ਅਸ਼ੋਕ ਵਰਮਾ
ਬਠਿੰਡਾ ,15 ਜਨਵਰੀ 2020 - ਮੋਦੀ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਨਵੇਂ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਗਲੀਆਂ ਵਿੱਚ ਪੰਜਾਬ ਦੇ ਸੰਘਰਸ਼ੀ ਯੋਧੇ ਨੇ ਦਸਤਕ ਦਿੱਤੀ ਹੈ ।ਸੈਂਕੜਿਆਂ ਦੀ ਤਾਦਾਦ ਵਿਚ ਨੌਜਵਾਨਾਂ ਲੜਕੇ ਲੜਕੀਆਂ ਮਹਿਲਾਵਾਂ ਕਿਸਾਨਾਂ ਅਤੇ ਮਜ਼ਦੂਰਾਂ ਨੇ ਅੱਜ ਕੇਂਦਰ ਸਰਕਾਰ ਨੂੰ ਆਪਣੀ ਮਨਸ਼ਾ ਜਤਾਈ ਕਿਉਂ ਅਜਿਹੇ ਕਾਲੇ ਕਾਨੂੰਨਾਂ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਕਰਨਗੇ ।ਇਸ ਵਕਤ ਜਦੋਂ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਮੋਦੀ ਸਰਕਾਰ ਲਈ ਇਸ ਨੂੰ ਸੰਕਟਮਈ ਮੰਨਿਆ ਜਾ ਰਿਹਾ ਹੈ ।ਹਾਲਾਂਕਿ ਇਸ ਸੰਘਰਸ਼ ਵਿੱਚ ਸ਼ਾਮਲ ਹੋਏ ਨੌਜਵਾਨਾਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਚੋਣਾਂ ਨਾਲ ਕੋਈ ਲੈਣਾ ਦੇਣਾ ਨਹੀਂ ਫਿਰ ਵੀ ਸਿਆਸੀ ਲੋਕ ਇਸ ਨੂੰ ਰਾਜਨੀਤਕ ਰੱਖ ਨਾਲ ਦੇਖ ਰਹੇ ਹਨ ।
ਪੰਜਾਬ ਦੇ ਵਿੱਚੋ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ(ਸ਼ਹੀਦ ਰੰਧਾਵਾ) ਦੀ ਅਗਵਾਈ ਵਿੱਚ ਐੱਨ.ਆਰ.ਸੀ. ਅਤੇ ਸੀ.ਏ.ਏ. ਦੇ ਖ਼ਿਲਾਫ਼ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਲੱਗੇ ਪੱਕੇ ਮੋਰਚੇ ਵਿੱਚ ਵਿਦਿਆਰਥੀ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ । ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਅਸ਼ਵਨੀ ਘੁੱਦਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ(ਸ਼ਹੀਦ ਰੰਧਾਵਾ) ਦੇ ਹੁਸ਼ਿਆਰ ਸਲੇਮਗੜ੍ਹ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਫ਼ਿਰਕੂ ਅਧਾਰ 'ਤੇ ਨਾਗਰਿਕਤਾ ਦੇਣ ਦਾ ਕਨੂੰਨ ਲੈ ਕੇ ਆਉਣਾ ਦੇਸ਼ ਦੇ ਕਿਰਤੀ ਲੋਕਾਂ ਦੀ ਸਾਂਝ ਨੂੰ ਫ਼ਿਰਕੂ ਅਧਾਰ 'ਤੇ ਵੰਡਣ ਦੀ ਮਨਸ਼ਾ ਦਾ ਸਿੱਟਾ ਹੈ । ਜਿਵੇਂ-ਜਿਵੇਂ ਲੋਕਾਂ ਤੋਂ ਬੁਨਿਆਦੀ ਲੋੜਾਂ ਦੀਆਂ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ । ਜ਼ਮੀਨ , ਰੁਜ਼ਗਾਰ, ਸਿੱਖਿਆ, ਜਲ , ਜੰਗਲ ਕਾਰਪੋਰੇਟ ਘਰਾਣਿਆਂ ਦੀ ਲੁੱਟ ਲਈ ਪਰੋਸੇ ਜਾ ਰਹੇ ਹਨ । ਆਰਥਿਕ ਨੀਤੀਆਂ ਲੋਕਾਂ ਦਾ ਕਚੂੰਮਰ ਕੱਢ ਰਹੀਆਂ ਹਨ । ਇਸ ਲੁੱਟ ਵਿੱਚੋ ਲੋਕਾਂ ਅੰਦਰ ਜਮਾਤੀ ਸੂਝ ਦਾ ਪਸਾਰਾ ਹੋ ਰਿਹਾ ਹੈ । ਲੋਕਾਂ ਨੇ ਹਾਕਮ ਜਮਾਤਾਂ ਦੀਆਂ ਕਾਰਪੋਰੇਟ ਅਤੇ ਸਰਮਾਏਦਾਰੀ ਪੱਖੀ ਨੀਤੀਆਂ ਸਮਝਣੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਹਾਕਮ ਜਮਾਤਾਂ ਨੇ ਲੋਕਾਂ ਅੰਦਰ ਪੱਸਰ ਰਹੇ ਇਸ ਏਕੇ ਨੂੰ ਖੋਰਨ ਵਾਸਤੇ ਅੰਗਰੇਜ਼ਾਂ ਵਾਂਗ ਪਾੜੋ ਅਤੇ ਰਾਜ ਕਰੋ ਦੀਆਂ ਸਮੇਂ - ਸਮੇਂ 'ਤੇ ਚਾਲਾਂ ਚੱਲੀਆਂ ਹਨ । ਮੌਜੂਦਾ ਫ਼ਿਰਕੂ ਆਧਾਰ 'ਤੇ ਲੈ ਕੇ ਆਂਦਾ ਨਾਗਰਿਕਤਾ ਕਨੂੰਨ ਵੀ ਇਸੇ ਮਨਸ਼ੇ ਦਾ ਹੀ ਸਿੱਟਾ ਹੈ । ਜਿਸ ਅੰਦਰ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ । ਸਦੀਆਂ ਤੋਂ ਮੁਲਕ ਅੰਦਰ ਰਹਿ ਰਹੇ ਮੁਲਕ ਦੇ ਬਸ਼ਿੰਦਿਆਂ ਨੂੰ ਘੁਸਪੈਠੀਏ ਕਹਿ ਕੇ ਨਜ਼ਰਬੰਦੀ ਕੈਂਪਾਂ ਵਿੱਚ ਸੁੱਟਣ ਦੀ ਤਿਆਰੀ ਕਰ ਲਈ ਹੈ । ਪਰ ਇਹ ਕਨੂੰਨ ਸਿਰਫ਼ ਮੁਸਲਮਾਨਾਂ ਤੱਕ ਹੀ ਸੀਮਤ ਨਹੀਂ ਰਹਿਣਾ, ਸਗੋਂ ਮੁਲਕ ਦੇ ਸਾਰੇ ਕਿਰਤੀ ਲੋਕਾਂ ਨੂੰ ਇਸ ਦੀ ਮਾਰ ਹੇਠ ਲਿਆਂਦਾ ਜਾਣਾ ਹੈ। ਯੂਨੀਵਰਸਿਟੀਆਂ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਪ੍ਰਸ਼ਾਸ਼ਨ ਅਤੇ ਸਿਆਸੀ ਸਰਪ੍ਰਸਤੀ ਹਾਸਲ ਗੁੰਡਿਆਂ ਵੱਲੋਂ ਜਿਸ ਤਰ੍ਹਾਂ ਵਹਿਸ਼ੀਆਨਾ ਤੇ ਹਕੂਮਤੀ ਹਮਲਾ ਕੀਤਾ ਗਿਆ ਹੈ, ਵਿਦਿਆਰਥੀਆਂ 'ਤੇ ਕੇਸ ਦਰਜ ਕੀਤੇ ਗਏ ਹਨ, ਹੱਥ ਪੈਰ ਤੋੜੇ ਗਏ ਹਨ , ਉਹ ਇਹ ਗੱਲ ਸਾਫ਼ ਕਰ ਦਿੰਦਾ ਹੈ ਕਿ ਇਹਨਾਂ ਕਨੂੰਨਾਂ ਦੀ ਅਸਲੀਅਤ ਲੋਕਾਂ ਨੂੰ ਫ਼ਿਰਕੂ ਅਧਾਰ 'ਤੇ ਵੰਡਣ ਦਾ ਕੋਝਾ ਇਰਾਦਾ ਹੈ । ਇਸ ਹਕੂਮਤੀ ਮਨਸ਼ੇ ਲਈ ਕਿਸੇ ਵੀ ਤਰ੍ਹਾਂ ਦਾ ਵਿਰੋਧ ਨਾ ਕਰਨ ਦੇਣ ਦਾ ਇਰਾਦਾ ਵੀ ਹਕੂਮਤੀ ਕਾਰਨਾਮਿਆਂ ਵਿੱਚੋ ਜ਼ਾਹਰ ਹੁੰਦਾ ਹੈ। ਫੌਰੀ ਤੌਰ ਉੱਤੇ ਪੱਛਮੀ ਬੰਗਾਲ ਦੀਆਂ ਚੋਣਾਂ ਦਾ ਨਿਸ਼ਾਨਾਂ ਲੈ ਕੇ ਚੱਲ ਰਹੀ ਭਾਜਪਾ ਹਕੁਮਤ ਦੇ ਲੰਮੇ ਸਮੇਂ ਤੱਕ ਸਿਆਸੀ ਰੋਟੀਆਂ ਸੇਕਣ ਦੇ ਹਕੂਮਤੀ ਮਨਸ਼ੇ ਅਤੇ ਕਨੂੰਨ ਖਿਲਾਫ ਡਟੇ ਹੋਏ ਸ਼ਾਹੀਨ ਬਾਗ ਦੇ ਲੋਕਾਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਪੰਜਾਬ ਦੇ ਵਿਦਿਆਰਥੀ ਅਤੇ ਨੌਜਵਾਨ ਮੋਰਚੇ ਵਿੱਚ ਸ਼ਾਮਿਲ ਹੋਏ । ਐੱਨ. ਆਰ. ਸੀ,ਸੀ.ਏ.ਏ ਅਤੇ ਐੱਨ.ਪੀ. ਆਰ ਨੂੰ ਰੱਦ ਕਰਦੇ ਨਾਹਰੇ ਲਾਉਂਦੇ ਹੋਏ ਅਤੇ ਹੱਥਾਂ ਵਿੱਚ ਤਖਤੀਆਂ ਫੜੀ ਇਹ ਵਿਦਿਆਰਥੀ ਨੌਜਵਾਨ ਮੋਰਚੇ ਵਿੱਚ ਸ਼ਾਮਿਲ ਹੋਏ । ਉਹਨਾਂ ਨੇ ਮੋਰਚੇ ਅੰਦਰ ਇਨਕਲਾਬੀ ਗੀਤਾਂ ਅਤੇ ਕਵਿਤਾਵਾਂ ਨਾਲ ਹਾਜ਼ਰੀ ਲਵਾਈ । ਸ਼ਾਹੀਨ ਬਾਗ ਤੋਂ ਜਾਮੀਆ ਯੂਨੀਵਰਸਿਟੀ ਤੱਕ ਕੀਤੇ ਮਾਰਚ ਵਿੱਚ ਪੰਜਾਬ ਦੇ ਵਿਦਿਆਰਥੀ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ । ਉਹਨਾਂ ਨੇ ਕਿਹਾ ਕਿ ਪੰਜਾਬ ਦੇ ਅੰਦਰ ਵੀ ਇਹਨਾਂ ਫ਼ਿਰਕੂ ਅਤੇ ਕਾਲੇ ਕਨੂੰਨਾਂ ਖਿਲਾਫ ਨੌਜਵਾਨਾਂ ਵਿਦਿਆਰਥੀਆਂ ਨੂੰ ਲਾਮਬੰਦ ਕਰਕੇ ਵਿਆਪਕ ਪ੍ਰਦਰਸ਼ਨ ਕੀਤੇ ਜਾਣਗੇ ।