-ਪੁਲਿਸ ਨੇ ਕੀਤਾ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ
ਗੁਰਨਾਮ ਸਿੱਧੂ
ਫਿਰੋਜ਼ਪੁਰ 15 ਜਨਵਰੀ 2020 : ਫਿਰੋਜ਼ਪੁਰ ਦੇ ਕਸਬਾ ਮੱਖੂ ਕੋਟ ਈਸੇ ਖਾਂ ਰੋਡ, ਪੀਰ ਮਹੰਮਦ ਵਿਖੇ ਰਾਤ ਨੂੰ ਇਕ ਔਰਤ ਆਪਣੇ ਭਰਾ ਭਰਜਾਈ ਨਾਲ ਸੈਰ ਕਰ ਰਹੀ ਸੀ ਤਾਂ ਇਸ ਦੌਰਾਨ ਕੁਝ ਵਿਅਕਤੀਆਂ ਨੇ ਉਸ ਦੇ ਭਰਾ ਨੂੰ ਮਖੌਲ ਕੀਤਾ ਜਿਸ ਦਾ ਵਿਰੋਧ ਕਰਨ ਤੇ ਉਕਤ ਵਿਅਕਤੀ ਉਸ ਦੇ ਅਤੇ ਉਸ ਦੇ ਭਰਾ ਭਰਜਾਈ ਦੇ ਗਲ ਪੈ ਗਏ ਅਤੇ ਕੁੱਟਮਾਰ ਕੀਤੀ। ਇਸ ਦੌਰਾਨ ਦੋਸ਼ੀਆਂ ਨੇ ਉਸ ਦੇ ਪੇਟ ਵਿਚ ਲੱਤਾਂ ਮਾਰੀਆਂ ਜਿਸ ਨਾਲ ਉਸ ਦਾ ਸਾਢੇ 5 ਮਹੀਨਿਆਂ ਦਾ ਗਰਭ ਡਿੱਗ ਗਿਆ। ਇਸ ਮਾਮਲੇ ਵਿਚ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ 315, 354-ਬੀ, 323, 34 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪ੍ਰਕਾਸ਼ ਕੌਰ ਪਤਨੀ ਗੁਰਚਰਨ ਸਿੰਘ ਵਾਸੀ ਛੋਟੀਆਂ ਚੱਕੀਆਂ ਨੇ ਦੱਸਿਆ ਕਿ ਲੋਹੜੀ ਦਾ ਤਿਉਹਾਰ ਹੋਣ ਉਹ ਆਪਣੇ ਪੇਕੇ ਪਿੰਡ ਪੀਰ ਮੁਹੰਮਦ ਗਈ ਸੀ। ਪ੍ਰਕਾਸ਼ ਕੌਰ ਨੇ ਦੱਸਿਆ ਕਿ ਰਾਤ ਕਰੀਬ 9 ਵਜੇ ਉਹ ਅਤੇ ਉਸ ਦਾ ਭਰਾ ਭਰਜਾਈ ਸੈਰ ਕਰ ਰਹੇ ਸੀ ਤਾਂ ਇਸ ਦੌਰਾਨ ਗੁਰਭਿੰਦਰ ਸਿੰਘ ਉਰਫ ਭਿੰਦੂ ਪੁੱਤਰ ਸੁਖਦੇਵ ਸਿੰਘ, ਅਮਨਦੀਪ ਸਿੰਘ ਪੁੱਤਰ ਬੋਹੜ ਸਿੰਘ ਅਤੇ ਲਵਜੀਤ ਸਿੰਘ ਪੁੱਤਰ ਜੱਗਾ ਸਿੰਘ ਵਾਸੀਅਨ ਪਿੰਡ ਪੀਰ ਮੁਹੰਮਦ ਉਥੇ ਖੜੇ ਸੀ ਅਤੇ ਜਿਨ੍ਹਾਂ ਨੇ ਉਸ ਦੇ ਭਰਾ ਨੂੰ ਮਾਖੌਲ ਕੀਤਾ। ਪ੍ਰਕਾਸ਼ ਕੌਰ ਨੇ ਦੱਸਿਆ ਕਿ ਜਦ ਉਸ ਦੇ ਭਰਾ ਨੇ ਇਸ ਦਾ ਵਿਰੋਧ ਕੀਤਾ ਤਾਂ ਉਕਤ ਦੋਸ਼ੀ ਉਨ੍ਹਾਂ ਦੇ ਗਲ ਪੈ ਗਏ ਤੇ ਉਸ ਦੀ ਕੁੱਟਮਾਰ ਕੀਤੀ ਤੇ ਉਸ ਦੇ ਪੇਟ ਵਿਚ ਲੱਤਾਂ ਮਾਰੀਆਂ, ਜਿਸ ਨਾਲ ਉਸ ਦਾ ਸਾਢੇ 5 ਮਹੀਨੇ ਦਾ ਗਰਭ ਡਿੱਗ ਗਿਆ। ਪ੍ਰਕਾਸ਼ ਕੌਰ ਨੇ ਦੱਸਿਆ ਕਿ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਜੁਗਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।