ਅਸ਼ੋਕ ਵਰਮਾ
ਬਠਿੰਡਾ ,21 ਜਨਵਰੀ 2020 - ਅੱਜ ਇੱਥੇ ਸਥਾਨਕ ਟੀਚਰਜ ਹੋਮ ਵਿਖੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਬਠਿੰਡਾ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਦੀ ਅਗਵਾਈ ਵਿੱਚ ਹੋਈ । ਜਿਸ ਵਿੱੱਚ ਅਧਿਆਪਕਾਂ ਦੀਆਂ ਮੰਗਾਂ ਮੰਨਣ ਸਬੰਧੀ ਪੰਜਾਬ ਸਰਕਾਰ ਵੱਲੋਂ ਧਾਰੀ ਚੁੱਪ ਦੇ ਖਿਲਾਫ਼ ਡੀ .ਟੀ.ਅੈੱਫ ਦੀ ਸੂਬਾ ਕਮੇਟੀ ਵੱਲੋਂ ਐਲਾਨੇ 8 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਹਲਕੇ ਸੰਗਰੂਰ ਵਿਖੇ ਕੀਤੀ ਜਾ ਰਹੀ ਰੋਸ਼ ਰੈਲੀ ਅਤੇ ਮੁਜਾਹਰੇ ਦੀਆਂ ਤਿਆਰੀਆਂ ਨਾਲ ਸੰਬੰਧਤ ਜ਼ਿਲੇ ਅੰਦਰ ਸਰਗਰਮੀ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਜਿਲ੍ਹਾ ਪ੍ਰਧਾਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਰਕਾਰ ਸਰਕਾਰੀ ਸਕੂਲਾਂ ਵਿਚੋਂ ਸਰਕਾਰ ਰੈਸ਼ਨੇਲਾਈਜੇਸਨ ਜ਼ਰੀਏ ਪੋਸਟਾਂ ਦਾ ਭੋਗ ਪਾ ਰਹੀ ਹੈ ਜਿਸ ਨਾਲ ਜਿੱਥੇ ਨਵੀਂ ਭਰਤੀ ਤੇ ਬਰੇਕ ਲੱਗੇਗੀ।
ਉੱਥੇ ਸਕੂਲਾਂ ਅੰਦਰ ਅਧਿਆਪਕਾਂ ਨੂੰ ਦੂਰ ਦੁਰਾਡੇ ਭੇਜ ਕੇ ਮਾਨਸਿਕ ਪ੍ਰੇਸ਼ਾਨ ਕੀਤਾ ਜਾਵੇਗਾ। ਓਹਨਾ ਕਿਹਾ ਕਿ ਮਿਸ਼ਨ ਸਤ ਪ੍ਰਤੀਸ਼ਤ , ਸਮਾਰਟ ਸਕੂਲ ਬਨਾਉਣ ,ਰੋਜ਼ਾਨਾ ਦੀਅਾਂ ਨਵੀਆਂ ਡਾਕਾਂ , ਬੇਲੋੜੇ ਪ੍ਰੋਜੈਕਟਾਂ ਨੇ ਸਕੂਲੀ ਸਿੱਖਿਆ ਨੂੰ ਲੀਹੋਂ ਲਾਹ ਕੇ ਰੱਖ ਦਿੱਤਾ ਹੈ। ਇਸ ਦਾ ਖਮਿਆਜ਼ਾ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ ।ਸਾਡੇ ਸਿੱਖਿਆ ਅਧਿਕਾਰੀ ਇਸ ਨੂੰ ਆਪਣੀਆਂ ਪ੍ਰਾਪਤੀਆਂ ਦੱਸ ਕੇ ਦਗਮਗੇ ਵਜਾ ਰਹੇ ਹਨ । ਡੀ.ਟੀ.ਅੈੱਫ ਦੇ ਸੂਬਾ ਆਗੂ ਨਵਚਰਨਪ੍ਰੀਤ ,ਜਸਵਿੰਦਰ ਸਿੰਘ ਬਠਿੰਡਾ ਅਤੇ ਜ਼ਿਲ੍ਹਾ ਸਕੱਤਰ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਰਕਾਰ ਦਾ ਅਸਲ ਮਕਸਦ ਸਰਕਾਰੀ ਸਕੂਲਾਂ ਨੂੰ ਕਾਰਪੋਰੇਟ ਘਰਾਣਿਆਂ ਅਤੇ ਪ੍ਰਾਈਵੇਟ ਹੱਥਾਂ ਵਿੱੱਚ ਦੇ ਕੇ ਮੁਫਤ ਅਤੇ ਲਾਜ਼ਮੀ ਸਿੱਖਿਆ ਦੇ ਵਿਦਿਆਰਥੀਆਂ ਦੇ ਅਧਿਕਾਰ ਨੂੰ ਖਤਮ ਕਰਨ ਤੇ ਤੁਲੀ ਹੋਇ ਹੈ। ਲੋਕ ਪਹਿਲਾਂ ਹੀ ਆਰਥਿਕ ਨੀਤੀਆਂ ਦੇ ਹੱਲਿਆਂ ਅਤੇ ਮਹਿੰਗਾਈ ਦੀ ਮਾਰ 'ਚ ਪਿਸ ਰਹੇ ਹਨ । ਓਹਨਾਂ ਕਿਹਾ ਕਿ ਰੈਸ਼ਨਲਾਈਜ਼ੇਸ਼ਨ ਜ਼ਰੀਏ ਲਗਾਤਾਰ ਸਕੂਲਾਂ ਵਿਚੋਂ ਪੋਸਟਾਂ ਖ਼ਤਮ ਕੀਤੀਆਂ ਜਾ ਰਹੀਆਂ ਹਨ। ਅਧਿਆਪਕ ਰਾਹੀਂ ਜਬਰੀ ਲੋਕਾਂ ਤੋਂ ਪੈਸੇ ਇਕੱਠੇ ਕਰ ਕੇ ਸਮਾਰਟ ਸਕੂਲ ਬਨਾਏ ਜਾ ਰਹੇ ਹਨ ਤਾਂ ਜੋ ਪ੍ਰਾਈਵੇਟ ਕੰਪਨੀਆਂ ਨੂੰ ਸੌਂਪੇ ਜਾ ਸਕਣ।
ਸਕੂਲੀ ਸਿਲੇਬਸ ਨੂੰ ਤਿਲਾਂਜਲੀ ਦੇ ਕੇ ਪ੍ਰੋਜੈਕਟਾਂ ਅਤੇ ਤਜਰਬਿਆਂ ਜ਼ਰੀਏ ਸਿੱਖਿਆ ਦਾ ਮਨੋਰਥ ਹੀ ਬਦਲਿਆ ਜਾ ਰਿਹਾ ਹੈ ਅਤੇ ਸ਼ਤ ਪ੍ਰਤੀਸ਼ਤ ਦੇ ਗੈਰਕੁਦਰਤੀ ਅਤੇ ਗੈਰ ਮਨੋਵਿਗਿਆਨਿਕ ਮਿਸ਼ਨ ਤੇ ਜੋਰ ਦੇ ਕੇ ਵਿਦਿਅਰਥੀਆਂ ਅਤੇ ਅਧਿਆਪਕਾਂ ਤੇ ਮਾਨਸਿਕ ਬੋਝ ਲੱਦਿਆ ਜਾ ਰਿਹਾ ਹੈ। ਜੋ ਸਾਡੇ ਸਮਾਜ ਲਈ ਅਗਲੇ ਸਮਿਆਂ ਅੰਦਰ ਘਾਤਕ ਸਾਬਤ ਹੋਵੇਗਾ । ਓਹਨਾਂ ਕਿਹਾ ਸਰਕਾਰ ਦੀਆਂ ਇਹਨਾਂ ਗਲਤ ਨੀਤੀਆਂ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ 08 ਫਰਵਰੀ ਦੀ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਹਲਕੇ ਸੰਗਰੂਰ ਵਿਖੇ ਰੋਹ ਭਰਪੂਰ ਰੈਲੀ ਕੀਤੀ ਜਾਵੇਗੀ। ਜਿਸ ਦੇ ਲਈ ਵੱਖ ਵੱਖ ਬਲਾਕਾਂ ਅੰਦਰ 08 ਫਰਵਰੀ ਦੀ ਰੈਲੀ ਨੂੰ ਸਫਲ ਬਨਾਉਣ ਲਈ ਟੀਮਾਂ ਦਾ ਗਠਨ ਕਰ ਦਿੱਤਾ ਹੈ। ਇਹ ਟੀਮਾਂ ਅਧਿਆਪਕਾਂ ਨੂੰ ਮੀਟਿੰਗਾਂ , ਹੱਥ ਪਰਚਿਆਂ , ਡੋਰ ਟੂ ਡੋਰ ਸੰਪਰਕ ਮੁਹਿੰਮ ਜ਼ਰੀਏ ਸਰਕਾਰ ਦੀਅਾਂ ਨੀਤੀਆਂ ਦੀ ਪੋਲ ਖੋਲਣਗੀਆਂ ਅਤੇ ਸੰਗਰੂਰ ਰੈਲੀ ਵਿੱੱਚ ਸ਼ਮਲ ਹੋਣ ਲਈ ਲਾਮਬੰਦ ਵੀ ਕਰਨਗੀਆਂ । ਵਫ਼ਦ ਵਿੱਚ ਬਲਾਕ ਤਲਵੰਡੀ ਸਾਬੋ ਦੇ ਪ੍ਰਧਾਨ ਭੋਲਾ ਰਾਮ, ਬਲਾਕ ਸੰਗਤ ਦੇ ਪ੍ਰਧਾਨ ਰਤਨਜੋਤ ਸ਼ਰਮਾ, ਬਲਾਕ ਰਾਮਪੁਰਾ ਦੇ ਪ੍ਰਧਾਨ ਨਵਚਰਨਪ੍ਰੀਤ, ਬਲਾਕ ਬਠਿੰਡਾ ਦੇ ਪ੍ਰਧਾਨ ਭੁਪਿੰਦਰ ਸਿੰਘ ਮਾਈਸਰਖਾਨਾ, ਬਲਾਕ ਗੋਨਿਆਣਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਵਿਰਕ , ਬਲਾਕ ਮੌੜ ਦੇ ਮੀਤ ਪ੍ਰਧਾਨ ਗੁਰਜੀਤ ਸਿੰਘ , ਬਲਾਕ ਭਗਤਾ ਦੇ ਸਕੱਤਰ ਸੁਖਦੇਵ ਕਲਿਆਣ ਸਮੇਤ ਜ਼ਿਲ੍ਹਾ ਸਹਾਇਕ ਸਕੱਤਰ ਗੁਰਪ੍ਰੀਤ ਖੇਮੂਆਣਾ , ਜ਼ਿਲਾ ਵਿੱਤ ਸਕੱਤਰ ਬਲਵਿੰਦਰ ਸ਼ਰਮਾ , ਜ਼ਿਲ੍ਹਾ ਕਮੇਟੀ ਮੈਂਬਰ ਬਲਜਿੰਦਰ ਕੌਰ, ਜਸਵਿੰਦਰ ਸਿੰਘ ਬਾਕਸਰ , ਹਰਮਿੰਦਰ ਸਿੰਘ ਗਿੱਲ , ਸਮੇਤ ਅਧਿਆਪਕ ਗੁਰਬਾਜ਼ ਸਿੰਘ , ਰਾਮ ਸਿੰਘ ਨਹੀਆਂਵਾਲ਼ਾ,ਮੈਡਮ ਗੁਰਸ਼ਰਨ ਕੌਰ, ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ ।