ਅਧਿਕਾਰੀਆਂ ਵੱਲੋਂ ਭਰੋਸਾ ਦੇਣ ਤੇ ਕੰਮ ਤੇ ਵਾਪਸ ਪਰਤੇ ਵਪਾਰੀ
ਅਸ਼ੋਕ ਵਰਮਾ
ਬਠਿੰਡਾ , 18 ਜਨਵਰੀ 2020 - ਬਠਿੰਡਾ ਦੀ ਫਰੂਟ ਮੰਡੀ ਵਿੱਚ ਅੱਜ ਸਵੇਰੇ ਕਿਸੇ ਵਿਅਕਤੀ ਵੱਲੋਂ ਇੱਕ ਫੜ੍ਹ ਤੇ ਕਥਿਤ ਕਬਜ਼ਾ ਕਰਨ ਤੋਂ ਭੜਕੇ ਵਪਾਰੀਆਂ ਨੇ ਹੜਤਾਲ ਕਰ ਦਿੱਤੀ ।ਹਾਲਾਂਕਿ ਅਧਿਕਾਰੀਆਂ ਵੱਲੋਂ ਭਰੋਸਾ ਦੇਣ ਤੋਂ ਬਾਅਦ ਵਪਾਰੀ ਆਪੋ ਆਪਣੇ ਕੰਮ ਤੇ ਪਰਤ ਆਏ ਪਰ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਉਹ ਸੋਮਵਾਰ ਤੋਂ ਅਣਮਿਥੇ ਸਮੇਂ ਦੀ ਹੜਤਾਲ ਕਰਨਗੇ । ਫਰੂਟ ਮੰਡੀ ਦੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੋਨੂੰ ਅਰੋੜਾ ਨੇ ਦੱਸਿਆ ਕਿ ਅੱਜ ਸਵੇਰੇ ਇੱਕ ਵਪਾਰੀ ਦੇ ਫੜ੍ਹ ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕਬਜ਼ਾ ਕਰ ਲਿਆ ਗਿਆ ।
ਇਸ ਗੱਲ ਤੋਂ ਗੁੱਸੇ ਵਿਚ ਆਏ ਸਮੂਹ ਆੜ੍ਹਤੀਆਂ ਨੇ ਆਪੋ ਆਪਣਾ ਕੰਮ ਠੱਪ ਕਰ ਦਿੱਤਾ ।ਦੂਜੇ ਪਾਸੇ ਵਪਾਰੀਆਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਇੱਥੇ ਕੰਮ ਕਰ ਰਹੇ ਹਨ ਪਰ ਕੁਝ ਲੋਕ ਨਾਜਾਇਜ਼ ਤੌਰ ਤੇ ਜਗ੍ਹਾ ਤੇ ਕਬਜ਼ਾ ਕਰਨਾ ਚਾਹੁੰਦੇ ਹਨ । ਦੁਕਾਨਦਾਰਾਂ ਨੇ ਸ਼ੱਕ ਜ਼ਾਹਰ ਕੀਤਾ ਕਿ ਇਨ੍ਹਾਂ ਕਬਜ਼ਾ ਕਰਨ ਵਾਲੇ ਅਨਸਰਾਂ ਨੂੰ ਕਥਿਤ ਸਿਆਸੀ ਸ਼ਹਿ ਹਾਸਲ ਹੈ । ਪ੍ਰਧਾਨ ਸੋਨੂੰ ਅਰੋੜਾ ਨੇ ਦੱਸਿਆ ਕਿ ਕਿ ਮਾਰਕੀਟ ਕਮੇਟੀ ਦੇ ਸਕੱਤਰ ਨੇ ਭਰੋਸਾ ਦਿਵਾਇਆ ਹੈ ਕਿ ਉਹ ਕਬਜ਼ਾ ਖਤਮ ਕਰਵਾਉਣਗੇ ।ਉਨ੍ਹਾਂ ਆਖਿਆ ਕਿ ਜੇਕਰ ਸੋਮਵਾਰ ਤੱਕ ਕਬਜ਼ਾ ਖਤਮ ਨਾ ਕਰਵਾਇਆ ਤਾਂ ਮੰਡੀ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਵੇਗੀ ।ਉਨ੍ਹਾਂ ਆਖਿਆ ਮੰਡੀ ਵਿੱਚ ਕਾਰੋਬਾਰੀ ਸ਼ਾਂਤਮਈ ਢੰਗ ਨਾਲ ਆਪੋ ਆਪਣਾ ਵਪਾਰ ਕਰ ਰਹੇ ਹਨ ਪਰ ਕੁਝ ਲੋਕ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ।ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਨੇ ਅਜਿਹੇ ਲੋਕਾਂ ਨੂੰ ਫੌਰੀ ਤੌਰ ਤੇ ਨੱਥ ਪਾਵੇ ਤਾਂ ਜੋ ਮੰਡੀ ਦਾ ਮਾਹੌਲ ਖਰਾਬ ਨਾ ਹੋਵੇ ।ਉਧਰ ਮੰਡੀ ਵਿੱਚ ਹੋਈ ਇਸ ਗੜਬੜ ਦਾ ਪਤਾ ਲੱਗਦਿਆਂ ਸਕੱਤਰ ਮਾਰਕੀਟ ਕਮੇਟੀ ਬਲਕਾਰ ਸਿੰਘ ਮੌਕੇ ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ ਤੇ ਕਬਜ਼ਾ ਹਟਵਾ ਦਿੱਤਾ ।ਸਕੱਤਰ ਮਾਰਕੀਟ ਕਮੇਟੀ ਬਲਕਾਰ ਸਿੰਘ ਦਾ ਕਹਿਣਾ ਸੀ ਕਿ ਇੱਕ ਵਾਰ ਕਬਜ਼ਾ ਖ਼ਤਮ ਕਰਵਾ ਦਿੱਤਾ ਗਿਆ ਹੈ ।ਉਨ੍ਹਾਂ ਆਖਿਆ ਕਿ ਕਿਸੇ ਵੀ ਵਿਅਕਤੀ ਨੂੰ ਨਾਜਾਇਜ਼ ਤੌਰ ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਏਗਾ ।