ਗੁਰਨਾਮ ਸਿੱਧੂ
ਫਿਰੋਜ਼ਪੁਰ 14 ਜਨਵਰੀ 2020 : ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਰਾਮ ਬਾਗ਼ ਬਿਰਧ ਸੇਵਾ ਆਸ਼ਰਮ ਫਿਰੋਜ਼ਪੁਰ ਛਾਉਣੀ ਵਿਖੇ ਪਹੁੰਚ ਕੇ ਘਰ ਤੋਂ ਬੇਘਰ ਹੋਏ ਬੇਸਹਾਰਾ ਬਜ਼ੁਰਗ ਔਰਤਾਂ, ਮਰਦਾਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਅਤੇ ਇਨ੍ਹਾਂ ਬਜ਼ੁਰਗਾਂ ਨੂੰ ਲੋਹੜੀ ਦੀ ਸੌਗਾਤ ਵਜੋਂ ਕੰਬਲ, ਲੋਈਆਂ ਤੇ ਗਿਫ਼ਟ ਵੰਡ ਕੇ ਬਜ਼ੁਰਗਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਤਾਂ ਮਾਨਵਤਾ ਦੀ ਸੱਚੀ ਸੇਵਾ ਹੈ ਤੈ ਮੇਰੀ ਖ਼ੁਸ਼ਕਿਸਮਤੀ ਹੈ ਕਿ ਮੈਨੂੰ ਇਸ ਸੇਵਾ ਦਾ ਮੌਕਾ ਮਿਲਿਆ ਹੈ। ਉਨ੍ਹਾਂ ਬਜ਼ੁਰਗਾਂ ਨਾਲ ਲੋਹੜੀ ਦੀਆਂ ਬੋਲੀਆਂ, ਗਰੁੱਪ ਡਾਂਸ, ਪੰਜਾਬੀ ਗੀਤ ਗਾ ਕੇ ਲੋਹੜੀ ਦੀ ਅਗਨੀ ਵਿਚ ਮੂੰਗਫਲੀ, ਗੱਚਕ, ਰਿਉੜੀਆਂ ਤੇ ਤਿਲ ਪਾ ਕੇ ਲੋਹੜੀ ਦਾ ਆਨੰਦ ਮਾਣਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡੇ ਤਿਉਹਾਰ, ਰਸਮਾਂ ਅਤੇ ਮੇਲੇ ਆਪਸੀ ਭਾਈਚਾਰਾ ਅਤੇ ਪਿਆਰ ਦੀ ਭਾਵਨਾ ਪੈਦਾ ਕਰਨ ਵਿਚ ਵਡਮੁੱਲਾ ਯੋਗਦਾਨ ਪਾਉਂਦੇ ਹਨ ਅਤੇ ਅੱਜ ਇਨ੍ਹਾਂ ਬਜ਼ੁਰਗਾਂ ਨਾਲ ਪਰਿਵਾਰ ਦੇ ਵਾਂਗ ਲੋਹੜੀ ਦਾ ਤਿਉਹਾਰ ਮਨਾ ਕੇ ਮੰਨ ਨੂੰ ਬਹੁਤ ਖ਼ੁਸ਼ੀ ਮਿਲੀ ਹੈ। ਉਨ੍ਹਾਂ ਬਜ਼ੁਰਗਾਂ ਨੂੰ ਕਿਹਾ ਕਿ ਮੈਂ ਤੁਹਾਡਾ ਪੁੱਤਰ ਬਣ ਕੇ ਅੱਜ ਤੁਹਾਡੀ ਸੇਵਾ ਵਿਚ ਹਾਜ਼ਰ ਹਾਂ ਕੋਈ ਵੀ ਜ਼ਰੂਰਤ ਜਾਂ ਕਿਸੇ ਚੀਜ਼ ਦੀ ਲੋੜ ਹੈ ਤਾਂ ਮੇਰੇ ਧਿਆਨ ਵਿਚ ਲਿਆਓ ਤੇ ਤੁਹਾਡੀ ਹਰ ਮੁਸ਼ਕਲ ਦਾ ਹੱਲ ਕੀਤਾ ਜਾਵੇਗਾ। ਬਿਰਧ ਔਰਤ ਵੱਲੋਂ ਬਿਜਲੀ ਦੇ ਬਿੱਲ ਦੀ ਸਮੱਸਿਆ ਬਾਰੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਿਜਲੀ ਦੀ ਸਮੱਸਿਆ ਦੇ ਹੱਲ ਲਈ ਉਹ ਸੋਲਰ ਲਾਈਟ ਲਗਾਉਣ ਦੀ ਆਪਣੀ ਪੂਰੀ ਕੋਸ਼ਿਸ਼ ਕਰਨਗੇ। ਲੋਹੜੀ ਦਾ ਤਿਉਹਾਰ ਮਨਾਉਂਦੇ ਬਜ਼ੁਰਗਾਂ ਨੇ ਕਿਹਾ ਕਿ ਇਹ ਪਹਿਲੇ ਅਜਿਹੇ ਡਿਪਟੀ ਕਮਿਸ਼ਨਰ ਹਨ ਜਿਨ੍ਹਾਂ ਨੇ ਲੋਹੜੀ ਦਾ ਤਿਉਹਾਰ ਸਾਡੇ ਨਾਲ ਮਨਾਇਆ ਹੈ, ਸਾਡੇ ਲਈ ਇਹ ਬਹੁਤ ਹੀ ਯਾਦਗਾਰੀ ਖ਼ੁਸ਼ੀ ਦਾ ਪਲ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਬਿਰਧ ਆਸ਼ਰਮ ਦੇ ਪ੍ਰਧਾਨ ਹਰੀਸ਼ ਗੋਇਲ ਤੇ ਸਮੂਹ ਰਾਮ ਬਾਗ਼ ਕਮੇਟੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਬੇਸਹਾਰਾ ਬਜ਼ੁਰਗਾਂ ਲਈ ਤੁਹਾਡੇ ਵੱਲੋਂ ਜੋ ਉਪਰਾਲਾ ਕੀਤਾ ਗਿਆ ਹੈ, ਇਹ ਕਾਫ਼ੀ ਸ਼ਲਾਘਾਯੋਗ ਹੈ ਤੇ ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਹਰੀਸ਼ ਗੋਇਲ ਵੱਲੋਂ ਬਿਰਧ ਆਸ਼ਰਮ ਦੀ ਬਿਲਡਿੰਗ ਦੇ ਉੱਪਰ ਹੋਰ ਕਮਰੇ ਬਣਾਉਣ ਦੀ ਮੰਗ ਨੂੰ ਸੁਣਦਿਆਂ ਕਿਹਾ ਕਿ ਉਹ ਇਸ ਦੀ ਫਾਈਲ ਲਿਆਉਣ ਅਤੇ ਉਨ੍ਹਾਂ ਵੱਲੋਂ ਤੁਰੰਤ ਹੀ ਪੰਜਾਬ ਸਰਕਾਰ ਕੋਲ ਮਨਜ਼ੂਰੀ ਲਈ ਭੇਜੀ ਦਿੱਤੀ ਜਾਵੇਗੀ। ਇਸ ਮੌਕੇ ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ ਵੀ ਹਾਜ਼ਰ ਸਨ।