ੋਅ ਪੰਜਾਬ ਸਰਕਾਰ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡ ਵਿਖੇ ਆਯੋਜਿਤ ਕਰਵਾਇਆ ਗਿਆ।
ਇਸ ਲਾਈਟ ਐਂਡ ਸਾਊਂਡ ਭੁਪਿੰਦਰ ਦੇ ਦੂਜੇ ਅਤੇ ਅਖੀਰਲੇ ਦਿਨ ਦੀ ਪੇਸ਼ਕਾਰੀ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਦੀ ਸਪੁੱਤਰੀ ਬੀਬਾ ਜੈਇੰਦਰ ਕੌਰ ਅਤੇ ਦਾਮਾਦ ਸ. ਗੁਰਪਾਲ ਸਿੰਘ, ਐੱਸ.ਐੱਸ.ਐੱਸ. ਬੋਰਡ ਦੇ ਸਾਬਕਾ ਚੇਅਰਮੈਨ ਸ. ਤੇਜਿੰਦਰਪਾਲ ਸਿੰਘ ਸੰਧੂ, ਬੀਬੀ ਅਨੂਪਇੰਦਰ ਕੌਰ ਸੰਧੂ, ਡਿਪਟੀ ਕਮਿਸ਼ਨਰ ਸ੍ਰੀ
ਕੁਮਾਰ ਅਮਿਤ, ਐੱਸ.ਐੱਸ.ਪੀ. ਸ. ਮਨਦੀਪ ਸਿੰਘ ਸਿੱਧੂ, ਏ.ਡੀ.ਸੀ. (ਜ) ਸ੍ਰੀ ਸ਼ੌਕਤ ਅਹਿਮਦ ਪਰੈ, ਪੁਲਿਸ, ਸਿਵਲ ਅਤੇ ਜੁਡੀਸ਼ੀਅਲ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਦਰਸ਼ਕਾਂ ਨੇ ਇਸ ਦਾ ਅਨੰਦ ਮਾਣਿਆਂ।
'ਚੜ੍ਹਿਆ ਸੋਧਣ ਧਰਤਿ ਲੋਕਾਈ' ਲਾਈਟ ਐਂਡ ਸਾਊਂਡ ਸ਼ੋਅ ਦੀ ਇਸ ਦਿਲਕਸ਼ ਪੇਸ਼ਕਾਰੀ ਦੌਰਾਨ ਦੋਵੇਂ ਦਿਨ ਕਾਫ਼ੀ ਠੰਢੇ ਅਤੇ ਖ਼ਰਾਬ ਮੌਸਮ ਦੇ ਬਾਵਜੂਦ ਇਸ ਸ਼ਾਨਦਾਰ ਸ਼ੋਅ ਨੂੰ ਦਰਸ਼ਕਾਂ ਦਾ ਲਾ ਮਿਸਾਲ ਹੁੰਗਾਰਾ ਮਿਲਿਆ। ਇਸ ਸ਼ੋਅ ਰਾਹੀਂ ਇੱਕ ਪ੍ਰਮਾਤਮਾ, ਸਰਬ-ਸ਼ਕਤੀਮਾਨ, ਸਮਰੱਥ, ਸਰਬ ਵਿਆਪੀ, ਨਿਰਾਕਾਰ ਅਤੇ ਅਕਾਲ ਪੁਰਖ ਦਾ ਤਜ਼ਰਬਾ ਰੌਸ਼ਨੀ ਤੇ ਆਵਾਜ਼਼ ਦੇ ਸੁਮੇਲ ਨਾਲ ਰੂਪਮਾਨ ਕੀਤਾ ਗਿਆ। ਇਸ ਸ਼ੋਅ ਨੂੰ ਦੋਵੇਂ ਦਿਨ ਵੱਡੀ ਗਿਣਤੀ ਹਰ ਉਮਰ ਵਰਗ ਦੇ ਲੋਕਾਂ ਅਤੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੇ ਸ਼ਰਧਾ ਤੇ ਨਿਮਰਤਾ ਨਾਲ ਅਨੰਦ ਮਾਣਿਆ।
ਇਸ ਦੌਰਾਨ ਪੋਲੋ ਗਰਾਊਂਡ ਤੇ ਆਲਾ ਦੁਆਲਾ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦੱਸੇ ਸਰਵ ਵਿਆਪਕ ਪਿਆਰ, ਸ਼ਾਂਤੀ, ਫ਼ਿਰਕੂ ਸਦਭਾਵਨਾ, ਸਮਾਜਿਕ ਬਰਾਬਰੀ, ਹਮਦਰਦੀ, ਸਰਬੱਤ ਦਾ ਭਲਾ, ਮਾਨਵਤਾ ਅਤੇ ਧਾਰਮਿਕ ਸਹਿਣਸ਼ੀਲਤਾ ਦੇ ਸੰਦੇਸ਼ ਨਾਲ ਲਬਰੇਜ਼ ਹੋ ਗਿਆ।
45 ਮਿੰਟ ਦੇ ਇਸ ਆਊਟਡੋਰ ਲਾਈਟ ਐਂਡ ਸਾਊਂਡ ਸ਼ੋਅ ਦੌਰਾਨ ਕਈ ਪੜਾਵਾਂ 'ਚ ਗੁਰੂ ਸਾਹਿਬ ਦੇ ਜੀਵਨ ਨੂੰ ਰੰਗ ਬਰੰਗੀਆਂ ਰੌਸ਼ਨੀਆਂ ਅਤੇ ਅਤਿ ਆਧੁਨਿਕ ਲੇਜ਼ਰ ਕਿਰਨਾਂ ਨਾਲ ਬਹੁਤ ਹੀ ਸੁੰਦਰ ਢੰਗ ਨਾਲ ਰੂਪਮਾਨ ਕੀਤਾ ਗਿਆ। ਰੰਗੀਨ ਪ੍ਰਦਰਸ਼ਨੀ, ਰੌਸ਼ਨੀ, ਅਤਿ ਆਧੁਨਿਕ ਲੇਜ਼ਰ ਤਕਨੀਕਾਂ ਅਤੇ ਆਵਾਜ ਦੇ ਖ਼ੂਬਸੂਰਤ ਸੁਮੇਲ ਵਾਲੇ ਇਸ ਸ਼ੋਅ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ, ਸਿੱਖਿਆਵਾਂ ਅਤੇ ਫ਼ਲਸਫ਼ੇ ਨੂੰ ਸੰਜੀਵੀ ਰੂਪ ਵਿੱਚ ਪੇਸ਼ ਕਰਕੇ ਸੰਗਤਾਂ ਦਾ ਮਨ ਮੋਹ ਲਿਆ।
ਦਰਸ਼ਕਾਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਵਿਲੱਖਣ ਪੇਸ਼ਕਾਰੀ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆਵਾਂ ਸਮੇਤ ਉਪਦੇਸ਼, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸਿਧਾਂਤ ਅਤੇ ਬਰਾਬਰੀ ਵਾਲੇ ਖ਼ੁਸ਼ਹਾਲ ਸਮਾਜ ਦੀ ਸਿਰਜਣਾ ਦਿੱਤੇ ਫ਼ਲਸਫ਼ੇ ਨੂੰ ਸਰਲ ਤਰੀਕੇ ਆਧੁਨਿਕ ਤਕਨੀਕਾਂ ਦੇ ਸਹਾਰੇ ਪ੍ਰਤੱਖ ਰੂਪਮਾਨ ਕੀਤਾ ਗਿਆ ਹੈ।ਲੋਕਾਂ ਨੇ ਏਕਮਓਮਕਾਰ ਨਾਲ ਸੈਲਫੀਆਂ ਵੀ ਲਈਆਂ।
ਇਸ ਮੌਕੇ ਕਾਂਗਰਸ ਦੇ ਸਕੱਤਰ ਸ੍ਰੀ ਰਜਿੰਦਰ ਸ਼ਰਮਾ, ਐੱਸ.ਡੀ.ਐਮ. ਪਟਿਆਲਾ ਸ. ਚਰਨਜੀਤ ਸਿੰਘ, ਐੱਸ.ਡੀ.ਐਮ. ਸਮਾਣਾ ਸ੍ਰੀ ਨਮਨ ਮੜਕਨ, ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮਿਸ ਇਨਾਇਤ, ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ, ਧਾਰਮਿਕ, ਰਾਜਸੀ ਤੇ ਸਮਾਜਿਕ ਸ਼ਖ਼ਸੀਅਤਾਂ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਸਨ।