ਲੁਧਿਆਣਾ,16 ਜਨਵਰੀ 2020 - "ਮਾਂ" ਲਿਖਣ 'ਚ ਸਭ ਤੋਂ ਛੋਟਾ ਸ਼ਬਦ ਹੈ ਪਰ ਰੁਤਬੇ 'ਚ ਉਸ ਤੋਂ ਵੱਡਾ ਇਸ ਦੁਨੀਆ 'ਚ ਕੋਈ ਹੋਰ ਨਹੀਂ। ਮਾਂ ਇੱਕ ਅਜਿਹੀ ਸ਼ਖਸੀਅਤ ਹੈ ਜਿਹੜੇ ਵਾਅਦੇ ਉਸਨੇ ਆਪਣੀ ਔਲਾਦ ਨਾਲ ਜ਼ਿੰਦਗੀ 'ਚ ਨਹੀ ਵੀ ਕੀਤੇ ਹੁੰਦੇ, ਉਹ ਵੀ ਪੂਰੇ ਕਰਦੀ ਹੈ। ਦੁਨੀਆ ਦਾ ਸਭ ਤੋਂ ਅਮੀਰ ਤੋਂ ਅਮੀਰ ਆਦਮੀ ਮਾਂ ਤੋਂ ਬਿਨਾ ਗਰੀਬ ਹੈ।
ਮਾਤਾ ਨਛੱਤਰ ਕੌਰ ਜਰਖੜ ਜਿੰਨ੍ਹਾਂ ਦਾ ਬੀਤੀ 13 ਜਨਵਰੀ ਨੂੰ ਅਕਾਲ ਚਲਾਣਾ ਹੋ ਗਿਆ। ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਇੱਕ ਵੱਡੀ ਘਾਲਣਾ ਘਾਲਦਿਆਂ ਤੇ ਵੱਡੇ ਦੁੱਖਾਂ ਦਾ ਸਾਹਮਣਾ ਕਰਦਿਆਂ ਵੀ ਆਪਣੇ ਪਰਿਵਾਰ, ਬੱਚਿਆਂ, ਦੋਹਤਿਆਂ, ਪੋਤਿਆਂ, ਪੋਤੀਆਂ ਨੂੰ ਇੱਕ ਅਜਿਹੇ ਉੱਚ ਮੁਕਾਮ 'ਤੇ ਪਹੁੰਚਾਇਆ ਕਿ ਉਹ ਇਲਾਕੇ ਦੀ ਇੱਕ ਉਦਾਹਰਨ ਬਣ ਗਏ ਹਨ। ਇੱਕ ਸਧਾਰਨ ਪਰਿਵਾਰ 'ਚੋਂ ਉੱਠ ਕੇ ਜ਼ਿੰਦਗੀ ਦੀਆਂ ਤੰਗੀਆਂ ਤਰੁਟੀਆਂ ਦਾ ਸਾਹਮਣਾ ਕਰਦਿਆਂ ਆਪਣੇ ਨੌਜਵਾਨ ਜਵਾਈ ਅਤੇ ਭਰ ਜਵਾਨੀ 'ਚ ਪੁੱਤਰ ਦੀ ਮੌਤ ਦੇ ਬਾਵਜੂਦ ਵੀ ਹਿੰਮਤ ਨਹੀਂ ਹਾਰੀ। ਉਸਨੇ ਤਿੰਨ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦਿਆਂ ਅਤੇ ਬੱਚਿਆਂ ਨੂੰ ਵਧੀਆ ਸੰਸਕਾਰ ਦਿੰਦਿਆਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਵਰਗੇ ਮੁਲਕਾਂ 'ਚ ਭੇਜਿਆ। ਇਹੀ ਬੱਚੇ ਅੱਜ ਇਸ ਸਮਾਜ ਲਈ ਇੱਕ ਪ੍ਰੇਰਣਾਸ੍ਰੋਤ ਬਣ ਰਹੇ ਹਨ, ਜੋ ਕਿ ਮਾਤਾ ਨਛੱਤਰ ਕੌਰ ਜਰਖੜ ਦਾ ਹੀ ਪ੍ਰਤਾਪ ਹਨ। ਇਸ ਤੋਂ ਇਲਾਵਾ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਅਤੇ ਜਰਖੜ ਖੇਡਾਂ ਦੀ ਪਹਿਚਾਣ ਜੋ ਦੁਨੀਆ 'ਚ ਬਣੀ ਹੈ ਉਸਦਾ ਸਾਰਾ ਸਿਹਰਾ ਵੀ ਮਾਤਾ ਨਛੱਤਰ ਕੌਰ ਨੂੰ ਹੀ ਜਾਂਦਾ ਹੈ, ਕਿਉਂਕਿ ਉਸਨੇ ਆਪਣੇ ਬੇਟੇ ਜਗਰੂਪ ਸਿੰਘ ਜਰਖੜ ਨੂੰ ਹਮੇਸ਼ਾ ਹੀ ਖੇਡਾਂ ਦੀ ਬਿਹਤਰੀ ਲਈ ਪ੍ਰੇਰਿਆ। ਅੱਜ ਤੋਂ 30 ਸਾਲ ਪਹਿਲਾਂ ਆਪਣੇ ਜੀਵਨ ਸਾਥੀ ਦੇ ਅਕਾਲ ਚਲਾਣਾ ਕਰ ਜਾਣ ਉਪਰੰਤ ਮਾਤਾ ਜੀ ਨੇ ਇਕੱਲਿਆਂ ਹੀ ਸਾਰੇ ਪਰਿਵਾਰ ਨੂੰ ਆਪਣੇ ਮੋਢਿਆਂ 'ਤੇ ਚੁੱਕ ਜੀਵਨ 'ਚ ਆਉਣ ਵਾਲੇ ਝੱਖੜਾਂ 'ਚੋਂ ਪਾਰ ਲੰਘਾਇਆ।
ਇੱਕ ਔਰਤ ਲਈ ਆਪਣੇ ਜੀਵਨ ਸਾਥੀ ਤੋਂ ਬਗੈਰ ਆਪਣੀ ਜ਼ਿੰਦਗੀ ਦੇ ਉਨ੍ਹਾਂ ਸੰਘਰਸ਼ ਭਰੇ ਪਲਾਂ ਨੂੰ ਕੱਢਣਾ ਕੋਈ ਸੌਖੀ ਗੱਲ ਨਹੀਂ ਹੁੰਦੀ। ਮਾਤਾ ਨਛੱਤਰ ਕੌਰ ਸੀ ਤਾਂ ਇੱਕ ਔਰਤ ਦਾ ਰੂਪ, ਪਰ ਜਿਗਰੇ ਪੱਖੋਂ ਵੱਡੇ ਵੱਡੇ ਮਰਦਾਂ ਨੂੰ ਵੀ ਮਾਤ ਪਾਉਂਦੇ ਸੀ। ਕਿਉਂਕਿ ਇੱਕੋ ਸਮੇਂ ਪਰਿਵਾਰ 'ਚ ਕਈ ਮੌਤਾਂ ਤੋਂ ਬਾਅਦ ਅਕਸਰ ਔਰਤਾਂ ਦਾ ਮਨ ਡੋਲ ਜਾਂਦਾ ਤੇ ਉਹ ਆਪਣੇ ਪਰਿਵਾਰ ਨੂੰ ਹੌਸਲਾ ਨਹੀਂ ਦੇ ਪਾਉਂਦੀਆਂ। ਪਰ ਮਾਤਾ ਨਛੱਤਰ ਕੌਰ ਦੇ ਜਜ਼ਬੇ ਤੇ ਹੌਸਲੇ ਦੇ ਸਦਕਾ ਅੱਜ ਉਨ੍ਹਾਂ ਨੇ ਤਿੰਨ ਪਰਿਵਾਰਾਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕੀਤਾ ਅਤੇ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਦੇ ਫਿਰ ਚੰਗੀਆਂ ਨੌਕਰੀਆਂ 'ਤੇ ਲਾ ਦੇਣਾ ਆਪਣੇ ਆਪ 'ਚ ਬੜੀ ਵੱਡੀ ਗੱਲ ਹੈ। ਮਾਤਾ ਜੀ ਦਾ ਜਿਹੋ ਜਿਹਾ ਸੁਭਾਅ ਜਿਵੇਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੀ, ਉਵੇਂ ਦਾ ਹੀ ਸੁਭਾਅ ਘਰ ਆਏ ਮਹਿਮਾਨਾਂ ਨਾਲ ਵੀ ਹੁੰਦਾ ਸੀ। ਇਹੀ ਵਜ੍ਹਾ ਹੈ ਕਿ ਅੱਜ ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ 'ਤੇ ਹਰ ਕੋਈ, ਜੋ ਉਨ੍ਹਾਂ ਨੂੰ ਭਾਵੇਂ ਇੱਕ ਵਾਰ ਹੀ ਮਿਲਿਆ ਸੀ, ਭਰੇ ਮਨ ਨਾਲ ਉਨ੍ਹਾਂ ਨੂੰ ਤੇ ਉਨ੍ਹਾਂ ਦੀਆਂ ਗੱਲਾਂ ਨੂੰ ਚੇਤੇ ਕਰ ਰਿਹਾ ਹੈ। ਮਾਤਾ ਨਛੱਤਰ ਕੌਰ ਜਰਖੜ ਜੀ ਨਮਿਤ ਅੰਤਿਮ ਅਰਦਾਸ 17 ਜਨਵਰੀ ਦਿਨ ਸ਼ੁੱਕਰਵਾਰ ਨੂੰ ਮਾਤਾ ਸਾਹਿਬ ਕੌਰ ਸਟੇਡੀਅਮ ਜਰਖੜ (ਲੁਧਿਆਣਾ )ਵਿਖੇ ਦੁਪਹਿਰ 12:30 ਤੋ 2 ਵਜੇ ਤੱਕ ਹੋ ਰਹੀ ਹੈ। ਇਸ ਸ਼ਰਧਾਂਜਲੀ ਸਮਾਰੋਹ 'ਚ ਰਾਜਨੀਤਿਕ, ਖੇਡ ਜਗਤ ਦੀਆਂ ਉੱਘੀਆਂ ਸ਼ਖਸੀਅਤਾਂ ਤੇ ਪ੍ਰਸ਼ਾਸਨਿਕ ਸ਼ਖਸੀਅਤਾਂ ਮਾਤਾ ਨਛੱਤਰ ਕੌਰ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨਗੇ । ਪਰਮਾਤਮਾ ਮਾਤਾ ਨਛੱਤਰ ਕੌਰ ਜਰਖੜ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ।