ਅਸ਼ੋਕ ਵਰਮਾ
ਬਠਿੰਡਾ ,14 ਜਨਵਰੀ 2020- ਭਾਜਪਾ ਕੇਂਦਰੀ ਭਾਜਪਾ ਹਕੂਮਤ ਦੇ ਪਾਟਕ ਪਾਊ ,ਜਾਬਰ ਤੇ ਫਾਸੀ ਕਦਮਾਂ ਖਿਲਾਫ ਸੰਘਰਸ਼ ਕਰ ਰਹੇ ਜੇਐਨਯੂ ਤੇ ਜਾਮੀਆ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਸ਼ਾਹੀਨ ਬਾਗ ਵਿੱਚ ਡਟੀਆਂ ਔਰਤਾਂ ਨਾਲ ਯਕਯਹਿਤੀ ਪ੍ਰਗਟਾਉਣ ਲਈ ਪੰਜਾਬ ਦੇ ਕਿਸਾਨਾਂ ਦੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ੳੁਗਰਾਹਾਂ)ਦੇ ਸੈਂਕੜੇ ਕਾਰਕੁੰਨ 15 ਜਨਵਰੀ ਨੂੰ ਦਿੱਲੀ ਪੁਜਣਗੇ | ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਕੇਂਦਰ ਦੀ ਭਾਜਪਾ ਹਕੂਮਤ ਨੇ ਨਵਾਂ ਨਾਗਰਿਕਤਾ ਸੋਧ ਕਾਨੂੰਨ ਬਣਾ ਕੇ ਅਤੇ ਮੁਲਕ ਪੱਧਰ 'ਤੇ ਐੱਨ ਆਰ ਸੀ ਲਾਗੂ ਕਰਨ ਦੇ ਕਦਮਾਂ ਰਾਹੀਂ ਲੋਕਾਂ 'ਤੇ ਇੱਕ ਨਵਾਂ ਫਾਸ਼ੀ ਹੱਲਾ ਬੋਲ ਦਿੱਤਾ ਹੈ|
ਮੁਲਕ 'ਚ ਵੱਸੇ ਮੁਸਲਮਾਨ ਧਾਰਮਿਕ ਫਿਰਕੇ ਦੇ ਲੋਕ ਇਸ ਹਮਲੇ ਦਾ ਵਿਸ਼ੇਸ਼ ਨਿਸ਼ਾਨਾ ਹਨ| ਇਹ ਹਮਲਾ ਦਬਾਈਆਂ ਕੌਮੀਅਤਾਂ ਖਿਲਾਫ ਵੀ ਸੇਧਤ ਹੈ | ਮੁਲਕ ਦੇ ਸਾਰੇ ਕਿਰਤੀ ਲੋਕ ਇਸ ਹਮਲੇ ਖ਼ਿਲਾਫ਼ ਪੂਰੀ ਸਿਦਕ ਦਿਲੀ ਨਾਲ ਡਟ ਰਹੇ ਹਨ| ਰੋਸ ਪ੍ਰਗਟਾ ਰਹੇ ਲੋਕਾਂ ਦੀ ਜਬਰ ਰਾਹੀਂ ਜ਼ੁਬਾਨ ਬੰਦ ਕਰਨ ਦੇ ਕਦਮਾਂ ਦੀ ਜ਼ੋਰਦਾਰ ਨਿਖੇਧੀ ਕਰਨ ,ਇਨ੍ਹਾਂ ਧੱਕੜ ਅਤੇ ਜਾਬਰ ਕਦਮਾਂ ਨੂੰ ਵਾਪਸ ਲੈਣ ਦੀ ਮੰਗ ਕਰਨ ਅਤੇ ਜੂਝਦੇ ਲੋਕਾਂ ਖ਼ਾਸ ਕਰ ਔਰਤਾਂ ਤੇ ਵਿਦਿਆਰਥੀਆਂ ਨਾਲ ਆਪਣੀ ਆਵਾਜ਼ ਰਲਾਉਣ ਲਈ ਜਥੇਬੰਦੀ ਦੇ ਸੈਂਕੜੇ ਕਾਰਕੁਨ ਸੰਘਰਸ਼ ਦੇ ਇਨ੍ਹਾਂ ਕੇਂਦਰਾਂ 'ਤੇ ਪੁੱਜਣਗੇ|